ਘਰ ਬਣਾਉਣਾ ਤੇ ਘਰ ਦਾ ਸਮਾਨ ਬਨਾਉਣਾ ਇਨਸਾਨ ਦੀ ਫਿੱਤਰਤ ਹੈ। ਆਪਣੀ ਜੇਬ ਤੇ ਬਜਟ ਤੇ ਉਸ ਦੀ ਜਰੂਰਤ ਅਨੁਸਾਰ ਇਨਸਾਨ ਘਰ ਦਾ ਸਮਾਨ ਬਨਾਉਂਦਾ ਹੈ। ਫਿਰ ਜਿਵੇਂ ਜਿਵੇਂ ਗੁੰਜਾਇਸ ਹੁੰਦੀ ਹੈ ਜਾ ਬਹਾਨਾ ਬਣਦਾ ਹੈ ਜਾਂਦਾ ਹੈ ਉਹ ਕਈ ਚੀਜਾਂ ਅਜੇਹੀਆਂ ਬਣਾਉਣ ਦੀ ਕੋਸਿਸ ਕਰਦਾ ਹੈ ਜਿਹਨਾਂ ਦੀ ਜਰੂਰਤ ਉਸ ਨੂੰ ਕਦੇ ਕਦੇ ਪੈਂਦੀ ਹੈ। ਅਜੇਹੀਆਂ ਚੀਜਾਂ ਦਾ ਬੁੱਤਾ ਮੰਗ ਮੰਗਾ ਕੇ ਵੀ ਸਾਰ ਸਕਦਾ ਹੈ।ਕਈ ਆਦਮੀ ਬਚੇ ਬਚਾਏ ਸਮਾਨ ਦਾ ਭਾਵ ਵਾਧੂ ਘਾਟੂ ਸਮਾਨ ਨੂੰ ਬਿਲੇ ਲਾਉਣ ਲਈ ਵੀ ਕੁਝ ਨਾ ਕੁਝ ਬਣਾ ਲੈਂਦੇ ਹਨ।
ਜਦੋਂ ਮਕਾਨ ਬਨਾਉਣ ਲਈ ਘਰੇ ਮਿਸਤਰੀ ਲੱਗੇ ਹੁੰਦੇ ਹਨ ਤਾਂ ਚਿਪਸ ਦਾ ਫਰਸ ਬਨਾਉਣ ਵੇਲੇ ਜਨਾਨੀਆਂ ਅਕਸਰ ਪੱਥਰ ਦੇ ਦੋ ਚਾਰ ਚਕਲੇ ਤਾਂ ਬਨਵਾ ਹੀ ਲੈਂਦੀਆਂ ਹਨ।ਤੇ ਜਦੋਂ ਲੱਕੜ ਵਾਲੇ ਮਿਸਤਰੀ ਆ ਵੜ੍ਹਦੇ ਹਨ ਤਾਂ ਫਾਲਤੂ ਲੱਕੜਾਂ ਤੇ ਸਨਮਾਈਕਾ ਦੇ ਟੁਕੜਿਆ ਦੀ ਸੁਚੱਜੀ ਵਰਤੋਂ ਕਰਦੇ ਹੋਏ ਇੱਕ ਅੱਧਾ ਮੇਜ, ਸਟੂਲ ਜਾ ਰੈਕ ਤਾਂ ਬਣਵਾ ਹੀ ਲੈਂਦੀਆਂ ਹਨ।ਅੱਜ ਕੱਲ ਪੋੜੀ ਦਾ ਜਮਾਨਾਂ ਤਾਂ ਨਹੀ ਰਿਹਾ ।ਲੋਕ ਘੋੜੀ ਬਨਵਾ ਲੈਂਦੇ ਹਨ।
ਜਦੋ ਮੈਂ ਮਕਾਨ ਬਣਵਾਇਆ ਤਾਂ ਫਾਲਤੂ ਸਮਾਨ ਵੇਖ ਕੇ ਮੇਰੇ ਮਨ ਚ ਵੀ ਲਾਲਚ ਆ ਗਿਆ। ਸੋਚਿਆ ਹੁਣ ਨਾ ਹਿੰਗ ਲੱਗੇ ਨਾ ਫਟਕੜੀ ਮੁਫਤੋ ਮੁਫਤੀ ਆਪਣੀ ਵੀ ਘੋੜੀ ਬਣ ਜਾਵੇਗੀ। ਕਲ੍ਹ ਨੂੰ ਕੋਈ ਬਲਬ ਬਦਲਣਾ , ਕੋਈ ਫੋਟੋ ਟੰਗਣੀ ਹੋਵੇ ਕੋਈ ਮਾੜੀ ਮੋਟੀ ਮੁਰੰਮਤ ਕਰਵਾਣੀ ਹੋਵੇ ਤਾਂ ਸੋਖਾ ਹੋ ਜਾਵੇਗਾ। ਬਾਕੀ ਸਾਹਿਬਾਂ ਨੇ ਵੀ ਹੱਲਾ ਸaੇਰੀ ਦੇ ਦਿੱਤੀ। ਸੋਚਿਆ ਚਲੋ ਘਰੇ ਪਈ ਰਹੇਗੀ। ਨਾਲੇ ਕਦੇ ਕਿਸੇ ਆਂਢੀ ਗੁਆਂਢੀ ਨੂੰ ਲੋੜ ਪਈ ਤਾਂ ਉਹਨਾਂ ਦੇ ਕੰਮ ਆਊ। ਇਹ ਕਿਹੜਾ ਪੈਟਰੋਲ ਤੇ ਚਲਦੀ ਹੈ।
ਮਿਸਤਰੀ ਨੇ ਲਿਹਾਜ ਕਰਕੇ ਅਤੇ ਡੂੰਘੀ ਦਿਲਚਸਪੀ ਲੈ ਕੇ ਇੱਕ ਵਧੀਆ ਘੋੜੀ ਬਣਾ ਦਿੱਤੀ। ਦਿਲਚਸਪੀ ਵਾਲੀ ਗੱਲ ਇਉਂ ਹੈ, ਬਈ ਜੇ ਮਿਸਤਰੀ ਸਿੱਧਾ ਨਾ ਹੋਵੇ ਤਾਂ ਲੱਕੜ ਟੇਡੀ ਹੋ ਜਾਂਦੀ ਹੈ। ਜੇ ਮਿਸਤਰੀ ਦਾ ਮੂਡ ਨਾ ਹੋਵੇ ਤਾਂ ਉਹ ਸਮਾਨ ਨੂੰ ਇਧੱਰ ਉਧਰ ਕਰਕੇ ਜਵਾਬ ਦੇ ਦਿੰਦਾ ਹੈ। ਤੁਸੀ ਬੇਵੱਸ ਹੋ ਜਾਂਦੇ ਹੋ ਤੇ ਕੁਝ ਬੋਲ ਵੀ ਨਹੀ ਸਕਦੇ। ਪਰ ਸਾਬਾਸ਼ੇ ਉਸ ਮਿਸਤਰੀ ਦੇ ਜਿਸ ਨੇ ਰੀਝ ਲਾ ਕੇ ਘੋੜੀ ਬਣਾ ਦਿੱਤੀ। ਤੇ ਸ਼ੁਰੂ ਹੋ ਗਿਆ ਮੇਰੀ ਮੁਸ਼ਕਲਾਂ ਦਾ ਦੋਰ।
ਹੁਣ ਜਿਸ ਨੂੰ ਵੀ ਲੋੜ ਹੁੰਦੀ ਹੈ, ਆ ਧਮਕਦਾ ਹੈ ਵੇਲੇ ਕੁਵੇਲੇ ਘੋੜੀ ਲੈਣ। ਸੁਵੱਖਤੇ, ਸਿਖਰ , ਦੁਪਹਿਰੇ ਜਾ ਦੇਰ ਰਾਤ ਨੂੰ। “ਅੰਕਲ ਜੀ ਘੋੜੀ ਚਾਹੀਦੀ ਸੀ। ਵੈਸੇ ਤਾਂ ਕੋਈ ਖਾਸ ਜਰੂਰਤ ਨਹੀ ਸੀ। ਮੈਂ ਆਖਿਆ ਅੰਕਲ ਕੇ ਹੈਗੀ ਘੋੜੀ ਹੁਣੇ ਲੈ ਆਉਂਦਾ ਹਾਂ।’ ਫਿਰ ਵਾਪਿਸ ਖੁਦ ਹੀ ਲਿਆਉਣੀ ਪੈਂਦੀ ਹੈ।ਉਹ ਵੀ ਪਹਿਲਾਂ ਯਾਦ ਕਰਨੀ ਪੈਂਦੀ ਹੈ ਕਿ ਕੋਣ ਲੈ ਗਿਆ ਸੀ। “ਸਾਡਾ ਤਾਂ ਬਸ ਦੋ ਮਿੰਟ ਦਾ ਹੀ ਕੰਮ ਸੀ ਉਸ ਦਿਨ ਦੀ ਵਹਿਲੀ ਪਈ ਹੈ। ਮੈਂ ਤਾਂ ਆਖਿਆ ਸੀ ਵਾਪਿਸ ਕਰ ਆਉ ਪਰ ਜੁਆਕ ਕਿਹੜਾ ਸੁਣਦੇ ਹਨ ਅਜ ਕਲ। ‘
ਕਈ ਆਉਂਦੇ ਘੋੜੀ ਲੈਣ ਹੀ ਹਨ ਕਿਉਕਿ ਉਹ ਜਦੋ ਵੀ ਆਏ ਹਨ ਘੋੜੀ ਲੈਣ ਹੀ ਆਏ ਹਨ। ਪਰ ਘੋੜੀ ਮੰਗਣ ਤੋਂ ਪਹਿਲਾਂ ਦੱਸ ਪੰਦਰਾਂ ਮਿੰਟ ਭੂਮਿਕਾ ਬੰਨਣ ਤੇ ਲਾ ਦਿੰਦੇ ਹਨ। ਆਲਤੂ ਫਾਲਤੂ ਇਧੱਰ ਉਧਰ ਦੀਆਂ ਗੱਲਾਂ ਮਾਰ ਕੇ ਫਿਰ ਘੋੜੀ ਆਲੀ ਗੱਲ ਤੇ ਆਉਂਦੇ ਹਨ। ਬੰਦਾ ਪੁੱਛੇ ਬਈ ਤੂੰ ਘੋੜੀ ਲੈ ਤੇ ਤੁਰਦਾ ਬਣ। ਕਿਉਂ ਐਂਵੇ ਬਿਨਾ ਸਿਰ ਪੈਰ ਦੀਆਂ ਮਾਰੀ ਜਾਂਦਾ ਹੈਂ।ਹਾਸੀ ਵੀ ਆਉਂਦੀ ਹੈ ਤੇ ਗੁੱਸਾ ਵੀ। ਅਗਲਾ ਗੇਟ ਬੰਦ ਕਰਨ ਨੂੰ ਖੜ੍ਹਾ ਹੁੰਦਾ ਹੈ ਚੱਪਲਾਂ ਪਾਈ ਤੇ “ਇਹ ਹੋਰ ਫਿਰ ਹੋਰ ਫਿਰ’ ਪੁੱਛੀ ਜਾਣਗੇ।
ਕਈ ਮਹਾਂ ਪੁਰਸ਼ ਬਿਨਾਂ ਦੱਸੇ ਪੁੱਛੇ ਹੀ ਆਪੇ ਚੁੱਕ ਕੇ ਲੈ ਜਾਂਦੇ ਹਨ।ਫਿਰ ਕਈ ਕਈ ਦਿਨ ਵਾਪਿਸ ਨਹੀ ਕਰਦੇ। ਜਦੋ ਘਰੇ ਲੋੜ ਪੈਂਦੀ ਹੈ ਤਾਂ ਫਿਰ ਸ਼ੂਰੂ ਹੁੰਦਾ ਹੈ ਅਪ੍ਰੇਸ਼ਨ ਤਲਾਸ਼ ਏ ਘੋੜੀ। ਜਿਸ ਘਰੋ ਮਿਲਜੇ ਅਗਲਾ ਖਚਰੇ ਜਿਹੇ ਦੰਦ ਕੱਢ ਕੇ ਦਿਖਾ ਦਿੰਦਾ ਹੈ। “ਚਲੋ ਇਸ ਬਹਾਨੇ ਤੁਸੀ ਸਾਡੇ ਘਰੇ ਆ ਗਏ। ਅਗਲਾ ਪੁੱਛੇ ਤੇਰੀ ਘਰਆਲੀ ਨੇ ਫਿਰ ਕਿਹੜਾ ਮੈਂਗੋ ਸ਼ੇਕ ਬਣਾ ਲਿਆ ਪੁੱਛੀ ਤਾਂ ਪਾਣੀ ਦੀ ਘੁੱਟ ਵੀ ਨਹੀ।ਫਿਰ ਵੀ ਅਗਲਾ ਇਉ ਅਹਿਸਾਣ ਕਰਦਾ ਹੈ ਜਿਵੇਂ ਘੋੜੀ ਇਹਨਾਂ ਘਰੋ ਮੰਗਣ ਆਏ ਹੋਈਏ।
ਚਲੋ ਕੋਈ ਜਾਣ ਪਹਿਚਾਣ ਦਾ ਹੋਵੇ, ਕੋਈ ਆਂਢੀ ਗੁਆਂਢੀ ਮੰਗਣ ਆ ਜਾਵੇ ਤਾਂ ਕੋਈ ਗੱਲ ਨਹੀ। ਅਗਾਂਹ ਦੀ ਅਗਾਂਹ ਸੁਣ ਸੁਣਾ ਕੇ ਫਲਾਣੇ ਦਾ ਫਲਾਣਾ ਚਲਾ ਆਉਂਦਾ ਹੈ ਘੋੜੀ ਮੰਗਣ।ਫਿਰ ਜਿਨ੍ਹਾ ਚਿਰ ਪੁਰਾਣਾ ਮਕਾਨ ਢਹਿ ਕੇ ਨਵਾਂ ਨਾ ਬਣ ਜਾਵੇ, ਰੰਗ ਰੋਗਣ ਨਾ ਹੋ ਜਾਵੇ, ਘੋੜੀ ਵਾਪਿਸ ਮੋੜਨ ਦਾ ਸਵਾਲ ਪੈਦਾ ਨਹੀ ਹੁੰਦਾ।
ਪਿੱਛਲੇ ਸਾਲ ਇੱਕ ਕਰੀਬੀ ਰਿਸ਼ਤੇਦਾਰ ਨੇ ਪੁਰਾਣਾ ਮਕਾਨ ਖਰੀਦਿਆ। ਨਵਾਂ ਮਕਾਨ ਬਨਾਉਣ ਦਾ ਪ੍ਰੋਗਰਾਮ ਸੀ। ਲਉ ਜੀ ਲੈ ਗਏ ਆਪਣੀ ਘੋੜੀ ਸੇਵਾ ਲਈ। ਆਪਣੀ ਘੋੜੀ ਦੇ ਨਾਲ ਨਾਲ ਤਿੰਨ ਚਾਰ ਕਿਰਾਏ ਦੀਆਂ ਘੋੜੀਆ ਦੀਆਂ ਸੇਵਾਵਾਂ ਵੀ ਲਈਆਂ ਗਈਆਂ।ਕਿਉਂਕਿ ਇੱਕ ਘੋੜੀ ਦਾ ਮਤਲਵ ਘੱਟੋ ਘੱਟ ਦਸ ਰੁਪਏ ਦੀ ਚੇਪੀ ਸੀ। ਫਿਰ ਉਹਨਾਂ ਘਰੇ ਕਿਰਾਏ ਆਲੀਆਂ ਘੋੜੀਆਂ ਦਾ ਆਉਣ ਜਾਣ ਸਾਰਾ ਸਾਲ ਬਣਿਆ ਰਿਹਾ ਪਰ ਆਪਣੀ ਘੋੜੀ ਹੀ ਸਾਲ ਭਰ ਲਈ ਪੱਕੀ ਸੇਵਾ ਤੇ ਸੀ। ਕੋਈ ਐਤਵਾਰ ਦੀ, ਦਿਵਾਲੀ ਦੁਸਹਿਰੇ ਦੀ ਛੁੱਟੀ ਨਹੀ।
ਮਕਾਨ ਬਣ ਗਿਆ ਪੀ ਓ ਪੀ ਤੇ ਲੈ ਕੇ ਰੰਗ ਰੋਗਣ ਸਭ ਕੁਝ ਆਪਣੀ ਘੋੜੀ ਨੇ ਆਪਣੇ ਪਿੰਡੇ ਤੇ ਹੰਡਾਇਆ। ਕੰਮ ਮੁਕਣ ਤੇ ਜਦੋਂ ਉਹ ਥੋੜੀ ਜਿਹੀ ਜਖਮੀ ਹੋ ਗਈ ਤਾਂ ਉਹਨਾਂ ਨੇ ਛੱਤ ਤੇ ਆਰਾਮ ਕਰਣ ਲਈ ਰੱਖ ਦਿੱਤੀ। ਆਖਿਰ ਜਦੋਂ ਘੋੜੀ ਨੂੰ ਲੈਣ ਗਏ ਤਾਂ ਘੋੜੀ ਨੂੰ ਤਾਂ ਵਾਪਿਸ ਲੈ ਆਏ ਪਰ ਕਰੀਬੀ ਰਿਸ਼ਤੇ ਨੂੰ ਸਦਾ ਲਈ ਦਫਨ ਕਰ ਆਏ। ਹੁਣ ਉਸ ਭਾਈ ਦੇ ਦੂਰੋਂ ਦਰਸ਼ਨ ਤਾਂ ਹੁੰਦੇ ਹਨ ਪਰ ਉਹ ਰਾਮ ਰਮਈਆ ਨਹੀ ਕਰਦਾ। ਇਹ ਸਭ ਸਾਡੀ ਪਿਆਰੀ ਘੋੜੀ ਕਰਕੇ ਹੀ ਹੋਇਆ ਹੈ। ਸੋਚਦਾ ਹਾਂ ਕਿਉ ਬਣਾਈ ਯਾਰ ਮੈ ਇਹ ਘੋੜੀ ।
ਰਮੇਸ ਸੇਠੀ ਬਾਦਲ
ਸੰਪਰਕ 98 766 27 233