ਹਾਲ ਬਜਾਰ ਮੇਨ ਬ੍ਰਾਂਚ ਵਿਚ ਗੰਨਮੈਨ ਲੱਗਾ ਹੁੰਦਾ ਸਾਂ..!
ਮੇਰੀ ਹਰੇਕ ਤੇ ਨਜਰ ਹੁੰਦੀ..ਕਦੇ ਕਦੇ ਕਿਸੇ ਲੋੜਵੰਦ ਦੀ ਸਿਫਾਰਿਸ਼ ਕਰ ਦਿਆ ਕਰਦਾ ਤਾਂ ਕਾਊਂਟਰ ਨੰਬਰ ਇੱਕ ਤੇ ਬੈਠੇ ਬੱਤਰੇ ਸਾਬ ਨਾਲ ਲੜਾਈ ਹੋ ਜਾਂਦੀ..ਉਹ ਆਖਦਾ ਬੰਤਾ ਸਿਹਾਂ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ..ਕੀਹਦਾ ਕੰਮ ਕਰਨਾ ਏ ਤੇ ਕੀਦਾ ਨਹੀਂ..ਸਾਡੇ ਤੇ ਛੱਡ ਦਿਆ ਕਰ!
ਵੀਹਾਂ ਬਾਈਆਂ ਸਾਲਾਂ ਦੀ ਉਹ ਕੁੜੀ..ਕਿੰਨੇ ਦਿਨਾਂ ਤੋਂ ਵੇਖਦਾ ਆ ਰਿਹਾ ਸਾਂ..ਸੁਵੇਰੇ ਅੱਪੜ ਜਾਂਦੀ..ਕਿੰਨਾ ਚਿਰ ਬੇਂਚ ਤੇ ਬੈਠੀ ਪੇਪਰਾਂ ਦੀ ਫਾਈਲ ਫਰੋਲਦੀ ਰਹਿੰਦੀ ਤੇ ਫੇਰ ਆਥਣੇ ਘਰੇ ਮੁੜ ਜਾਂਦੀ..!
ਇੱਕ ਦਿਨ ਉਸਨੂੰ ਬੱਤਰਾ ਸਾਬ ਕੋਲ ਲੈ ਗਿਆ..ਸਾਰੀ ਗੱਲ ਦੱਸੀ..ਓਹਨਾ ਪੇਪਰ ਵੇਖੇ..ਪੁੱਛਣ ਲੱਗੇ ਮਰਹੂਮ ਪਾਪਾ ਜੀ ਦਾ ਖਾਤਾ ਹੀ ਤੇ ਟਰਾਂਸਫਰ ਕਰਨਾ ਸੀ..ਫੇਰ ਸਾਰਾ ਦਿਨ ਬੈਠ ਆਥਣੇ ਮੁੜ ਕਿਓਂ ਜਾਇਆ ਕਰਦੀ ਸੈਂ..?
ਥੋੜਾ ਝਿਜਕ ਗਈ ਫੇਰ ਆਖਣ ਲੱਗੀ ਅੰਕਲ ਜੀ ਮੈਥੋਂ ਮੇਰੇ ਪਾਪਾ ਜੀ ਦਾ ਡੈਥ ਸਰਟੀਫਿਕੇਟ ਨਹੀਂ ਚੁੱਕਿਆਂ ਜਾਂਦਾ..ਹਮੇਸ਼ਾਂ ਘਰੇ ਹੀ ਰਹਿ ਜਾਂਦਾ ਏ..!
ਬੱਤਰਾ ਇਮੋਸ਼ਨਲ ਹੋ ਗਿਆ ਤੇ ਮੇਰੇ ਹੰਜੂ ਵਗ ਤੁਰੇ..!
ਮੁੜਕੇ ਬੱਤਰਾ ਸਾਬ ਨੇ ਕਾਊਂਟਰ ਤੋਂ ਬਾਹਰ ਆ ਕੇ ਖੁਦ ਭੱਜ ਭੱਜ ਕੇ ਉਸ ਕੁੜੀ ਦੇ ਸਾਰੇ ਕੰਮ ਕਰਵਾਏ..ਸਾਰਾ ਸਟਾਫ ਵੀ ਹੈਰਾਨ ਕੇ ਅੱਜ ਬੱਤਰੇ ਨੂੰ ਕੀ ਹੋ ਗਈ..!
ਸ਼ਾਮੀਂ ਬ੍ਰਾਂਚ ਬੰਦ ਹੋਈ ਤਾਂ ਸ਼ੁਕਰੀਆ ਕਰਨ ਗਏ ਨੂੰ ਬਤਰਾ ਸਾਬ ਨੇ ਕਲਾਵੇ ਵਿਚ ਲੈ ਲਿਆ..ਆਖਣ ਲੱਗੇ ਬੰਤਾ ਸਿਹਾਂ ਕਈ ਵੇਰ ਕਾਗਜ ਦੇ ਵਰਕੇ ਸੱਚ ਮੁੱਚ ਹੀ ਬੜੇ ਜਿਆਦਾ ਭਾਰੇ ਹੋ ਜਾਂਦੇ ਨੇ..ਏਨੀ ਗੱਲ ਭਲਾ ਮੈਥੋਂ ਵੱਧ ਹੋਰ ਕੌਣ ਜਾਣ ਸਕਦਾ..ਨਾਲ ਹੀ ਬੋਝੇ ਵਿਚੋਂ ਇੱਕ ਵਰਕਾ ਕੱਢ ਮੈਨੂੰ ਫੜਾ ਦਿੱਤਾ..ਆਖਣ ਲੱਗੇ ਯਾਰ ਪੂਰੇ ਦੋ ਮਹੀਨੇ ਹੋ ਗਏ ਨੇ ਨਾਲਦੀ ਨੂੰ ਗਈ ਨੂੰ..ਪਰ ਅਜੇ ਤੱਕ ਵੀ ਰਾਸ਼ਨ ਕਾਰਡ ਵਿਚੋਂ ਉਸਦਾ ਨਾਮ ਕਢਵਾਉਣ ਵਾਲੀ ਆਹ ਅਰਜੀ ਬੋਝੇ ਵਿਚ ਹੀ ਲਈ ਫਿਰਦਾ ਪਿਆ ਹਾਂ..ਬੜਾ ਜ਼ੋਰ ਲਾ ਵੇਖਿਆ..ਕਾਰਪੋਰੇਸ਼ਨ ਦੇ ਦਫਤਰ ਚੋਂ ਉਸਦਾ ਡੈਥ ਸਰਟੀਫਿਕੇਟ ਚੁੱਕਣ ਦੀ ਹਿੰਮਤ ਹੀ ਨਹੀਂ ਪੈਂਦੀ..ਜਦੋਂ ਵੀ ਓਧਰ ਨੂੰ ਤੁਰਨ ਲੱਗਦਾ ਹਾਂ ਤਾਂ ਕਿਧਰੋਂ ਵਾਜ ਪੈ ਜਾਂਦੀ ਕੇ ਮੈਨੂੰ ਘੱਟੋਂ ਘੱਟ ਕਾਗਜਾਂ ਵਿਚ ਤੇ ਜਿਉਂਦੀ ਰਹਿਣ ਦਿਓ!
ਹਰਪ੍ਰੀਤ ਸਿੰਘ ਜਵੰਦਾ
Really heart touching