“ਬਾਊ ਜੀ ਸੋਨੂੰ ਡੀਸੀ ਸਾਬ ਨੇ ਬੁਲਾਇਆ ਹੈ।” ਮੈਨੂੰ ਤੇ ਮੇਰੇ ਕੁਲੀਗ ਨੂੰ ਦਫਤਰ ਦੀ ਸਾਈਡ ਤੇ ਲੱਗੇ ਕੰਪਿਊਟਰ ਟੇਬਲ ਤੇ ਰੋਟੀ ਖਾਂਦਿਆਂ ਨੂੰ ਹੀ ਸਾਡੇ ਸਕੂਲ ਦੀ ਲੇਡੀ ਪੀਅਨ ਸ਼ਹੀਦੋ ਨੇ ਕਿਹਾ। ਭਾਵੇਂ ਉਸਦਾ ਪੂਰਾ ਨਾਮ ਰਸ਼ੀਦਾ ਬੇਗਮ ਸੀ ਪਰ ਅਸੀਂ ਸਾਰੇ ਉਸਨੂੰ ਸ਼ਹੀਦੋ ਹੀ ਕਹਿੰਦੇ ਸੀ।
“ਸਾਬ ਨੂੰ ਕਹਿਦੇ ਕਿ ਦੋਨੇ ਬਾਊ ਰੋਟੀ ਖਾਈ ਜਾਂਦੇ ਹਨ। ਅੱਧੇ ਘੰਟੇ ਨੂੰ ਆਉਣਗੇ।” ਮੇਰੇ ਦਫਤਰ ਦੇ ਬਾਹਰ ਆਉਂਦੇ ਹੋਏ ਮੇਰੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੈਣੀ ਜੀ ਨੇ ਦੋ ਟੁੱਕ ਲਫ਼ਜ਼ਾਂ ਵਿੱਚ ਜਬਾਬ ਦਿੱਤਾ। ਦਰਅਸਲ ਉਸ ਦਿਨ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਕੂਲ ਆਏ ਹੋਏ ਸਨ। ਜੋ ਖਾਣਾ ਖਾਣ ਤੋਂ ਬਾਦ ਸਕੂਲ ਦੇ ਗੈਸਟ ਰੂਮ ਵਿੱਚ ਅਰਾਮ ਕਰ ਰਹੇ ਸਨ। ਸਟੇਟ ਪੱਧਰ, ਜ਼ਿਲ੍ਹਾ ਪੱਧਰ ਦੀ ਅਫਸਰਸ਼ਾਹੀ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਐਸ ਸੂਦਨ ਪ੍ਰਿੰਸੀਪਲ ਸਾਹਿਬ ਦੇ ਦਫਤਰ ਬੈਠੇ ਗੱਲਾਂ ਮਾਰਨ ਵਿਚ ਮਸ਼ਰੂਫ ਸਨ। ਉਹਨਾਂ ਕਿਸੇ ਦਫ਼ਤਰੀ ਕੰਮ ਲਈ ਸਾਨੂੰ ਬੁਲਾਇਆ ਸੀ। ਉਸ ਦਿਨ ਸਕੂਲ ਦੇ ਪਰੇਅਰ ਗਰਾਉਂਡ ਵਿੱਚ ਟੈਂਟ ਲਗਾਕੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਜਦੋਂ ਅਫਸਰਾਂ ਨੇ ਖਾਣਾ ਵਗੈਰਾ ਖਾ ਲਿਆ ਤਾਂ ਅਸੀਂ ਵੀ ਆਪਣਾ ਲੰਚ ਦਫਤਰ ਵਿੱਚ ਹੀ ਮੰਗਵਾ ਲਿਆ ਸੀ। ਚਾਰ ਵੱਜਣ ਵਾਲੇ ਸਨ ਤੇ ਸਾਨੂੰ ਭੁੱਖ ਵੀ ਲੱਗੀ ਹੋਈ ਸੀ। ਸ੍ਰੀ ਸੱਜਣ ਸਿੰਘ ਚੀਮਾ ਜੀ ਜੋ ਉਸ ਸਮੇਂ ਮਲੋਟ ਦੇ ਉਪ ਕਪਤਾਨ ਪੁਲਿਸ ਸਨ ਵੀ ਸਾਡੇ ਕੋਲ ਹੀ ਬੈਠੇ ਸਨ।
ਸ਼ਹੀਦੋ ਵਿੱਚ ਪ੍ਰਿੰਸੀਪਲ ਸਾਹਿਬ ਦਾ ਜਬਾਬ ਇੰਨ ਬਿੰਨ ਦੇਣ ਦੀ ਹਿੰਮਤ ਨਹੀਂ ਸੀ।
“ਆਉਂਦੇ ਹਨ ਜੀ।” ਕਹਿਕੇ ਸ਼ਹੀਦੋ ਨੇ ਵੀ ਗੱਲ ਗੋਲਮੋਲ ਕਰ ਦਿੱਤੀ।
ਮੈਨੂੰ ਪ੍ਰਿੰਸੀਪਲ ਦਾ ਇੰਜ ਸਪਸ਼ਟ ਕਹਿਣਾ ਬਹੁਤ ਵਧੀਆ ਲਗਿਆ। ਇਹੀ ਉਹਨਾਂ ਦੀ ਖੂਬੀ ਸੀ। ਉਹ ਸਹੀ ਗੱਲ ਕਹਿਣ ਤੋਂ ਝਿਜਕਦੇ ਨਹੀਂ ਸਨ। ਤੇ ਨਾ ਹੀ ਕਿਸੇ ਤੋਂ ਡਰਦੇ ਸਨ। ਮੌਕੇ ਦੇ ਅਫਸਰ ਨੂੰ ਇਹਨਾਂ ਠੋਕਕੇ ਕਹਿਣਾ ਹਰੇਕ ਦੇ ਵੱਸ ਦਾ ਰੋਗ ਨਹੀਂ ਹੁੰਦਾ। ਇਹਨਾਂ ਖੂਬੀਆਂ ਕਰਕੇ ਤਾਂ ਹੀ ਉਹ ਬਾਦਲ ਸਾਹਿਬ ਦੀਆਂ ਨਜ਼ਰਾਂ ਇਨਾਇਤ ਸਨ ਤੇ ਅੱਜ ਵੀ ਇਲਾਕੇ ਦਾ ਬੱਚਾ ਬੱਚਾ ਉਹਨਾਂ ਨੂੰ ਹੀ ਇੱਕ ਚੰਗੇ ਐਡਮਨਿਸਟਰੇਟਿਵ ਵਜੋਂ ਯਾਦ ਕਰਦਾ ਹੈ। ਹੋਰ ਭਾਵੇਂ ਕੋਈ ਸਕੂਲ ਮੁਖੀ ਆ ਜਾਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।