#ਇਹੋ_ਹਮਾਰਾ_ਜੀਵਣਾ
ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਕੋਈਂ ਬਿਨਾਂ ਕਿਸੇ ਲਾਲਚ ਦੇ ਸਾਥ ਦਿੰਦਾ ਸੀ। ਕੋਈਂ ਕਿਸੇ ਨਾਲ ਦੋਸਤ ਦੀ ਭੈਣ ਦੇ ਸੋਹਰੇ ਚਲੇ ਜਾਂਦਾ। ਦੋ ਤਿੰਨ ਦੋਸਤ ਭੂਆ ਕੋਲੇ ਕੁਝ ਦਿਨ ਲਾ ਆਉਂਦੇ। ਕੋਈਂ ਖੇਤ ਰੋਟੀ ਫੜਾਉਣ ਜਾਂਦਾ ਪੈਦਲ ਤਾਂ ਨਾਲਦਾ ਵੀ ਨਾਲ ਹੀ ਤੁਰ ਪੈਂਦਾ। ਪਤਾ ਨਹੀਂ ਲੋਕ ਵਹਿਲੇ ਸਨ ਯ ਦਿਲ ਵਿੱਚ ਮੈਲ ਨਹੀਂ ਸੀ। ਇਹ ਆਮ ਵਰਤਾਰਾ ਸੀ। ਬਿਮਾਰੀਆਂ ਘੱਟ ਸਨ ਤੇ ਇਲਾਜ ਵੀ ਦੇਸੀ ਸਨ। ਗਲੀਆਂ ਵਿੱਚ “ਕੰਨਾਂ ਚੋਂ ਮੈਲ ਕਢਾਲੋ ਜੋਕਾਂ ਲਗਵਾਲੋ” ਲੋਕ ਗੋਡੇ ਗਿੱਟਿਆਂ ਦਾ ਗੰਦਾ ਖੂਨ ਕਢਵਾਉਣ ਲਈ ਜੋਕਾਂ ਲਗਵਾਉਂਦੇ। ਉਹ ਬੰਦੇ ਦਾ ਗੰਦਾ ਖੂਨ ਚੂਸਦੀਆਂ। ਫਿਰ ਉਹੀ ਬੰਦਾ ਕੰਨਾਂ ਦੀ ਮੈਲ ਵੀ ਕੱਢ ਦਿੰਦਾ। ਇੱਕ ਸਰੋਂ ਵਰਗੀ ਜਿਨਸ ਹੁੰਦੀ ਸੀ ਜਿਸ ਨੂੰ ਸ਼ਾਇਦ ਹਲੋਂ ਆਖਦੇ ਸੀ। ਸਰੀਰ ਦਾ ਦਰਦ ਚੂਸਣ ਲਈ ਉਸਦਾ ਲੇਪ ਕਰਦੇ। ਬੜੀ ਕਾਰਗਰ ਹੁੰਦੀ ਸੀ। ਕਿਸੇ ਫੋੜੇ, ਫੁੰਸੀ, ਗੜ੍ਹ ਨੂੰ ਪਕਾਉਣ ਲਈ ਸਾਬੁਣ ਲੱਸਣ ਯ ਰਾਏ ਚਿੱਬੜ ਦਾ ਖੋਲ੍ਹ ਚੜਾਉਂਦੇ। ਇਹੀ ਇਲਾਜ ਸੀ। ਅੱਖ ਦੇ ਨਿਕਲੀ ਫੁੰਸੀ ਦੇ ਸੰਦੂਰ ਵੀ ਲਾ ਲੈਂਦੇ। ਖੈਰ ਉਹਨਾਂ ਦਿਨਾਂ ਵਿੱਚ ਪਿੱਤ ਵੀ ਬਹੁਤ ਨਿਕਲਦੀ ਸੀ। ਕੋਈਂ ਟੇਲਕਮ ਪਾਊਂਡਰ ਨਹੀਂ ਸੀ ਹੁੰਦਾ ਗਾਚਣੀ ਦਾ ਲੇਪ ਕਰਦੇ। ਆਰਾਮ ਆ ਜਾਂਦਾ। ਔਰਤਾਂ ਚੀਕਣੀ ਮਿੱਟੀ ਅਤੇ ਰੋੜ ਆਮ ਹੀ ਖਾਂਦੀਆਂ। ਹਜ਼ਮ ਹੋ ਜਾਂਦੇ ਸਨ। ਧਰਨ ਹਸਲੀ ਢੁਡਰੀ ਦਾ ਇਲਾਜ ਸਿਆਣੀਆਂ ਔਰਤਾਂ ਕਰ ਦਿੰਦੀਆਂ ਸਨ। ਮੇਰੇ ਸਾਰੇ ਸਰੀਰ ਤੇ ਧੱਫੜ ਹੋ ਜਾਂਦੇ ਸਨ। ਕਿਸੇ ਨੇ ਦੱਸਿਆ ਕਿ ਜੁਲਾਹਿਆਂ ਦੇ ਬੁਰਸ਼ ਜਿਸਨੂੰ ਬੁਰਸ਼ ਯ ਕੁੱਚ ਆਖਦੇ ਸਨ ਫੇਰਨ ਨਾਲ ਅਰਾਮ ਆ ਜਾਵੇਗਾ। ਤੇ ਇਹੀ ਹੋਇਆ। ਮੁੜਕੇ ਮੇਰੇ ਧਫੜ ਯਾਨੀ ਸਿਰਖੋਈ ਨਹੀਂ ਹੋਈ।
ਉਹ ਜ਼ਮਾਨਾ ਵਧੀਆ ਸੀ ਕੋਈਂ ਸਾਬੁਣ ਨਹੀਂ ਸੀ ਲਾਉਂਦਾ ਬਹੁਤੇ ਬਿਨਾਂ ਸਾਬੁਣ ਤੋਂ ਹੀ ਨਹਾਉਂਦੇ ਸ਼ਨ। ਕਿੱਕਰ ਟਾਹਲੀ ਨਿੰਮ ਆਦਿ ਦੀ ਦਾਤੂਨ ਨਿਆਮਤ ਸੀ ਅਤੇ ਔਰਤਾਂ ਲਈ ਦੰਦਾਸਾ। ਓਦੋਂ ਤਾਂ ਟਮਾਟਰ ਸਬਜ਼ੀ ਨਹੀਂ ਫਲ ਹੁੰਦਾ ਸੀ। ਤੇ ਫਲ ਬ੍ਰੈਡ ਸਿਰਫ ਬਿਮਾਰਾਂ ਲਈ ਹੁੰਦੇ ਸਨ। ਮਲ੍ਹਿਆਂ ਦੇ ਬੇਰ ਪੀਲਾਂ ਜਵਾਰ ਦੇ ਗੰਨੇ ਛੋਲੂਆ ਪੇਂਦੂ ਬੇਰ ਹੀ ਫਲ ਹੁੰਦੇ ਸਨ।
ਇਹੋ ਹਮਾਰਾ ਜੀਵਣਾ ਸੀ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ