ਮੁੱਲ ਜਰੂਰਤ ਦਾ | mull jarurat da

‘ਗੱਲ’ ਉਹਨਾਂ ਦਿਨਾਂ ਦੀ ਐ, ਜਦੋਂ ਟਮਾਟਰ 200 ਰੁਪੈ ਕਿੱਲੋ ਸਨ।
“ਪੁੱਤ! ਖਾਲੈ ਰੋਟੀ, ਤੂੰ ਰਾਤ ਵੀ ਨ੍ਹੀ ਖਾਧੀ ,ਕਿ ਹੋਇਆ ਤੈਨੂੰ!” ਸ਼੍ਰੀ ਮਤੀ ਜੀ ਸਵੇਰੇ ਸਵੇਰੇ ਸਾਡੀ ਲਾਡੋ ਰਾਣੀ ਕੋਮਲ (ਕਾਲਪਨਿਕ ਨਾਮ) ਕੋਲ ਰੋਟੀ ਲੈ ਕੇ ਖੜੀ ਤਰਲੇ ਕੱਢ ਰਹੀ ਸੀ।
“ਮੈ ਨ੍ਹੀ ਖਾਣੀ! ਗੰਦੀ ਜੀ ਦਾਲ! ਰਾਤ ਆਲੀ ਬੇਸੁਆਦੀ ” ਕੋਮਲ ਮੂੰਹ ਬਣਾਕੇ ਬੋਲੀ।
“ਹੁਣ ਤੈਨੂੰ ਸਵੇਰ ਨਾਲ ਕਿਥੋਂ ਬਣਾ ਦਿਆਂ ਸ਼ਾਹੀ ਪਨੀਰ। ਨਾਲ ਆਚਾਰ ਲਿਆ ਦਿਆ ? ” ਸ਼੍ਰੀ ਮਤੀ ਜੀ ਨੇ ਗੁੱਸੇ ਤੇ ਤਰਲੇ ਵਾਲੇ ਰਲੇਮਿਲੇ ਭਾਵ ਵਿਚ ਪੁੱਛਿਆ।
ਆਹੋ! ਜਿਵੇਂ ਪਰਸੋਂ ਬਣਾਇਆ ਸੀ,ਮਟਰ ਪਨੀਰ!ਬਾਹਲਾ ਹੀ ਸਵਾਦ ਸੀ। ਕੋਮਲ ਨੇ ਨੱਕ ਚੜ੍ਹਾਇਆ।
“ਸਵੇਰੇ ਸਵੇਰੇ ਕਿ ਮਹਾਭਾਰਤ ਛੇੜ ਰੱਖੀ ਐ? ” ਮੈ ਹੱਸ ਕੇ ਪੁੱਛਿਆ।
“ਤੁਹਾਨੂੰ ਹਾਸਾ ਆਉਂਦੈ! ਬੱਚਿਆਂ ਦੇ ਨੱਕ ‘ਤੇ ਕੁਝ ਨ੍ਹੀ ਬਹਿੰਦਾ।ਮੈਨੂੰ ਤਾਂ ਦੁਖੀ ਕਰ ਛੱਡਿਆ।” ਸ਼੍ਰੀ ਮਤੀ ਪੈਰ ਪਟਕਦੀ ਰਸੋਈ ਵੱਲ ਚਲੀ ਗਈ।
“ਕੀ ਗੱਲ ਪੁੱਤ! ਦਾਲ ਸੁਆਦ ਨ੍ਹੀ ਲੱਗੀ।ਛੋਲੇ ਭਟੂਰੇ ਲਿਆ ਦਿਆ? “ਮੈ ਰਿਸ਼ਵਤ ਦੇਣ ਵਾਲੀ ਗੱਲ ਕੀਤੀ।
“ਹਾਂ! ਹਾਂ! ਲਿਆ ਦਿਓ” ਕੋਮਲ ਰਾਜ਼ੀ ਹੋ ਗਈ।
“ਦੋ ਤਿੰਨ ਪਲੇਟਾਂ ਲਿਆਇਆ ਜੇ।ਤੁਹਾਡੇ ਲਾਡ ਸਾਹਿਬ ਨੇ ਵੀ ਦਾਲ ਨ੍ਹੀ ਖਾਣੀ ਰਾਤ ਵੀ ਬੜਬੜ ਕਰਦਾ ਸੀ।” ਸ਼੍ਰੀ ਮਤੀ ਚਾਹ ਲਿਆਉਂਦੀ ਹੋਈ ਬੋਲੀ।
“ਤੁਸੀ ਚੱਲੇ ਤਾਂ ਹੋ,ਨਾਲ ਸਬਜ਼ੀ ਮੰਡੀ ਵੀ ਜਾ ਆਓ।” ਸ਼੍ਰੀ ਮਤੀ ਨੇ ਸੁਝਾਅ ਦਿੱਤਾ।
” ਜਾ ਆਉਣਾ। ਕੀ ਕੁੱਝ ਲਿਆਉਣੈ” ਮੈ ਵੀ ਹਾਮੀ ਭਰ ਦਿੱਤੀ।
“ਦੋ ਤਿੰਨ ਸਬਜ਼ੀਆਂ, ਟਮਾਟਰ ਪਿਆਜ਼,ਲਸਣ ਸਲਾਦ ਵਗੈਰਾ ਲੈ ਆਉਣਾ ਬਾਕੀ ਫਰੂਟ ਵੀ ਵੇਖ ਲੈਣਾ।” ਸ਼੍ਰੀ ਮਤੀ ਨੇ ਆਪਣੀ ਲਿਸਟ ਸੁਣਾ ਦਿੱਤੀ।
ਮੈ ਥੈਲਾ ਚੁੱਕਿਆ ਤੇ ਸਬਜ਼ੀ ਮੰਡੀ ਵੱਲ ਚਾਲੇ ਪਾ ਦਿੱਤੇ ।
“ਹਾਂਜੀ ਭਾਈ ਸਾਹਿਬ! ਖੀਰੇ ਕੀ ਭਾਅ ਨੇ?” ਮੈ ਫੜ੍ਹੀ ਵਾਲੇ ਨੂੰ ਪੁੱਛਿਆ।
ਪੱਚੀ ਰੁਪੈ ਕਿੱਲੋ। ਉਸਨੇ ਜੁਆਬ ਦਿੱਤਾ।
“ਠੀਕ! ਠੀਕ! ਲਾ ਲਓ ਦੋ ਕਿੱਲੋ ਲੈਣੇ ਆ।” ਮੈ ਭਾਅ ਮੁਕਾਉਣ ਵਾਲੇ ਲਹਿਜੇ ਵਿਚ ਆਖਿਆ।
“ਦੋ ਕਿਲੋ ਦੇ ਪੰਤਾਲੀ ਲੱਗ ਜਾਣਗੇ। ਏਸ ਤੋ ਘੱਟ ਨ੍ਹੀ ਹੋਣੇ।” ਫੜ੍ਹੀ ਵਾਲੇ ਨੇ ਟੋਕਰੀ ਮੇਰੇ ਵੱਲ ਖਿਸਕਾ ਦਿੱਤੀ।
ਮੈ ਦੋ ਕਿੱਲੋ ਹਰੇ ਹਰੇ ਛਾਂਟ ਕੇ ਤੋਲਾਂ ਲਏ।
“ਵੀਰ ਜੀ!ਟਮਾਟਰ ਕੀ ਭਾਅ ਨੇ?” ਮੈ ਰੇਹੜੀ ‘ਤੇ ਪਏ ਇਕ ਟੋਕਰੇ ਵਿਚ ਹਰੇ ਤੇ ਦੂਜੇ ਵਿਚ ਲਾਲ ਪਏ ਟਮਾਟਰਾਂ ‘ਤੇ ਹੱਥ ਰੱਖ ਕੇ ਪੁੱਛਿਆ।
“ਢਾਈ ਸੋ ਰੁਪੈ ਕਿੱਲੋ!” ਰੇਹੜੀ ਵਾਲਾ ਧੌਣ ਅਕੜਾ ਕੇ ਬੋਲਿਆ।
“ਢਾਈ ਸੋ!! ਇਹ ਕਦੋਂ ਏਨੇ ਮਹਿੰਗੇ ਹੋ ਗਏ??”ਮੇਰੀ ਹੈਰਾਨੀ ਦੀ ਹੱਦ ਨਾ ਰਹੀ।
“ਕਿਵੇਂ! ਕਦੇ ਖਰੀਦੇ ਨ੍ਹੀ” ਰੇਹੜੀ ਵਾਲੇ ਨੇ ਮਸਕਰੀ ਕੀਤੀ।
“ਨਹੀਂ! ਭਰਾ ਮੈ ਅੱਜ ਕਈ ਚਿਰਾਂ ਬਾਅਦ ਮੰਡੀ ਵੜਿਆ,ਆ ਹਰੇ ਕੀ ਭਾਅ ਨੇ?” ਮੈ ਦੂਜੇ ਟੋਕਰੇ ਵੱਲ ਹੱਥ ਕਰਕੇ ਪੁੱਛਿਆ।
“ਇਹ ਦੋ ਸੋ ਨੇ।” ਇਸ ਵਾਰ ਉਸਦਾ ਲਹਿਜਾ ਠਰ੍ਹਮੇ ਵਾਲਾ ਸੀ।
“ਇੱਕ ਪਾਊ ਤੋਲ ਦੇ”।ਭਾਅ ਜਿਆਦਾ ਹੋਣ ਕਾਰਨ, ਮੈ ਥੋੜ੍ਹੇ ਨਾਲ ਗੁਜਾਰਾ ਕਰਨ ਦੇ ਇਰਾਦੇ ਨਾਲ ਪਾਊ ਤੁਲਾ ਲਏ।
ਮੈਨੂੰ ਦਾਲ /ਸਬਜ਼ੀ ਬੇਸੁਆਦੀ ਦਾ ਭੇਦ ਮੰਡੀ ਆ ਕੇ ਪਤਾ ਲੱਗਿਆ।
ਬਾਕੀ ਤਿੰਨ ਚਾਰ ਸਬਜ਼ੀਆਂ,ਫਰੂਟ ਤੇ ਕੁਝ ਹੋਰ ਨਿਕਸੁਕ ਕੱਠਾ ਕਰਕੇ ਜਿਉ ਹੀ ਬਾਹਰ ਆਉਣ ਲੱਗਾ ਤਾਂ ਜਿਥੋਂ ਖੀਰੇ ਖਰੀਦੇ ਸਨ ਉਸ ਫੜ੍ਹੀ ‘ਤੇ ਇਕ ਭਾਊ ਉੱਚੀ ਉੱਚੀ ਗਾਹਲਾਂ ਕੱਢਦਾ ਸੁਣਾਈ ਦਿੱਤਾ।
“ਕਿੱਥੇ ਐ! ਚੋਰ ਦਾ ਪੁੱਤਰ।ਠੱਗ ਬਨਾਰਸੀ।ਹਰਾ…….. ਦਾ ….!” ਜੋ ਮੂੰਹ ‘ਚ ਆ ਰਿਹਾ ਸੀ ਭਾਊ ਬੋਲੀ ਜਾ ਰਿਹਾ ਸੀ।
ਮੈ ਮਾਜ਼ਰਾ ਪਤਾ ਕਰਨ ਦੇ ਲਹਿਜੇ ਵਿਚ ਜਾ ਕੇ ਭਾਊ ਨੂੰ ਪੁੱਛਿਆ,”ਕਿ ਹੋਇਆ ਭਾਊ ਬੜਾ ਤੱਤਾ ਹੋਇਐ।”
“ਇਥੇ ਬੈਠੇ ਚੋਰ ਦੇ ਪੁੱਤਰ ਨੇ ਸਾਥੋਂ ਪੰਦਰਾਂ ਸੋ ਠੱਗ ਲਏ।” ਜੁਆਬ ਭਾਊ ਦੇ ਸਾਥੀ ਨੇ ਦਿੱਤਾ।
“ਪੂਰੀ ਗੱਲ ਦੱਸੋ।”ਮੇਰੇ ਵਾਂਗ ਸੁਆਦ ਲੈਣ ਜੁੜੀ ਭੀੜ ਵਿੱਚੋ ਇਕ ਨੇ ਪੁੱਛਿਆ।
ਗਾਹਲਾਂ ਕੱਢਣ ਵਾਲੇ ਭਾਊ ਵੱਲ ਇਸ਼ਾਰਾ ਕਰਕੇ ਭਾਊ ਦਾ ਸਾਥੀ ਬੋਲਿਆ, “ਗੱਲ ਕੀ ਭਰਾਵੋ,ਅਸੀਂ ਭਾਅ ਜੀ ਦੀ ਕੁੜੀ ਦੇ ਵਿਆਹ ਵਾਸਤੇ ਸਬਜ਼ੀ ਲੈਣ ਆਏ ਸੀ।ਹਲਵਾਈ ਦੀ ਪਰਚੀ ਵਿਚ ਪੱਚੀ ਕਿੱਲੋ ਖੀਰੇ ਲਿਖੇ ਸੀ,ਏਥੇ ਇਕ ਠੱਗ ਬਨਾਰਸੀ ਖੀਰੇ ਵੇਚਦਾ ਪਿਆ ਸੀ।ਚਿਕਣੀਆਂ ਚੋਪੜੀਆਂ ਗੱਲਾਂ ਕਰਕੇ ਸਾਨੂੰ ਅਠਾਰਾਂ ਸੋ ਦੇ ਵੀਹ ਕਿੱਲੋ ਖੀਰੇ ਚੇਪ ਗਿਆ।”
“ਕੁਤ…….ਦਾ…….!” ਭਾਊ ਨੇ ਫੇਰ ਗਾਹਲ ਕੱਢੀ।
“ਪਰਚੀ ਵਿੱਚੋ ਕੁਝ ਚੀਜ਼ਾਂ ਰਹਿ ਗਈਆਂ , ਅਸੀਂ ਬਾਜ਼ਾਰ ਲੈਣ ਚੱਲੇ ਗਏ । ਓਥੇ ਜਾ ਕੇ ਪਤਾ ਚੱਲਿਆ ਕਿ ਖੀਰੇ ਦਾ ਭਾਅ ਤਾਂ! ਪੰਦਰਾਂ! ਰੁਪੈ ਕਿੱਲੋ ਐ।ਜਦ ਤੱਕ ਅਸੀਂ ਵਾਪਸ ਆਏ। ਠੱਗ ਭੱਜ ਗਿਆ।’
“ਪੰਦਰਾਂ ਸੋ ‘ਚ ਮਾਂਜ ਗਿਆ ਹਰਾ……… ਮ।” ਭਾਊ ਵਿੱਚੋ ਫੇਰ ਬੋਲ ਪਿਆ ।
“ਲੈ ਭਾਈ! ਕੇਸਰ ਸਿਆ ਠੱਗੀ ਤੇਰੇ ਨਾਲ ਵੀ ਪੰਦਰਾਂ ਦੀ ਮਾਰ ਗਿਆ।” ਮੈ ਅਪਣੇ ਆਪ ਨੂੰ ਕਿਹਾ।
ਹੁਣ ਮੈਨੂੰ ਵਾਰ ਵਾਰ ਟਮਾਟਰਾਂ ਦੇ ਭਾਅ ‘ਤੇ ਸ਼ੱਕ ਹੋਣ ਲੱਗਾ। ਮੈ ਦੋ ਤਿੰਨ ਰੇਹੜੀਆਂ ਤੋ ਭਾਅ ਪੁੱਛਕੇ ਤਸੱਲੀ ਕੀਤੀ ਤੇ ਘਰ ਨੂੰ ਚਾਲੇ ਪਾ ਦਿੱਤੇ।
ਸ਼ੇਰ ਚੰਦ ਕੇਸਰ।

Leave a Reply

Your email address will not be published. Required fields are marked *