ਕਤੀੜ
ਨੀ ਕਾਂਤਾ………
ਨੀ ਕਾਂਤਾ………
ਆਈ ਬੀਜੀ, ਕਹਿਕੇ ਉਹ ਫਟਾਫਟ ਘੇਵਰ ਤੇ ਫੇਨੀਆਂ ਆਲੇ ਡਿੱਬੇ ਬੈਗ ਵਿੱਚ ਪਾਉਣ ਲੱਗੀ। ਉਸੇ ਬੈਗ ਵਿੱਚ ਉਸਨੇ ਭੱਠ ਆਲੇ ਬਿਸਕੁਟਾਂ ਦੇ ਤਿੰਨ ਚਾਰ ਪੈਕਟ ਵੀ ਪਾ ਦਿੱਤੇ। ਪਾਉਂਦੀ ਪਾਉਂਦੀ ਉਹ ਕਮਰੇ ਦੇ ਗੇਟ ਵੱਲ ਵੀ ਚੋਰ ਅੱਖ ਨਾਲ ਝਾਕ ਲੈਂਦੀ।ਕਲ੍ਹ ਉਸ ਨੇ ਆਪਣੀ ਡਾਕਟਰ ਬੇਟੀ ਨੂੰ ਸੰਧਾਰਾ ਜੋ ਭੇਜਣਾ ਸੀ । ਚਾਹੇ ਉਹਨਾ ਦੇ ਸੰਧਾਰਾ ਭੇਜਣ ਦਾ ਰਿਵਾਜ ਨਹੀ ਸੀ ਪਰ ਇੱਕ ਮਾਂ ਹੋਣ ਕਰਕੇ ਉਸ ਦੀ ਰੀਝ ਸੀ। ਫਿਰ ਉਸ ਨੇ ਧੀ ਜੁਆਈ ਦੇ ਸੂਟ ਆਲੇ ਲਿਫਾਫੇ ਦੇ ਨਾਲ ਕੁੜੀ ਦੀ ਸੱਸ ਦੇ ਸੂਟ ਆਲਾ ਲਿਫਾਫਾ ਵੀ ਪਾ ਦਿੱਤਾ। ਦੋਹਤੀ ਦਾ ਨਿੱਕ ਸੁੱਕ ਵੀ ਉਸਨੇ ਬੈਗ ਅਤੇ ਲਿਫਾਫੇ ਵਿੱਚ ਪਾ ਕੇ ਬਾਹਰ ਨੂ ਆ ਗਈ।
ਨਾਲ ਦੇ ਕਮਰੇ ਚ ਬੈਠੀ ਬੀਜੀ ਨੂੰ ਪਤਾ ਸੀ ਕਿ ਕਲ੍ ਨੂੰ ਸੰਧਾਰਾ ਭੇਜਣਾ ਹੈ। ਉਸਨੂੰ ਯਾਦ ਆਇਆ ਕਿ ਉਸਨੇ ਕਦੇ ਆਪਣੀ ਧੀ ਲਈ ਇਹ ਕੁਝ ਨਹੀ ਸੀ ਕੀਤਾ ਪਰ ਜਦੋ ਤੱਕ ਉਸਦੇ ਪਿਤਾ ਜੀ ਜਿੰਦਾ ਰਹੇ ਉਹ ਧੀ ਅਤੇ ਦੋਹਤਿਆਂ ਲਈ ਭੱਠ ਆਲੇ ਬਿਸਕੁਟ ਬਿਨਾ ਨਾਗਾ ਭੇਜਦੀ ਰਹੀ। ਪਰ ਹੁਣ ਉਹ ਗੱਲਾਂ ਕਿੱਥੇ? ਉਸਦੇ ਦਿਲ ਵਿੱਚ ਆਇਆ ਕਿ ਇਸ ਵਾਰੀ ਉਹ ਵੀ ਬਿਸਕੁਟ ਤਾਂ ਜਰੂਰ ਭੇਜੂਗੀ। ਚਾਹੇ ਸੋ ਰੁਪਈਆ ਲੱਗਦਾ ਹੈ ਤਾਂ ਲੱਗਜੇ।
ਹਾਂ ਬੋਲੋ ਬੀਜੀ….. ਮੈਂ ਕਪੜੇ ਤੈਹ ਕਰਦੀ ਸੀ ਮਖਿਆ ਚਾਰ ਕੁ ਰਹਿੰਦੇ ਹਨ ਫਿਰ ਬੀਜੀ ਦੀ ਗੱਲ ਸੁਣਦੀ ਹਾਂ।
ਕੁਝ ਨਹੀ ਮਖਾਂ ਆਹ ਬੂਹਾ ਭੇੜ ਦੇ ਕੋਈ ਕਤੀੜ ਅੰਦਰ ਆਜੂਗੀ। ਨੂੰਹ ਦਾ ਮੂਡ ਵੇਖਕੇ ਬੀਜੀ ਨੇ ਗੱਲ ਬਦਲ ਲਈ ਤੇ ਚਿੱਟੀ ਚੁੰਨੀ ਦਾ ਪੱਲਾ ਮੂੰਹ ਤੇ ਲੈਕੇ ਸੋਣ ਦੀ ਕੋਸਿaਸ ਕਰਨ ਲੱਗੀ।
ਰਮੇਸ ਸੇਠੀ ਬਾਦਲ
ਮੋ 98 766 27 233