ਪੈਸੇ ਨੇ ਮਨੁੱਖ ਦੀ ਜਿੰਦਗੀ ਨੂੰ ਮਸੀਨ ਬਣਾ ਕੇ ਰੱਖ ਦਿੱਤਾ ਹੈ। ਪੈਸੇ ਨੂੰ ਕਮਾਉਣ ਵਿੱਚ ਮਨੁੱਖ ਏਨਾ ਜਿਆਦਾ ਉਲਝ ਗਿਆ ਹੈ ਆਪਣਾ ਸੁੱਖ ਚੈਨ ਸਭ ਗਵਾ ਦਿੱਤਾ ਹੈ। ਜੇ ਮੈਂ ਏਥੇ ਇਹ ਕਹਾ ਸਾਇਦ ਗਲਤ ਨਹੀਂ ਹੋਵੇਗਾ ਪਹਿਲਾਂ ਵਾਲੇ ਸਮੇਂ ਵਿੱਚ ਢਿੱਡ ਭਰਨ ਲਈ ਕਮਾਇਆ ਜਾਦਾ ਸੀ ਪਰ ਅੱਜ ਕੱਲ੍ਹ ਆਪਣਾ ਢਿੱਡ ਭਰਨ ਲਈ ਨਹੀਂ ਸਗੋਂ ਦੂਜੀਆਂ ਦਾ ਢਿੱਡ ਸਾੜਨ ਲਈ ਕਮਾਉਂਦੇ ਹਨ। ਕਿਉਂਕਿ ਅੱਜ ਕੱਲ੍ਹ ਦੇ ਲੋਕ ਰੋਟੀ ਤਾਂ ਖਾਂਦੇ ਹੀ ਨਹੀਂ ਮੋਟਾਪਾ ਆ ਜੂ ਜਿਆਦਾ ਤਰ ਲੋਕ ਡਾਈਟ ਤੇ ਹੀ ਰਹਿੰਦੇ ਹਨ। ਜਾਂ ਫਿਰ ਜਰੂਰਤਾ ਏਨੀਆਂ ਵਧਾ ਲੈਂਦੇ ਨੇ ਕਮਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਰਹਿੰਦਾ।
ਘਰ ਤਾਂ ਬਣਾਇਆ ਸੀ ਰਹਿਣ ਲਈ
ਪਰ ਘਰ ਦੀਆਂ ਜਰੂਰ ਤਾ ਨੇ
ਉਸ ਵਿੱਚ ਰਹਿਣ ਨਾ ਦਿੱਤਾ
ਮੁਸਾਫਿਰ ਬਣਾ ਕੇ ਰੱਖ ਦਿੱਤਾ।
ਪੈਸੇ ਕਮਾਉਣ ਦੇ ਚੱਕਰ ਵਿੱਚ ਇਨਸਾਨ ਸਭ ਰਿਸ਼ਤੇ-ਨਾਤੇ ਭੁੱਲ ਜਾਂਦਾ ਹੈ। ਰਿਸ਼ਤਿਆਂ ਵਿੱਚ ਪੈਦੀਆ ਦਰਾਂਰਾ ਦਾ ਕਾਰਨ ਵੀ ਪੈਸੇ ਹੀ ਹੈ। ਭੈਣ-ਭਰਾ, ਪਤੀ-ਪਤਨੀ, ਮਾ-ਬਾਪ, ਪੁੱਤਰ- ਪਿਤਾ ਇਸਨੇ ਸਭ ਰਿਸ਼ਤੇ ਖਤਮ ਕਰ ਦਿੱਤੇ ਹਨ। ਪਹਿਲਾਂ ਵਾਲਾ ਪਿਆਰ ਰਿਸ਼ਤਿਆਂ ਵਿੱਚ ਨਹੀਂ ਰਿਹਾ। ਜਿਵੇਂ ਖੰਭ ਲਾ ਕੇ ਕਿਤੇ ਉਡ ਗਿਆ ਹੋਵੇ। ਜੰਮਦੇ ਬੱਚੇ ਨੂੰ ਅਸੀਂ ਮਸੀਨ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ। ਹੁਣ ਤਾਂ ਇਹ ਬਾਹਰਲੇ ਦੇਸ਼ ਜਾਣ ਦੀ ਭੈੜੀ ਰੀਤ ਚੱਲ ਪਈ ਹੈ। ਉੱਥੇ ਜਾਂ ਕੇ ਤਾਂ ਏਨਾਂ ਪੈਸਾ ਕਮਾਉਂਦੇ ਨੇ ਮਸੀਨ ਨੂੰ ਵੀ ਪਿੱਛੇ ਛੱਡ ਦਿੰਦੇ ਹਨ। ਨਾ ਕਿਸੇ ਰਿਸ਼ਤੇ ਦੀ ਕਦਰ ਪੈਸਾ ਹੀ ਪੈਸਾ। ਏਥੋਂ ਤੱਕ ਕੇ ਬੱਚੇ ਆਪਣੇ ਮਾਤਾ ਪਿਤਾ ਦੇ ਸੰਸਕਾਰ ਤੇ ਵੀ ਨਹੀਂ ਪਹੁੰਚ ਦੇ।
ਇਹ ਤਾਂ ਗੱਲ ਸੀ ਰਿਸ਼ਤਿਆ ਦੀ ਪਰ ਆਮ ਦੁਨੀਆਂ ਦਾਰੀ ਵਿੱਚ ਵਿਚਰਦੇ ਵੀ ਲੁੱਟ ਖੋਹ ਕੇ ਕਮਾਉਦੇ ਹਨ। ਪਹਿਲਾਂ ਤਾਂ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਕਹਿੰਦੇ ਹੁੰਦੇ ਸੀ ਰਿਸ਼ਵਤ ਨਾਲ ਆਪਣੇ ਘਰ ਭਰਦੇ ਨੇ ਪਰ ਹੁਣ ਹਰ ਮਹਿਕਮੇ ਵਿੱਚ ਖੁਲ ਕੇ ਦੋ ਨੰਬਰ ਦਾ ਪੈਸਾ ਕਮਾਇਆ ਜਾਂਦਾ ਹੈ। ਆਪਾਂ ਸਭ ਤੋ ਪਵਿਤਰ ਮਹਿਕਮਾ ਡਾਕਟਰਾਂ ਦਾ ਮੰਨਦੇ ਸੀ। ਪਰਮਾਤਮਾ ਤੋ ਬਾਅਦ ਅਸੀਂ ਡਾਕਟਰ ਨੂੰ ਦੂਜਾ ਰੱਬ ਮੰਨਦੇ ਹਾਂ। ਹੁਣ ਤਾਂ ਇਹਨਾਂ ਨੇ ਵੀ ਲੁੱਟ ਮਚਾ ਰੱਖੀ ਹੈ। ਸਰਕਾਰੀ ਹਸਪਤਾਲਾਂ ਵਿੱਚ ਨਾ ਤਾ ਡਾਕਟਰ ਹੁੰਦੇ ਹਨ ਨਾ ਦਵਾਈ। ਜਿਵੇਂ ਬਜੁਰਗ ਕਹਾਵਤ ਪਾਉਦੇ ਹੁੰਦੇ ਹਨ।
ਮਰਦਾ ਬੰਦਾ ਅੱਕ ਚੱਬਦਾ।
ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਨਾ ਮਿਲਣ ਕਰਕੇ ਅਸੀਂ ਗੈਰ ਸਰਕਾਰੀ ਹਸਪਤਾਲਾਂ ਵਿੱਚ ਚਲੇ ਜਾਂਦੇ ਹਾ।ਏਥੇ ਤੁਹਾਡੇ ਨਾਲ ਮੈਂ ਆਪਣੀ ਹੱਡ ਬੀਤੀ ਸਾਂਝੀ ਕਰਦੀ ਹਾਂ। ਮੈਂ ਵੀ ਗੈਰ ਸਰਕਾਰੀ ਹਸਪਤਾਲ ਚਲੀ ਗਈ।ਉਥੇ ਜਾ ਕੇ ਮੈਂ ਪੰਜਾਹਾਂ ਦੀ ਪਰਚੀ ਕਟਾ ਕੇ ਡਾਕਟਰ ਦਾ ਇੰਤਜ਼ਾਰ ਕਰਨ ਲੱਗੀ। ਸਮਾਂ ਨੋ ਵਜੇ ਦਾ ਸੀ ਡਾਕਟਰ ਗਿਆਰਾਂ ਵਜੇ ਆਇਆ। ਡਾਕਟਰ ਅੰਦਰ ਬੈਠਾ ਤੇ ਮਰੀਜ਼ਾਂ ਦਾ ਚੈਕਅੱਪ ਕਰਨਾ ਸੁਰੂ ਕਰ ਦਿੱਤਾ। ਇੱਕ ਨੰਬਰ ਨੂੰ ਆਵਾਜ਼ ਵੱਜ ਗਈ ।ਮੈਂ ਥੋੜਾ ਦੂਰ ਜਾ ਕੇ ਬੈਠ ਗਈ ਕਿਉਂਕਿ ਮੇਰਾ ਨੰਬਰ ਛਿਆਸੀਵਾ ਸੀ। ਮੈ ਇੱਕ ਵਜੇ ਆ ਕੇ ਪਤਾ ਕੀਤਾ ਉਹ ਕਹਿੰਦੇ ਅਠਾਰਾਂਵਾ ਨੰਬਰ ਚੱਲ ਰਿਹਾ। ਮੈ ਫਿਰ ਜਾ ਕੇ ਬੈਠ ਗਈ। ਫਿਰ ਮੈਂ ਦੋ ਵਜੇ ਜਾ ਕੇ ਪਤਾ ਕੀਤਾ ਕਹਿੰਦੇ ਬਾਈ ਨੰਬਰ ਚੱਲ ਰਿਹਾ। ਮੈ ਸੋਚਿਆ ਡਾਕਟਰ ਏਨਾ ਵਧੀਆ ਚੈਕਅੱਪ ਕਰਦਾ ਹੈ ਤਾਂ ਸਮਾਂ ਲੱਗ ਰਿਹਾ। ਮੈਂ ਉਹਨਾਂ ਨੂੰ ਪੁੱਛਿਆ ਮੇਰਾ ਨੰਬਰ ਤਾਂ ਆ ਜਾਵੇਗਾ ਕਹਿੰਦੇ ਹਾਂਜੀ ਆਰਾਮ ਨਾਲ ਬੈਠੋ। ਮੈ ਉਥੇ ਹੀ ਰੁਕ ਗਈ। ਮੇਰੇ ਦਿਲ ਵਿੱਚ ਛੱਕ ਜਿਹਾ ਆਇਆ ਕੋਈ ਤਾਂ ਚੱਕਰ ਹੈ। ਜਦ ਮੈਂ ਉਥੇ ਖੜ ਕੇ ਦੇਖਿਆ। ਉਥੇ ਤਾਂ ਕੁੱਝ ਹੋਰ ਚੱਲ ਰਿਹਾ ਸੀ। ਜਿਸ ਨੇ ਪਹਿਲਾਂ ਚੈਕਅੱਪ ਕਰਾਉਣਾ ਉਹ ਜਾਂ ਕੇ ਤਿੰਨ ਸੋ ਦੀ ਪਰਚੀ ਕਟਾ ਲਿਉਦਾ ਸੀ ਤ ਆਪਣਾ ਚੈਕਅੱਪ ਕਰਾ ਕੇ ਚਲਾ ਜਾਂਦਾ ਸੀ। ਜਿੰਨਾ ਦੀ ਪਰਚੀ ਪੰਜਾਹਾਂ ਦੀ ਸੀ ਉਹ ਬੈਠੇ ਇੰਤਜ਼ਾਰ ਕਰੀ ਜਾ ਰਹੇ ਸੀ। ਮੈਨੂੰ ਇਹ ਸਭ ਦੇਖ ਕੇ ਦੁੱਖ ਲੱਗਿਆ ।ਮੈਨੂੰ ਉਥੇ ਉਹ ਕਹਾਵਤ ਚੇਤੇ ਆਈ।
ਮਰੀਆਂ ਦਾ ਮਾਸ ਖਾਣਾ।
ਜੋ ਦੁਖੀਆਂ ਤੁਹਾਡੇ ਕੋਲ ਆਉਦਾ ਤੁਸੀਂ ਤਾਂ ਉਸਦਾ ਹੀ ਮਾਸ ਖਾਂਦੇ ਹੋ। ਮੈ ਕਿਹਾ ਇਹ ਤਾਂ ਗਲਤ ਹੈ ਫਿਰ ਹੋਰ ਵੀ ਲੋਕ ਰੌਲਾ ਪਾਉਣ ਲੱਗੇ। ਇੱਕ ਨੋਜਵਾਨ ਨੇ ਤਾਂ ਕਾਫੀ ਹੰਗਾਮਾ ਕੀਤਾ ਫਿਰ ਉਹਨਾਂ ਨੂੰ ਆਪਣੀ ਪੋਲ ਖੁਲਦੀ ਨਜਰ ਆਈ ਤਾ ਜਲਦੀ ਜਲਦੀ ਸਹੀ ਨੰਬਰ ਵਾਇਜ ਚੈਕਅੱਪ ਕਰਨ ਲੱਗੇ। ਜਿਹੜੇ ਡਾਕਟਰ ਨੇ ਤਿੰਨ ਘੰਟਿਆਂ ਵਿਚ ਬਾਈ ਮਰੀਜਾਂ ਦਾ ਚੈਕਅੱਪ ਕੀਤਾ ਸੀ ਉਸਨੇ ਤੇਈ ਤੋਂ ਲੈ ਕੇ ਇੱਕ ਸੋ ਪੰਦਰਾਂ ਤੱਕ ਮਰੀਜ ਚਾਰ ਵਜੇ ਤੱਕ ਚੈਕਅੱਪ ਕਰ ਦਿੱਤਾ। ਲੁੱਟ ਏਦਾਂ ਮਚਾਈ ਹੈ।
ਇਹ ਹੈ ਪੈਸੇ ਦਾ ਕਮਾਲ । ਪੈਸੇ ਪਿੱਛੇ ਬੰਦਾ ਗਿਰ ਜਾਂਦਾ ਹੈ। ਉਸਨੂੰ ਪਤਾ ਹੀ ਨਹੀਂ ਲੱਗਦਾ ਕੇ ਉਸਦਾ ਰੁਤਬਾ ਕਿੰਨਾ ਉੱਚਾ ਹੈ।
ਖੁਸ਼ੀ ਨਾਲ ਪੈਸਾ ਕਮਾਓ
ਕਮਾਉਣਾ ਵੀ ਚਾਹੀਦਾ।
ਪਰ ਸੱਜਣਾਂ ਕਿਸੇ ਗਰੀਬ ਦਾ
ਕੱਚਾ ਕੋਠਾ ਨਹੀਂ ਢਾਈਦਾ।
‘ਵੀਰਪਾਲ ਕੌਰ ਮਾਨ’
ਪਿੰਡ ਗੁਰੂਸਰ(ਤਲਵੰਡੀ ਸਾਬੋ)