ਮੁਹੱਬਤ ਬਹੁਤ ਖੂਬਸੂਰਤ ਜਿਹਾ ਲਫ਼ਜ਼।
ਕਿਸੇ ਦਾ ਹੋ ਜਾਣਾ ਜਾਂ ਫਿਰ ਕਿਸੇ ਨੂੰ ਆਪਣਾ ਕਰ ਲੈਣਾ। ਇੱਕ ਵਹਿਣ ਜਿਸ ਵਿੱਚ ਹਰ ਕੋਈ ਬਿਨਾਂ ਸੋਚੇ ਸਮਝੇ ਰੁੜ ਜਾਂਦਾ। ਇੱਕ ਐਸੀ ਮਰਜ਼ ਜਿਸਦਾ ਕੋਈ ਇਲਾਜ ਨਹੀਂ ਉਹਦਾ ਮਿਲ ਜਾਣਾ ਈ ਖ਼ੁਦਾ ਦੀ ਆਮਦ ਲੱਗਦਾ। ਉਸਤੋਂ ਵੀ ਖੂਬਸੂਰਤ ਏ ਮੁਹੱਬਤ ਦਾ ਅਹਿਸਾਸ। ਜਦੋਂ ਸਾਨੂੰ ਕੋਈ ਸਾਡੇ ਵਰਗਾ ਮਿਲ ਜਾਂਦਾ ਜੋ ਸਾਨੂੰ ਸਮਝਦਾ ਵੀ ਤੇ ਸਮਝਾਉਦਾ ਵੀ ਜਿਹਦੇ ਨਾਲ ਗੱਲ ਕਰਕੇ ਦੁੱਖ ਅੱਧੇ ਤੇ ਸੁੱਖ ਦੁੱਗਣੇ ਹੋ ਜਾਂਦੇ। ਕੋਈ ਰੂਹ ਦਾ ਹਾਣੀ ਜਿਹਨੂੰ ਮਿਲਕੇ ਖੁਸ਼ੀਆਂ ਵਿੱਚ ਵਾਧਾ ਹੋ ਜਾਂਦਾ। ਜਿਹਦੇ ਹਾਸਿਆਂ ਅੱਗੇ ਸਾਰੀ ਕਾਇਨਾਤ ਫਿੱਕੀ ਲੱਗਦੀ ਉਹ ਕੋਈ ਅਜ਼ਲਾਂ ਦੀ ਸਾਂਝ ਜਿਹਾ ਜਾਪਦਾ ਜਿਹੜਾ ਕੋਹਾਂ ਦੂਰ ਹੋ ਕੇ ਵੀ ਸਾਡੇ ਨੇੜੇ ਤੇੜੇ ਵੱਸਦਾ। ਹਰ ਕੋਈ ਇੱਦਾ ਦਾ ਹਮਸਫ਼ਰ ਲੱਭਦਾ।
ਇਹ ਪਾਕ ਮੁਹੱਬਤਾਂ ਰੂਹ ਦੇ ਹਾਣ ਦੀਆਂ ਹੁੰਦੀਆਂ ਰੂਹ ਤੋਂ ਲੱਗੀਆ ਹੁੰਦੀਆਂ ਤੇ ਰੂਹ ਨੂੰ ਰੱਜ ਆਉਣ ਲੱਗ ਪੈਦਾ ਫੇਰ ਦੁਨੀਆਂ ਚਾਹੇ ਲੱਖ ਸੋਹਣੀ ਵੱਸਦੀ ਹੋਵੇ ਬੰਦਾ ਕਿਸੇ ਹੋਰ ਵੱਲ ਝਾਕਦਾ ਵੀ ਨਹੀਂ।
ਪਰ ਕਹਿੰਦੇ ਆ ਨੇ ਕਿ ਲਾਉਣੀਆਂ ਸੌਖੀਆਂ ਨਿਭਾਉਣੀਆਂ ਔਖੀਆਂ। ਹਰ ਕੋਈ ਉਨਾ ਹੀ ਸਾਥ ਨਿਭਾਉਂਦਾ ਜਿੰਨਾ ਕਿਸਮਤ ਵਿੱਚ ਲਿਖਿਆ ਹੁੰਦਾ ਕਈਆਂ ਨੂੰ ਉਹਨਾਂ ਦੀ ਮੁਹੱਬਤ ਮਿਲ ਜਾਂਦੀ ਤੇ ਕਈਆਂ ਦੀ ਇਸ ਜਾਤ-ਪਾਤ ਅਮੀਰੀ ਗਰੀਬੀ ਦੀ ਭੇਂਟ ਚੜ ਜਾਂਦੀ। ਫੇਰ ਉਹੀ ਹਾਲ ਹੁੰਦਾ ਹੱਸ-ਹੱਸ ਲਾਈਆਂ ਤੇ ਰੋ-ਰੋ ਗਵਾਈਆ। ਕਈ ਵਾਰ ਹਾਰਨਾ ਪੈਦਾਂ ਕਿਸੇ ਹੋਰ ਦੀ ਖੁਸ਼ੀ ਲਈ।
ਪਰ ਕਿਸਮਤ ਤੇ ਕਾਹਦਾ ਰੋਸਾ ਆਪਣਿਆਂ ਨਾਲ ਕਾਹਦੀ ਸ਼ਿਕਾਇਤ।
ਸ਼ਾਲਾ ਸਭ ਦੀਆਂ ਮੁਹੱਬਤਾਂ ਵੱਸਦੀਆਂ ਰਹਿਣ।
ਕਦੇ ਮਿਲੇ ਸੀ ਕਿਸੇ ਰਾਹਾਂ ਤੇ
ਕੁਝ ਸੁਣ ਲਈਆਂ ਕੁਝ ਕਹਿ ਲਈਆਂ
ਵਿਛੜਨਾ ਜਿੰਦਗੀ ਦੀ ਰੀਤ ਹੈ
ਬੱਸ ਯਾਦਾਂ ਪੱਲੇ ਰਹਿ ਗਈਆ।
ਮਨਸੀਰਤ ਬਜਾਜ