ਪਿਛਲੇ ਸੱਤ ਸਾਲਾਂ ਵਿੱਚ ਐਥੇ ਰਹਿੰਦਿਆਂ ਮੈਂ ਕਾਫੀ ਹਾਦਸੇ ਸੁਣ ਲਏ ਜਿਨ੍ਹਾਂ ਵਿੱਚ ਬਹੁਗਿਣਤੀ ਆਤਮਹੱਤਿਆ ਕਰਨ ਵਾਲੇ 20-24 ਸਾਲ ਵਾਲੇ ਮੁੰਡੇ ਕੁੜੀਆਂ ਦੀ ਹੈ । ਸੁਨਿਹਰੇ ਭਵਿੱਖ ਦੀ ਖਾਤਿਰ ਬੱਚਿਆਂ ਨੂੰ ਬਾਹਰ ਭੇਜਣ ਵਿੱਚ ਕੋਈ ਹਰਜ ਨਹੀਂ । ਪਰ ਹਰੇਕ ਬੱਚਾ ਇੱਕੋ ਜਿਹਾ ਨਹੀਂ । ਹਰੇਕ ਦਾ ਰਹਿਣ ਸਹਿਣ, ਆਲਾ ਦੁਆਲਾ, ਘਰ ਪਰਿਵਾਰ ਦੇ ਹਲਾਤ, ਪਾਲਣ ਪੋਸ਼ਣ ਤੇ ਮਾਨਸਿਕਤਾ ਵੱਖੋ ਵੱਖਰੀ ਹੈ । ਕਿਸੇ ਘਰ ਦਾ 20 ਸਾਲਾ ਜਵਾਕ ਵੀ 25-30 ਸਾਲਾਂ ਵਾਲੀ ਸੋਝੀ ਰੱਖਦਾ ਪਰ ਕਿਸੇ ਕਿਸੇ 25 ਸਾਲਾਂ ਦਿਆਂ ਨੂੰ ਵੀ ਆਟੇ ਦਾਲ ਦੇ ਭਾਅ ਨਹੀਂ ਪਤਾ ਹੁੰਦਾ । ਇਹਦੇ ਵਿੱਚ ਬੱਚੇ ਦਾ ਕੋਈ ਦੋਸ਼ ਨਹੀਂ, ਓਹਨੂੰ ਨਹੀਂ ਪਤਾ ਕਿ ਕਨੇਡਾ ਦਾ ਸਟੱਡੀ ਵੀਜ਼ਾ ਓਹਨੂੰ ਕਿੱਥੋਂ ਕਿੱਥੇ ਲੈ ਕੇ ਜਾ ਰਿਹਾ । ਉੱਤਰਦੇ ਸਾਰ ਹਰੇਕ ਨੂੰ ਇੱਕ ਵਾਰ ਤਾਂ ਨਾਨੀ ਚੇਤੇ ਆ ਹੀ ਜਾਂਦੀ ਆ । ਘਰ ਨੂੰ ਮੁੜਨ ਦੇ ਖਿਆਲ ਵੀ ਆਓਂਦੇ ਨੇ । ਇਸ ਵੇਲੇ ਘਰਦਿਆਂ ਦਾ ਵੀ ਫਰਜ ਬਣਦਾ ਕਿ ਜਵਾਕ ਨੂੰ ਸਮਝਾਓ, ਕਦੇ ਕਦੇ ਘਰਦਿਆਂ ਦੀ ਘੂਰ ਤੇ ਵਾਪਿਸ ਨਾ ਮੁੜ ਸਕਣ ਦੀ ਬੇਵਸੀ ਓਨ੍ਹਾਂ ਨੂੰ ਆਤਮਦਾਹ ਵੱਲ ਧੱਕ ਦਿੰਦੀ ਹੈ।
ਇਸ ਮਾੜੇ ਚਲਣ ਦੇ ਦੋਸ਼ੀ ਸਾਡੇ ਵਿੱਚੋਂ ਪਹਿਲਾਂ ਦੇ ਆਏ ਹੋਏ ਵੀ ਨੇ । ਚੱਕਵੀਆਂ ਫੋਟੋਆਂ ਪਾਓਣ ਨੂੰ ਮੈਂ ਬੁਰਾ ਨੀ ਕਹਿੰਦਾ ਪਰ ਇਹਦੇ ਨਾਲ ਨਾਲ ਓੱਥੇ ਬੈਠਿਆਂ ਨੂੰ ਬਾਕੀ ਦੇ ਹਲਾਤਾਂ ਤੋਂ ਵੀ ਜਾਣੂ ਕਰਵਾਓ। ਦੱਸੋ ਕਿ ਕਿਵੇਂ ਥਾਂ ਥਾਂ ਸੀਵੀ ਵੰਡ ਵੰਡ ਕਿ ਕੰਮ ਲੱਭਿਆ ਜਾਂਦਾ, ਕੰਮਾਂ ਤੇ ਮਾਲਕਾਂ ਵੱਲੋਂ ਕੀਤੀ ਜਾਂਦੀ ਹੇਰਾ ਫੇਰੀ ਦੱਸੋ, ਸਮਝਾਓ ਕਿ ਪੈਸੇ ਦਾ ਕੀ ਤੇ ਕਿਵੇਂ ਹਿਸਾਬ ਕਿਤਾਬ ਹੁੰਦਾ, ਚੰਗਿਆਂ ਦੇ ਨਾਲ ਨਾਲ ਮਾੜੇ ਦਿਨਾਂ ਤੋਂ ਵੀ ਜਾਣੂ ਕਰਵਾਓ । ਬਾਕੀ ਮਾਪਿਆਂ ਨੂੰ ਵੀ ਬੇਨਤੀ ਆ ਕਿ ਸਿਰਫ ਸ਼ਰੀਕੇ ਚ ਬਰਾਬਰੀ ਲਈ ਜਵਾਕਾਂ ਨੂੰ ਬਾਹਰ ਨਾ ਧੱਕੋ । ਜੇ ਮੁੰਡੇ ਤੋਂ IELTS ਨਹੀਂ ਹੁੰਦੀ ਤਾਂ ਕੁੜੀ ਨੂੰ ਮਜਬੂਰ ਕਰਕੇ ਨਾ ਭੇਜੋ ।
ਬੇਨਤੀ ਆ ਕਿ ਆਪਣੇ ਜਵਾਕ ਨਾਲ ਖੁੱਲ ਕੇ ਗੱਲ ਕਰੋ, ਆਓਣ ਵਾਲੇ ਭਵਿੱਖ ਦੇ ਸਿਰਫ ਸੁਫਨੇ ਨਾ ਦਿਖਾਓ, ਇੱਥੇ ਦੇ ground level ਤੋੰ ਜਾਣੂ ਕਰਵਾਓ । ਆਪਣੇ ਬੈੜ੍ਹੇ ਦੇ ਦੰਦ ਗਿਣੇ ਹੀ ਹੁੰਦੇ ਨੇ, ਦੇਖੋ ਕਿ ਤੁਹਾਡਾ ਜਵਾਕ ਇਸ ਕਾਬਲ ਹੈ ਵੀ ਜਾਂ ਨਹੀਂ। ਇੱਥੇ ਆਏ ਹੋਏ ਜਵਾਕ ਨੂੰ ਬਸ ATM ਮਸ਼ੀਨ ਨਾ ਸਮਝ ਕਿ ਓਹਦੇ ਨਾਲ ਖੁੱਲ ਕੇ ਗੱਲ ਕਰੋ । ਹੋਂਸਲਾ ਦਿਓ, ਹਿੰਮਤ ਦਿਓ । ਮੰਨਦੇ ਹਾਂ ਕਿ ਪੈਸੇ ਬਹੁਤ ਲੱਗਦੇ ਨੇ ਜਵਾਕ ਭੇਜਣ ਤੇ, ਪਰ ਕੱਲੇ ਪੈਸੇ ਸਭ ਕੁਝ ਨਹੀਂ । PAU ਚੋਂ ਮਹਿੰਗਾ ਬੀਜ ਲਿਆ ਕੇ ਵਿਹੜੇ ਲਾ ਦੇਣ ਨਾਲ ਬੂਟਾ ਨਹੀਂ ਓੱਗਦਾ, ਓਹਨੂੰ ਖਾਦ ਪਾਣੀ ਲਾਓਣਾ ਪੈਂਦਾ, ਗਰਮੀ ਸਰਦੀ ਦੇਖਣੀ ਪੈਂਦੀ, ਜੇ ਟਾਹਣਾ ਟੇਢਾ ਹੰਦਾ ਹੋਵੇ ਤਾਂ ਨਾਲ ਸਹਾਰਾ ਦੇ ਕੇ ਰੱਸੀ ਬੰਨ੍ਹ ਕੇ ਸਿੱਧਾ ਕਰਣਾ ਪੈਂਦਾ । ਕਰਕੇ ਤਾਂ ਦੇਖੋ, ਇੱਕ ਦਿਨ ਤੁਹਾਡੇ ਬੂਟੇ ਨੂੰ ਵੀ ਬੂਰ ਪਊਗਾ ਤੇ ਤੁਸੀਂ ਬਾਓੁਮਰ ਇਸਦੀ ਛਾਂ ਵੀ ਮਾਣੋਗੇ ।
– ਅਰਮਾਨ