ਸ਼ਿਫਾਰਸੀ | sifarshi

ਆਪਣੀ ਨੌਕਰੀ ਦੌਰਾਨ ਮੈਂ ਵੇਖਿਆ ਕਿ ਸੰਸਥਾ ਮੁਖੀ ਨੇ ਆਪਣੇ ਬਹੁਤ ਸਾਰੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਲਿਹਾਜੀਆਂ, ਆਪਣੀ ਬਿਰਾਦਰੀ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਸੰਸਥਾ ਵਿੱਚ ਡਾਇਰੈਕਟ- ਇਨਡਾਇਰੈਕਟ ਐਡਜਸਟ ਕੀਤਾ । ਸੰਸਥਾ ਮੁਖੀ ਨੇ ਆਪਣੇ ਭਤੀਜੇ ਸ਼੍ਰੀ ਬਿਕਰਮ ਸਿੰਘ ਸੈਣੀ ਨੂੰ ਸਾਇੰਸ ਅਧਿਆਪਕ ਵਜੋਂ ਨਿਯੁਕਤ ਕਰਵਾ ਲਿਆ। ਉਹ ਬਹੁਤ ਮਿਹਨਤੀ ਤਜ਼ੁਰਬੇਕਾਰ ਅਤੇ ਲਗਨ ਵਾਲੇ ਅਧਿਆਪਕ ਸਨ। ਉਹਨਾਂ ਦੀ ਨਿਯੁਕਤੀ ਦੇਖਕੇ ਲਗਦਾ ਨਹੀਂ ਸੀ ਕਿ ਇਹ ਕੋਈਂ ਸ਼ਿਫਾਰਸ਼ੀ ਭਰਤੀ ਹੈ। ਬਿਕਰਮ ਸਿੰਘ ਇੱਕ ਮੈਰੀਟੋਰੀਅਸ ਇਨਸਾਨ ਸੀ ਉਸਨੇ ਸਕੂਲ ਨੂੰ ਬਹੁਤ ਵਧੀਆ ਰਿਜ਼ਲਟ ਦਿੱਤੇ। ਇਸੇ ਤਰ੍ਹਾਂ ਹੀ ਉਸਦੀ ਘਰਵਾਲੀ ਸਰਬਜੀਤ ਕੌਰ ਨੂੰ ਵੀ ਐਸ ਐਸ ਅਧਿਆਪਕ ਨਿਯੁਕਤ ਕੀਤਾ ਗਿਆ। ਉਹ ਆਪਣੇ ਪਤੀ ਤੋਂ ਵੀ ਵੱਧ ਮੇਹਨਤੀ ਸੀ। ਆਮ ਕਰਕੇ ਬਹੁਤੇ ਸ਼ਿਫਾਰਸ਼ੀ ਕਾਬਿਲ ਹੁੰਦੇ। ਪਰ ਬਿਕਰਮ ਸਿੰਘ ਦੀ ਰੀਸ ਕੋਈ ਨਹੀਂ ਸੀ ਕਰ ਸਕਦਾ। ਇਸੇ ਲੜ੍ਹੀ ਵਿਚ ਨਿਯੁਕਤ ਇੱਕ ਪੰਜਾਬੀ ਟੀਚਰ ਆਪਣੇ ਪੇਸ਼ੇ ਵਿੱਚ ਨਿਪੁੰਨ ਸੀ। ਪਰ ਕਈ ਸ਼ਿਫਾਰਸ਼ੀ ਤਾਂ ਪੜ੍ਹਾਈ ਅਤੇ ਨੋਲਜ ਪੱਖੋਂ ਮਾਤਾ ਦਾ ਮਾਲ ਹੀ ਸਨ। ਉਹ ਬੈਕ ਦੇ ਸਪੈਲਿੰਗ ਬੀ ਏ ਕੇ ਲਿਖਦੇ ਸਨ। ਕਾਬਿਲ ਹੋਣ ਅਤੇ ਮੁਖੀ ਦਾ ਨਜ਼ਦੀਕੀ ਹੋਣ ਵਿੱਚ ਫਰਕ ਹੁੰਦਾ ਹੈ। ਪਰ ਕਿਵੇਂ ਨਾ ਕਿਵੇਂ ਉਹ ਆਪਣਾ ਸਮਾਂ ਪੂਰਾ ਕਰ ਗਏ।
ਸੰਸਥਾ ਮੁਖੀ ਤੋਂ ਬਾਦ ਸੈਕੰਡ ਮੁਖੀ ਨੇ ਆਪਣੇ ਪਤੀ ਅਤੇ ਭਰਜਾਈ ਨੂੰ ਸਨਮਾਨਜਨਕ ਅਹੁਦੇ ਤੇ ਨਿਯੁਕਤ ਕਰਵਾਇਆ । ਫਿਰ ਆਪਣਾ ਰਾਜ ਆਉਣ ਤੇ ਉਸਨੇ ਵੀ ਨੌਕਰੀ ਨਾਲ ਕਈਆਂ ਨੂੰ ਨਿਹਾਲ ਕੀਤਾ। ਇਸੇ ਤਰਾਂ ਮੇਰੇ ਸਾਥੀ ਬਾਊ ਨੇ ਵੀ ਆਪਣਾ ਅਸਰ ਰਸੂਖ ਵਰਤਕੇ ਆਪਣੀ ਘਰਵਾਲੀ ਨੂੰ ਥੌੜੇ ਸਮੇ ਲਈ ਅਧਿਆਪਕ ਲਵਾਇਆ। ਫਿਰ ਸਕੂਲ ਦਾ ਡਰਾਇੰਗ ਮਾਸਟਰ ਵੀ ਪਿੱਛੇ ਨਹੀਂ ਰਿਹਾ ਅਤੇ ਉਸਨੇ ਵੀ ਆਪਣੀ ਪਤਨੀ ਲਈ ਅਹੁਦਾ ਬਖਸ਼ਵਾ ਲਿਆ। ਉਹ ਵੀ ਮੇਹਨਤੀ ਆਗਿਆਕਾਰੀ ਅਤੇ ਆਪਣੇ ਵਿਸ਼ੇ ਵਿੱਚ ਮਾਹਿਰ ਸੀ। ਬਾਕੀ ਕਈ ਸਟਾਫ ਮੈਂਬਰਾਂ ਨੇ ਆਪਣੇ ਬੱਚਿਆਂ ਨੂੰ ਇਥੋਂ ਘੱਟ ਖਰਚੇ ਤੇ ਵਧੀਆ ਪੜ੍ਹਾਈ ਕਰਵਾਈ। ਸ਼ੂਟਿੰਗ ਅਤੇ ਹੋਰ ਕੰਮਾਂ ਵਿੱਚ ਮੂਹਰੇ ਰਖਿਆ। ਇਹ ਉਹਨਾਂ ਦਾ ਅਧਿਕਾਰ ਸੀ।
ਆਪਣੀ ਨੌਕਰੀ ਦੌਰਾਨ ਮੈਂ ਇਸਤਰਾਂ ਦਾ ਕੋਈਂ ਫਾਇਦਾ ਨਹੀਂ ਖੱਟਿਆ। ਇਸਦਾ ਮਤਲਬ ਇਹ ਵੀ ਨਹੀਂ ਕਿ ਮੈਂ ਕਿਸੇ ਦਾ ਭਲਾ ਨਹੀਂ ਕੀਤਾ। ਵੱਸ ਲਗਦਾ ਮੈਂ ਵੀ ਇਸ ਵਿੱਚ ਆਪਣੇ ਹੱਥ ਰੰਗੇ ਅਤੇ ਕਈ ਟੀਚਰਾਂ ਦੀ ਨਿਯੁਕਤੀ ਕਰਵਾਈ। ਚਾਹੇ ਉਹ ਮੇਰੇ ਦੋਸਤ ਦੀ ਬੇਟੀ ਸੀ, ਬੇਟੇ ਦੇ ਦੋਸਤ ਦੀ ਪਤਨੀ ਯ ਮੇਰੇ ਪਿੰਡਾਂ ਦੀ ਸੀ । ਮੇਰੇ ਮੁਹੱਲੇ ਦੀ ਰਹਿਣ ਵਾਲੀ ਸੀ ਯ ਕੋਈਂ ਹੋਰ ਜਾਣਕਾਰ ਸੀ। ਮਤਲਬ ਮੈਂ ਜਾਤ ਬਿਰਾਦਰੀ ਅਤੇ ਰਿਸ਼ਤਿਆਂ ਤੋਂ ਉਪਰ ਉਠਕੇ ਕਿਸੇ ਦੀ ਨੌਕਰੀ ਲਈ ਫੇਵਰ ਕੀਤੀ। ਇਸ ਗੱਲ ਵਿਚ ਕੋਈਂ ਦੋ ਰਾਇ ਨਹੀਂ ਕਿ ਮੈਂ ਆਪਣੇ ਕਿਸੇ ਨਜ਼ਦੀਕੀ ਪਰਿਵਾਰਿਕ ਮੈਂਬਰ ਯ ਰਿਸ਼ਤੇਦਾਰ ਨੂੰ ਨਹੀਂ ਲਗਵਾਇਆ। ਨਾ ਹੀ ਕਿਸੇ ਆਪਣੇ ਦਾ ਸੰਸਥਾ ਵਿੱਚ ਦਾਖਿਲਾ ਕਰਵਾਇਆ। ਮੈਨੂੰ ਹਮੇਸ਼ਾ ਇਸ ਗੱਲ ਤੇ ਮਾਣ ਰਹੇਗਾ। ਪਰ ਮੇਰਾ ਕੀਤਾ ਭਲਾ ਹੀ ਮੇਰੇ ਰਾਸ ਨਾ ਆਇਆ ਤੇ ਮੇਰੇ ਨਾਲ “ਮੇਰੀ ਬਿੱਲੀ ਮੈਨੂੰ ਮਿਆਉਂ” ਵਾਲੀ ਗੱਲ ਹੋਈ। ਇਸ ਦਾ ਮੈਨੂੰ ਕੋਈਂ ਅਫਸੋਸ ਵੀ ਨਹੀਂ।
ਗੱਲ ਸ਼੍ਰੀ ਬਿਕਰਮ ਸਿੰਘ ਦੀ ਕਰਦਾ ਹਾਂ ਕਿ ਉਹ ਇੱਕ ਵਧੀਆ ਸਖਸ਼ੀਅਤ ਸੀ। ਉਸ ਨੂੰ ਦੂਸਰਿਆਂ ਦਾ ਕੰਮ ਕਰਕੇ ਖੁਸ਼ੀ ਹੁੰਦੀ ਸੀ। ਜੇ ਉਹ ਕਿਸੇ ਨੂੰ ਇੱਕ ਵਗਾਰ ਪਾਉਂਦਾ ਸੀ ਤਾਂ ਦੂਸਰਿਆਂ ਦੀਆਂ ਦਸ ਵਗਾਰਾਂ ਝਲਦਾ ਸੀ। ਸ਼ਾਇਦ ਉਸ ਦੀ ਜਿੰਦਗੀ ਛੋਟੀ ਸੀ। ਇੱਥੇ ਨੌਕਰੀ ਕਰਨ ਤੋਂ ਬਾਅਦ ਉਹਨਾਂ ਦੋਹਾਂ ਜ਼ੀਆਂ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਉਹ ਚੰਡੀਗੜ੍ਹ ਵੱਲ ਚਲੇ ਗਏ। ਕੁਝ ਦੇਰ ਬਾਅਦ ਉਹ ਸਦਾ ਲਈ ਰੁਖਸਤ ਹੋ ਗਿਆ। ਬਿਕਰਮ ਸਿੰਘ ਨੇ ਥੌੜੇ ਜਿਹੇ ਸਮੇਂ ਵਿੱਚ ਸੰਸਥਾ ਲਈ ਬਹੁਤ ਕੰਮ ਕੀਤਾ ਅਤੇ ਦੂਸਰਿਆਂ ਲਈ ਇਕ ਮਿਸਾਲ ਬਣਿਆ। ਚੰਗੇ ਬੰਦੇ ਸ਼ਾਇਦ ਥੌੜੇ ਸਮੇਂ ਲਈ ਹੀ ਸੰਸਾਰ ਵਿੱਚ ਆਉਂਦੇ ਹਨ ਅਤੇ ਆਪਣੇ ਕੰਮਾਂ ਦੀ ਰੋਸ਼ਨੀ ਨਾਲ ਪ੍ਰਕਾਸ਼ ਕਰਦੇ ਹਨ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *