ਗਾਰਗੀ ਦੱਸਦੇ ਕੇ ਮਾਂ ਕੋਲ ਸਾਨੂੰ ਦੋਹਾਂ ਭਰਾਵਾਂ ਨੂੰ ਸਕੂਲੇ ਘੱਲਣ ਦੀ ਸਮਰੱਥਾ ਨਹੀਂ ਸੀ..ਉਹ ਸਾਨੂੰ ਇੱਕ ਸਿਆਣੇ ਕੋਲ ਲੈ ਗਈ..ਪੁੱਛਣ ਲੱਗੀ ਦੱਸੋ ਸਕੂਲੇ ਕਿਸ ਨੂੰ ਦਾਖਿਲ ਕਰਾਵਾਂ?
ਉਸਨੇ ਅੱਗਿਓਂ ਬੇਧਿਆਨੀ ਵਿੱਚ ਹੀ ਮੇਰੇ ਸਿਰ ਤੇ ਹੱਥ ਰੱਖ ਦਿੱਤਾ..ਮਾਂ ਮੈਨੂੰ ਗੁਰੂਦੁਆਰੇ ਵਾਲੇ ਸਕੂਲ ਭਰਤੀ ਕਰਵਾ ਆਈ..ਓਥੇ ਕਿੰਨੇ ਸਾਰੇ ਬੱਚੇ ਸਨ..ਪਰ ਪੜਾਉਣ ਵਾਲਾ ਕੋਈ ਵੀ ਨਹੀਂ..ਅਸੀਂ ਸਾਰਾ ਦਿਨ ਖੇਡ ਮੱਲ ਕੇ ਵਾਪਿਸ ਪਰਤ ਜਾਂਦੇ..ਇੱਕ ਦਿਨ ਵੇਖਿਆ ਨੀਲੇ ਚੋਲੇ ਵਿੱਚ ਇੱਕ ਬਾਬਾ ਜੀ ਘੋੜੇ ਤੇ ਚੜੇ ਆ ਰਹੇ ਸਨ..ਜੁਆਕਾਂ ਰੌਲ਼ਾ ਪਾ ਦਿੱਤਾ ਬਾਬਾ ਜੀ ਆ ਗਏ..ਬਾਬਾ ਜੇ ਆ ਗਏ..ਉਸ ਬਾਬਾ ਜੀ ਨੇ ਘੋੜੇ ਤੇ ਚੜੇ ਚੜਾਏ ਹੀ ਮੇਰੇ ਵੱਲ ਤੱਕਿਆ ਤੇ ਪੁੱਛਿਆ ਖੇਡਣ ਆਇਆ ਕੇ ਪੜਨ?
ਆਖਿਆ ਪੜਨ!
ਆਖਣ ਲੱਗੇ ਫੇਰ ਸਬਕ ਸੁਣਾ..
ਅੱਗੋਂ ਆਖਿਆ ਬਾਬਾ ਜੀ ਸਬਕ ਤੇ ਤੁਸਾਂ ਅਜੇ ਦਿੱਤਾ ਹੀ ਨਹੀਂ..!
ਫੇਰ ਘੋੜੇ ਤੇ ਚੜੇ ਹੋਇਆਂ ਨੇ ਹੀ ਨੇਜੇ ਦੀ ਨੋਕ ਨਾਲ ਭੋਏਂ ਤੇ ਇੱਕ ਆਉਂਕਾਰ ਵਾਹ ਦਿੱਤਾ ਤੇ ਆਖਿਆ ਇਹ ਹੈ ਤੇਰਾ ਸਬਕ..ਚੰਗੀ ਤਰਾਂ ਯਾਦ ਕਰ ਲੈ!
ਗਾਰਗੀ ਦੱਸਦੇ ਕੇ ਉਸ ਦਿਨ ਮਗਰੋਂ ਮੇਰੀ ਜਿੰਦਗੀ ਭੋਏਂ ਤੇ ਲਿਖੇ ਉਸ ਸਬਕ ਅੰਦਰ ਹੀ ਸਿਮਟ ਕੇ ਰਹਿ ਗਈ..ਜਦੋਂ ਵੀ ਕੋਈ ਔਕੜ ਪੈਂਦੀ ਤਾਂ ਬਾਬਾ ਜੀ ਦਾ ਦਿੱਤਾ ਉਹ ਸਬਕ ਯਾਦ ਕਰ ਲੈਂਦਾ ਹਾਂ!
(ਸਰੋਤ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ)
ਹਰਪ੍ਰੀਤ ਸਿੰਘ ਜਵੰਦਾ