ਪਹਿਲੋਂ ਲੱਗਦਾ ਸੀ ਵਕਤੀ ਰੌਲਾ ਏ ਪਰ ਹੁਣ ਗੱਲ ਵਾਕਿਆ ਹੀ ਦੂਰ ਤੀਕਰ ਜਾ ਅੱਪੜੀ..ਸਿੱਧੂ ਵੀਰ..ਸ਼ਹੀਦੀ ਪਹਿਰੇ ਅਤੇ ਕਲਾ ਵਰਤਣ ਦੀ ਗੱਲ ਕਰਦਾ ਤਾਂ ਠਿੱਠ ਮੌਜੂ ਬਣਾਇਆ ਜਾਂਦਾ..ਜਿਆਦਾਤਰ ਆਪਣੇ ਹੀ ਬਣਾਉਂਦੇ..ਅੱਜ ਵੇਖ ਲਵੋ ਵਾਕਿਆ ਹੀ ਵਰਤ ਰਹੀ ਏ..ਸਾਰੀ ਕਾਇਨਾਤ ਅੰਦਰ..ਕੋਈ ਉਚੇਚਾ ਸਮਾਗਮ ਸਮਾਰੋਹ ਨਹੀਂ ਕਰਨਾ ਪਿਆ..ਮਹੱਤਵਪੂਰਨ ਦੁਨਿਆਵੀ ਪਲੇਟਫਾਰਮਾਂ ਤੇ ਅਚਨਚੇਤ ਹੀ ਵਾਪਰ ਗਈ..!
ਕੱਲ ਇੱਕ ਲੇਬਨਾਨੀ ਮਿਲਿਆ..ਕਹਿੰਦਾ ਹੈਰਾਨੀ ਇਸ ਗੱਲ ਵਿਚ ਨਹੀਂ ਕੇ ਸਾਡੇ ਪ੍ਰਧਾਨ ਨੇ ਇਹ ਮੁੱਦਾਂ ਚੁੱਕਿਆ..ਹੈਰਾਨੀ ਇਹ ਹੈ ਕੇ ਤੁਸੀਂ ਥੋੜੇ ਜਿਹੇ ਪੱਗਾਂ ਵਾਲੇ ਹਜਾਰਾਂ ਕਿਲੋਮੀਟਰ ਦੂਰ ਆ ਕੇ ਆਪਣੀ ਪਛਾਣ ਕਿੱਦਾਂ ਬਣਾ ਗਏ..ਕਿਸੇ ਹੋਰ ਤੋਂ ਤਾਂ ਬਣੀ ਨਹੀਂ!
ਫੇਰ ਸਵੈ ਚਿੰਤਨ ਲਈ ਗੱਡੀ ਪਾਸੇ ਲਾ ਲਈ..ਵਾਕਿਆ ਹੀ ਅੱਜ ਹਰ ਪਾਸੇ ਖਾਲਸਾ ਰਾਜ ਦੀ ਗੱਲ ਹੋ ਰਹੀ..ਹਿੰਦੁਸਤਾਨ ਦੇ ਧੱਕਿਆ ਦੀ ਗੱਲ..ਚਾਹ ਵਾਲੇ ਦੇ ਖਿਲਾਰੇ ਹੋਏ ਝੱਲ ਦੀ ਗੱਲ..!
ਅਗਲੇ ਸੋਨੇ ਚਾਂਦੀ ਦੇ ਭਾਂਡਿਆਂ ਵਿਚ ਖਾ ਪੀ ਕੇ ਅਗਾਂਹ ਹੋਏ ਤੇ ਮਗਰੋਂ ਪਿੰਡ ਦੀ ਜੂਹ ਵੀ ਨਹੀਂ ਟੱਪੀ ਕੇ ਸੱਚ ਬੋਲ ਦਿੱਤਾ..ਅਗਲੇ ਮੂੰਹ ਤੇ ਨਹੀਂ ਆਖਦੇ ਪਰ ਮੂੰਹ ਤੇ ਹੱਸਦੇ ਜਰੂਰ ਨੇ..ਸਾਡੀ ਲੱਗਦੀ ਕਿਸੇ ਨਾ ਵੇਖੀ ਟੁੱਟਦੀ ਨੂੰ ਜਗ ਜਾਣਦਾ..!
ਪਰ ਲੁਧਿਆਣਿਓਂ ਕਾਰੋਬਾਰੀ ਬੱਤਰਾ ਸਾਬ..ਗਿਲਾ ਕਰਨ ਲੱਗੇ..ਚੰਗੇ ਭਲੇ ਕਾਰੋਬਾਰ ਲੀਹੇ ਪਾਏ ਸਨ ਹੁਣ ਆਹ ਸ਼ੋਸ਼ਾ ਛੇੜ ਦਿੱਤਾ..ਸਾਡੇ ਪੁੱਤ ਨੇ ਵੀ ਆਉਣਾ ਸੀ ਕਲਾਸਾਂ ਲਾਉਣ..ਉਹ ਵੀ ਏਧਰ ਡੱਕਿਆ ਗਿਆ..!
ਰਾਜੇ ਵਾਲੀ ਗੱਲ ਚੇਤੇ ਆ ਗਈ..ਅਣਖ ਵਾਲਾ ਕਰੰਟ ਜਾਨਣ ਲਈ ਸ਼ਹਿਰੋਂ ਬਾਹਰ ਨਾਕੇ ਲਵਾ ਦਿੱਤੇ..ਲੰਘਦੇ ਆਉਂਦੇ ਦੇ ਪੰਜ ਪੰਜ ਛਿੱਤਰ ਮਾਰੋ ਤੇ ਦੱਸੋ ਕਿਹੜਾ ਵਿਰੋਧ ਕਰਦਾ..!
ਕੁਝ ਦਿਨਾਂ ਬਾਅਦ ਜਨਤਾ ਮਹਿਲ ਦੇ ਬਾਹਰ ਇਕੱਠੀ ਹੋ ਗਈ ਅਖ਼ੇ ਵਿਨਤੀ ਕਰਨ ਆਏ ਹਾਂ ਕੇ ਛਿੱਤਰ ਮਾਰਨ ਵਾਲੇ ਸਿਪਾਹੀਆਂ ਦੀ ਗਿਣਤੀ ਵਧਾਈ ਜਾਵੇ..ਆਪਣੀ ਵਾਰੀ ਉਡੀਕਦਿਆਂ ਕੰਮਾਂ ਕਾਰਾਂ ਤੋਂ ਕੁਵੇਲਾ ਹੋ ਜਾਂਦਾ..!
ਗੋਦੀ ਮੀਡਿਆ ਸਰਜੀਕਲ ਸਟ੍ਰਾਈਕ ਊੜੀ ਬਰਮਾ ਮੇਜਰ ਆਰੀਆ..ਫਿਲਮ ਵਿਚ ਅੰਬ ਐਕਸਪਰਟ ਅਕਸ਼ੇ ਕੁਮਾਰ ਬੇਹੋਸ਼ੀ ਦਾ ਟੀਕਾ ਲਾ ਕੇ ਹਾਫ਼ਿਜ ਸਈਦ ਨੂੰ ਡੁੱਬਈ ਤੋਂ ਜਹਾਜੇ ਚਾੜ ਸਿੱਧਾ ਬੰਬੇ ਲੈ ਆਉਂਦਾ..ਤੇ ਸਾਰੀ ਜਨਤਾ ਤਾੜੀਆਂ ਮਾਰ ਮਾਰ ਕਮਲੀ ਹੋ ਜਾਂਦੀ!
ਚਲੋ ਮੰਨ ਲੈਂਦੇ ਹਾਂ ਵੈਨਕੂਵਰ ਭਾਈ ਸਾਬ ਖੂੰਖਾਰ ਸੀ..ਅੱਤਵਾਦੀ ਸੀ..ਪਰ ਸਾਰੀ ਦੁਨੀਆ ਇਹ ਵੀ ਤਾਂ ਆਖਦੀ ਕੇ ਤੁਹਾਡੀ ਜੋੜੀ ਨੇ ਵੀ ਮਿਥ ਕੇ ਦੋ ਦੋ ਹਜਾਰ ਕਤਲ ਕਰਵਾਏ..ਅੱਜ ਟੀਸੀ ਤੇ ਬੈਠੇ..ਓਹਨਾ ਖਿਲਾਫ ਵੀ ਕਰਵਾਓ ਇਨਕੁਆਰੀ..ਕਿਸੇ ਅੰਤਰਰਾਸ਼ਟਰੀ ਸੰਸਥਾ ਤੋਂ..!
ਪੰਜਾਬ ਅੰਦਰ ਪਹਿਲੋਂ ਕੁੱਟਦੇ ਫੇਰ ਸਬੂਤ ਇੱਕਠੇ ਕਰਦੇ ਪਰ ਇਥੇ ਪਹਿਲੋਂ ਸਬੂਤ ਇੱਕਠੇ ਹੁੰਦੇ ਫੇਰ ਦਵਾਲੇ ਘੇਰਾ ਬੁਣਿਆ ਜਾਂਦਾਂ..!
ਸਾਰੇ ਸਬੂਤ ਇੱਕਠੇ ਕਰ ਕੇ ਇੱਕ ਜੁੰਮੇਵਾਰ ਬੀਬੀ ਛੇ ਵੇਰਾਂ ਦਿੱਲੀ ਗਈ..ਓਥੇ ਸਭ ਕੁਝ ਸਾਮਣੇ ਰੱਖ ਦਿੱਤਾ..ਫੇਰ ਵਿਨਤੀ ਕੀਤੀ ਕੇ ਆਓ ਬਹਿ ਕੇ ਨਿਬੇੜ ਲੈਂਦੇ ਹਾਂ!
ਪਰ ਅਗਲੇ ਕਮਜ਼ੋਰੀ ਸਮਝ ਬੈਠੇ..ਕਿਸੇ ਨੂੰ ਸਟਾਈਲ ਨਾਲ ਨਜਰਅੰਦਾਜ ਕਰਨਾ ਤਾਂ ਕੋਈ ਚਾਹ ਵਾਲੇ ਤੋਂ ਸਿੱਖੇ..ਗੱਲ ਹੀ ਨਾ ਗੌਲੀ..ਮਗਰੋਂ ਲੁਕ-ਲੁਕ ਲਾਈਆਂ ਪ੍ਰਕਟ ਹੋਈਆਂ ਵੱਜ ਗਏ ਢੋਲ ਨਗਾਰੇ..ਬੋਲ ਪੁਗਾਉਣੇ ਔਖੇ ਜੀਵੇਂ ਅੰਬਰੋਂ ਲਾਹੁਣੇ ਤਾਰੇ..!
ਖੈਰ ਓਹਨਾ ਕਾਹਦੇ ਬੋਲ ਪੁਗਾਉਣੇ ਜਿਹੜੇ ਸੰਤਾਲੀ ਮਗਰੋਂ ਯੂ ਟਰਨ ਮਾਰ ਗਏ ਕੇ ਸਿੱਖੋ ਏਦੂ ਪਹਿਲੋਂ ਕੀਤੇ ਸਾਰੇ ਵਾਦੇ ਕਰਾਰ ਹੁਣ ਭੁੱਲ ਜਾਓ..ਅਜੋਕੇ ਹਾਲਾਤ ਵੱਖਰੇ ਨੇ..ਨਹਿਰੂ..ਗਾਂਧੀ ਪਟੇਲ ਦਵਾਲੇ ਪੂੰਛ ਹਿਲਾਉਂਦੇ ਦਿਨ ਦਿਹਾੜੇ ਸੱਰੇ ਬਜਾਰ ਨੰਗੇ ਹੋ ਗਏ..ਹੁਣ ਕੌਂਮ ਨੂੰ ਜੁਆਬ ਕਿੱਦਾਂ ਦੇਣੇ..ਨਾ ਟਾਂਡਿਆਂ ਵਾਲੀ ਰਹੀ ਤੇ ਨਾ ਹੀ ਭਾਂਡਿਆਂ ਵਾਲੀ..!
ਬਲਦੇਵ ਸਿੰਘ ਸੰਤਾਲੀ ਮਗਰੋਂ ਦਾ ਪਹਿਲਾ ਰੱਖਿਆ ਮੰਤਰੀ..ਮਰਨ ਲੱਗਾ ਤਾਂ ਜਮੀਰ ਫੇਰ ਜਾਗੀ..ਅਖ਼ੇ ਮੈਂ ਨਿੱਜੀ ਹਿੱਤਾਂ ਖਾਤਿਰ ਕੌਂਮ ਨਾਲ ਧ੍ਰੋਹ ਕੀਤਾ..ਗੋਰਿਆਂ ਨਾਲ ਸਾਡੀ ਗੱਲ ਸਿਰੇ ਲੱਗ ਹੀ ਚੱਲੀ ਸੀ ਪਰ ਕਲਕੱਤੇ ਆਸਨਸੋਲ ਲੱਗੀਆਂ ਮੇਰੀਆਂ ਫੈਕਟਰੀਆਂ ਮੂਹਰੇ ਆਣ ਖਲੋਤੀਆਂ..!
ਆਓ ਸੱਚੇ ਮਾਰਗ ਚੱਲਦਿਆਂ ਸਿੱਖੀ ਸਿੱਖਿਆ ਗੁਰਵੀਚਾਰ ਦੇ ਆਸ਼ੇ ਦੀ ਗੱਲ ਕਰਨ ਦਾ ਹੋਂਸਲਾ ਕਰੀਏ..ਵਰਨਾ ਬਲਦੇਵ ਸਿੰਘ ਵਾਂਙ ਚਾਰ ਮੋਢਿਆਂ ਤੇ ਚੜੇ ਏਹੀ ਪਛਤਾਵੇ ਰਹਿਣੇ ਕੇ ਸਾਰੀ ਉਮਰ ਗੁਰੂ ਤੋਂ ਬੇਮੁੱਖ ਹੋ ਕੇ ਹੀ ਲੰਘਾ ਦਿੱਤੀ..ਸਦੀਵੀਂ ਪਟਾ ਤੇ ਕਿਸੇ ਕਰਾਇਆ ਨਹੀਂ..ਅਖੀਰ ਤਾਂ ਇੱਕ ਨਾ ਇੱਕ ਦਿਨ ਚਾਰ ਮੋਢੇ ਲੱਭਣੇ ਹੀ ਪੈਣੇ!
ਹਰਪ੍ਰੀਤ ਸਿੰਘ ਜਵੰਦਾ