29 ਅਕਤੂਬਰ 2003 ਦੀ ਗੱਲ ਹੈ। ਮੈਂ ਦਫਤਰ ਵਿੱਚ ਬੈਠਾ ਸੀ।
“ਬੇਟਾ ਕਹਿੰਦੇ ਤੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ।” ਇਹ ਫੋਨ ਮੇਰੀ ਮਾਤਾ ਜੀ ਦਾ ਸੀ। ਜੋ ਉਸਨੇ ਘਰੋਂ ਲੈਂਡ ਲਾਈਨ ਤੋਂ ਕੀਤਾ ਸੀ।
“ਹੁਣੇ ਆਇਆ।” ਕਹਿਕੇ ਮੈਂ ਕਾਹਲੀ ਨਾਲ ਫੋਨ ਕੱਟ ਦਿੱਤਾ।
“ਮੈਡਮ ਜੀ ਮੇਰੇ ਪਾਪਾ ਜੀ ਦਾ ਐਕਸੀਡੈਂਟ ਹੋ ਗਿਆ ਹੈ ਮੈਂ ਘਰ ਚੱਲਿਆ ਹਾਂ।” ਮੈਂ ਸੰਸਥਾ ਮੁੱਖੀ ਮੈਡਮ ਜਗਦੀਸ਼ ਕੌਰ ਸਿੱਧੂ ਨੂੰ ਇੰਟਰਕਾਮ ਕਰਕੇ ਸੂਚਿਤ ਕੀਤਾ।
“ਠੀਕ ਹੈ ਜਾਓ। ਜਰਾ ਸੰਭਲਕੇ ਜਾਣਾ। ਕਾਹਲੀ ਨਹੀਂ ਕਰਨੀ।” ਮੈਡਮ ਨੇ ਤਰੁੰਤ ਫੁਰਤੀ ਨਾਲ ਜਬਾਬ ਦਿੱਤਾ।
“ਸੇਠੀ ਇਕੱਲੇ ਨਾ ਜਾਇਓ। ਮੈਂ ਨਾਲ ਗੁਰਮੇਲ ਯ ਭੂਸ਼ਣ ਨੂੰ ਭੇਜ ਦਿੰਦੀ ਹਾਂ।”
ਮੈਡਮ ਨੇ ਦੁਬਾਰਾ ਫੋਨ ਕਰਕੇ ਮੈਨੂੰ ਕਿਹਾ। ਮੈਨੂੰ ਮੈਡਮ ਦਾ ਵਿਹਾਰ ਬਹੁਤ ਚੰਗਾ ਲੱਗਿਆ। ਇੰਨਾ ਫਿਕਰ ਕਰਨਾ ਅਤੇ ਅੱਗੇ ਦਾ ਸੋਚਣਾ ਤੇਜ਼ ਦਿਮਾਗ ਦੀ ਗੱਲ ਸੀ।
“ਨਹੀਂ ਮੈਡਮ ਕੇਰਾਂ ਮੈਂ ਇਕੱਲਾ ਹੀ ਚੱਲਿਆ ਹਾਂ ਜੇ ਕੋਈਂ ਲੋੜ ਹੋਈ ਤਾਂ ਫੋਨ ਕਰ ਦੇਵਾਂਗਾ।” ਇੰਨਾ ਕਹਿਕੇ ਮੈਂ ਇੰਟਰਕਾਮ ਰੱਖ ਦਿੱਤਾ ਅਤੇ ਮੈਂ ਮੰਡੀ ਆ ਗਿਆ। ਮੇਰੇ ਓਥੋਂ ਚਲਦੇ ਸਾਰ ਹੀ ਮੈਡਮ ਨੇ ਸਟਾਫ ਦੇ ਜ਼ਰੀਏ ਸ਼ਹਿਰ ਫੋਨ ਕਰਵਾਕੇ ਸਾਰੀ ਸਥਿਤੀ ਦਾ ਪਤਾ ਕੀਤਾ। ਰਿਪੋਰਟ ਮਾੜੀ ਹੀ ਸੀ। ਪਾਪਾ ਜੀ ਜਾ ਚੁੱਕੇ ਸਨ। ਉਹਨਾਂ ਨੂੰ ਪੋਸਟ ਮਾਰਟਮ ਲਈ ਸ਼ਹਿਰ ਦੇ ਸਰਕਰੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਮੇਰੇ ਹਸਪਤਾਲ ਪਹੁੰਚਣ ਦੇ ਥੌੜੇ ਸਮੇਂ ਬਾਅਦ ਹੀ ਮੇਰੇ ਦੂਸਰੇ ਸਹਿਕਰਮੀ ਵੀ ਓਥੇ ਪਹੁੰਚ ਗਏ।
ਕਿਸੇ ਗਏ ਨੂੰ ਮੋੜਕੇ ਵਾਪਿਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਦੁੱਖ ਦੀ ਘੜੀ ਵਿੱਚ ਆਪਣਿਆਂ ਦਾ ਬਹੁਤ ਸਹਾਰਾ ਹੁੰਦਾ ਹੈ। ਇਸ ਸਾਥ ਅਤੇ ਹਮਦਰਦੀ ਨਾਲ ਦੁੱਖ ਘੱਟ ਜਾਂਦਾ ਹੈ। ਮੈਨੂੰ ਮੈਡਮ ਸਿੱਧੂ ਦਾ ਉਹ ਸਾਕਾਰਾਤਮਿਕ ਰੋਲ ਕਦੇ ਨਹੀਂ ਭੁੱਲਦਾ। ਇੰਨਾ ਕੁਇੱਕ ਐਕਸ਼ਨ ਅਤੇ ਲੰਮੀ ਸੋਚ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤਰੁੰਤ ਫੈਸਲਾ ਲੈਣਾ ਵੀ ਚੰਗੀ ਐਡਮੀਨਸਟ੍ਰੇਸ਼ ਦਾ ਹਿੱਸਾ ਹੁੰਦਾ ਹੈ। “ਮੈਂ ਕਹਿੰਦੀ ਸੀ” “ਮੈਂ ਕਹਿੰਦੀ ਸੀ।” ਕਹਿਕੇ ਗੱਲ ਲਮਕਾਉਣ ਨਾਲ ਗੱਡੀ ਨਿਕਲ ਜਾਂਦੀ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ