ਹੀਥਰੋ ਏਅਰਪੋਰਟ ਤੋਂ ਨੋਰਵਿੱਚ ਸ਼ਹਿਰ..ਛੇ ਸੌ ਪੌਂਡ ਤੋਂ ਵੀ ਉੱਤੇ ਦਾ ਟ੍ਰਿਪ..ਬੜਾ ਖੁਸ਼ ਸਾਂ..ਕਿੰਨੇ ਸਾਰੇ ਬਿੱਲ ਕਿਸ਼ਤਾਂ ਗ੍ਰੋਸਰੀਆਂ ਇੱਕੋ ਹੱਲੇ ਅਹੁ ਗਏ ਅਹੁ ਗਏ ਹੋਣ ਵਾਲੇ ਸਨ..!
ਸੱਠ ਕੂ ਸਾਲ ਦਾ ਗੋਰਾ ਮਿੱਥੇ ਸਮੇਂ ਬਾਹਰ ਆਇਆ..ਲੰਮਾ ਸਾਰਾ ਕਾਲਾ ਕੋਟ ਅਤੇ ਟੌਪ..ਕਾਲੀਆਂ ਐਨਕਾਂ..!
ਮੈਂ ਵਿਸ਼ ਕਰਕੇ ਟਰੰਕ ਖੋਲਿਆ..ਸਮਾਨ ਫੜਨ ਉਸ ਵੱਲ ਵਧਿਆ..ਪਰ ਇਸ਼ਾਰੇ ਨਾਲ ਮਨਾ ਕਰ ਦਿੱਤਾ..ਸਾਰਾ ਕੁਝ ਆਪ ਹੀ ਰੱਖਿਆ!
ਮਾਹੌਲ ਨੂੰ ਖੁਸ਼ਗਵਾਰ ਕਰਨ ਖਾਤਿਰ ਇਕ ਦੋ ਗੱਲਾਂ ਕੀਤੀਆਂ ਪਰ ਉਸਨੇ ਕੋਈ ਜੁਆਬ ਨਾ ਦਿੱਤਾ..!
ਮੈਂ ਧਾਰਨਾ ਬਣਾ ਲਈ ਕੇ ਰਿਜਰਵ ਰਹਿਣ ਵਾਲਾ ਕੋਈ ਘਮੰਡੀ ਗੋਰਾ ਏ..ਬਹੁਤੀ ਗੱਲ-ਬਾਤ ਕਰਨੀ ਪਸੰਦ ਨਹੀਂ ਕਰਦਾ..!
ਅੰਦਰ ਬੈਠ ਬਾਰੀ ਵਾਲੇ ਪਾਸੇ ਨਾਲ ਲੱਗ ਗਿਆ..ਮੈਂ ਗੱਡੀ ਤੋਰ ਲਈ..ਲੰਡਨ ਦੀਆਂ ਸੜਕਾਂ..ਮਾਰੋ ਮਾਰ ਕਰਦਾ ਟਰੈਫਿਕ..ਪੌਣੇ ਕੂ ਘੰਟੇ ਬਾਅਦ ਸ਼ਹਿਰੋਂ ਬਾਹਰ ਨਿੱਕਲ ਪਿੰਡਾਂ ਵਿਚੋਂ ਦੀ ਨਿੱਕਲਣ ਲੱਗੇ..ਅਚਾਨਕ ਧਿਆਨ ਗਿਆ ਉਹ ਸੌਂ ਗਿਆ ਸੀ..ਮੈਂ ਮਿਊਜ਼ਿਕ ਥੋੜਾ ਹੌਲੀ ਕਰ ਦਿੱਤਾ..!
ਸਵਾ ਕੂ ਸੌ ਕਿਲੋਮੀਟਰ ਮਗਰੋਂ ਗੱਡੀ ਥੈਟਫ਼ੋਰ੍ਡ ਸ਼ਹਿਰ ਕੋਲ ਅੱਪੜਨ ਲੱਗੀ ਤਾਂ ਇਸ਼ਾਰੇ ਨਾਲ ਹੌਲੀ ਕਰਵਾ ਲਈ..ਫੇਰ ਅੱਗਿਓਂ ਇੱਕ ਮੋੜ ਤੋਂ ਸੱਜੇ ਪਾਸੇ ਨੂੰ ਮੁੜਵਾ ਲਈ..!
ਇੱਕ ਪੁਰਾਣਾ ਚਰਚ ਸੀ..ਸੁਨਸਾਨ ਜਿਹਾ..ਆਸੇ ਪਾਸੇ ਕੋਈ ਬੰਦਾ ਪਰਿੰਦਾ ਨਹੀਂ..ਬ੍ਰੇਕ ਮਰਵਾ ਹੇਠਾਂ ਉੱਤਰ ਗਿਆ ਤੇ ਪੰਜ ਮਿੰਟ ਦਾ ਆਖ ਚਰਚ ਦੇ ਪਿਛਲੇ ਪਾਸੇ ਚਲਾ ਗਿਆ..!
ਹੈਰਾਨ ਸਾਂ ਪਤਾ ਨੀ ਕੀ ਕਰਨ ਗਿਆ..ਹੋ ਸਕਦਾ ਕਿਸੇ ਆਪਣੇ ਦੀ ਕਬਰ ਹੋਵੇ..ਫੇਰ ਸੋਚਿਆ ਇਹ ਫਿਲਾਸਫਰ ਟਾਈਪ ਲੋਕ..ਕਬਰਾਂ ਵਿਚੋਂ ਵੀ ਕਿੰਨਾ ਕੁਝ ਲੱਭ ਲੈਂਦੇ ਨੇ..ਆਪਣੇ ਸ਼ਹਿਰ ਦਾ ਸ਼ਿਵ ਕੁਮਾਰ ਚੇਤੇ ਆ ਗਿਆ..”ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ”
ਮਾਏਂ ਨੀ ਮਾਏਂ ਮੇਰੇ ਗੀਤਾਂ ਵਿਚੋਂ ਬਿਰਹੋਂ ਦੀ ਰੜਕ ਪਵੇ..ਅੱਧੀ ਅੱਧੀ ਰਾਤੀ ਉੱਠ..ਰੋਣ ਮੋਏ ਮਿੱਤਰਾਂ ਨੂੰ..ਮਾਏਂ ਸਾਨੂੰ ਨੀਂਦ ਨਾ ਪਵੇ..!
ਠੀਕ ਪੰਜ ਮਿੰਟ ਬਾਅਦ ਵਾਪਿਸ ਪਰਤਿਆ..ਮੈਂ ਵੇਖਿਆ ਗਿੱਲੀਆਂ ਅੱਖਾਂ ਪੂੰਝ ਰਿਹਾ ਸੀ..ਫੇਰ ਸੋਚ ਆਈ ਇਹ ਪੜੇ ਲਿਖੇ ਲੋਕ ਪਤਾ ਨਹੀਂ ਕਦੋਂ ਤੇ ਕਿਸ ਗੱਲ ਤੇ ਜਜਬਾਤੀ ਹੋ ਜਾਵਣ..ਖੈਰ ਮੈਨੂੰ ਇਸ ਨਾਲ ਕੀ..ਮੈਨੂੰ ਤੇ ਟ੍ਰਿਪ ਮਗਰੋਂ ਮਿਲਣ ਵਾਲੀ ਰਕਮ ਦਾ ਇੰਤਜਾਰ ਸੀ..ਸੋਚ ਲਿਆ ਕੇ ਲੰਡਨ ਵਾਪਿਸ ਮੁੜ ਅੱਜ ਮੀਟ ਬਣਾਉਣਾ..ਇੱਕ ਦੋ ਯਾਰ ਵੀ ਸੱਦ ਲੈਣੇ ਤੇ ਫੇਰ ਲੰਮੀ ਮਹਿਫ਼ਿਲ..ਕੱਲ ਵੈਸੇ ਵੀ ਸਬੱਬੀਂ ਐਤਵਾਰ ਹੀ ਹੈ..!
ਸੋਚਾਂ ਦੀ ਘੁੰਮਣ ਘੇਰੀ ਵਿਚ ਪਏ ਨੂੰ ਅਚਾਨਕ ਪਿੱਛਿਓਂ ਵਾਜ ਪਈ..ਗੋਰਾ ਪੰਜਾਬੀ ਵਿਚ ਪੁੱਛ ਰਿਹਾ ਸੀ..”ਤੈਨੂੰ ਪਤਾ ਮੈਂ ਜਜਬਾਤੀ ਕਿਓਂ ਹੋਇਆਂ”
ਮੈਂ ਏਧਰ ਓਧਰ ਵੇਖਿਆ..ਮੇਰਾ ਜ਼ਿਹਨ ਸ਼ਾਇਦ ਇਹ ਮੰਨਣ ਨੂੰ ਤਿਆਰ ਨਹੀਂ ਸੀ ਕੇ ਕੋਈ ਗੋਰਾ ਏਡੀ ਸੋਹਣੀ ਪੰਜਾਬੀ ਵੀ ਬੋਲ ਸਕਦਾ ਹੈ..!
ਤਸੱਲੀ ਹੋ ਜਾਣ ਮਗਰੋਂ ਸਭ ਤੋਂ ਪਹਿਲੋਂ ਇੱਕ ਗਿਲਾ ਕੀਤਾ..ਆਖਿਆ ਸਰ ਜੀ ਤੁਹਾਨੂੰ ਪੰਜਾਬੀ ਬੋਲਣੀ ਆਉਂਦੀ ਏ..ਕੋਈ ਇੰਗਲਿਸ਼ ਮੈਨ ਸਮਝ ਮੈਂ ਤੇ ਸਾਰੇ ਰਾਹ ਆਪਨੇ ਸਾਹ ਹੀ ਸੂਤੇ ਰੱਖੇ..!
ਉਸਨੇ ਇੱਕ ਵੇਰ ਫੇਰ ਪੁੱਛਿਆ..”ਦੱਸ ਖਾਂ ਭਲਾ ਮੈਂ ਰੋਇਆ ਕਿਓਂ ਸਾਂ”?
“ਨਹੀਂ ਜੀ ਮੈਨੂੰ ਨਹੀਂ ਪਤਾ..ਹੋ ਸਕਦਾ ਤੁਹਾਡਾ ਕੋਈ ਮਿੱਤਰ ਪਿਆਰਾ ਨਜਦੀਕੀ ਸਬੰਦੀ ਇਥੇ ਦਫ਼ਨ ਹੋਵੇ..”
ਆਖਣ ਲੱਗਾ ਓਏ ਭੋਲਿਆ ਮੇਰਾ ਨਹੀਂ ਸਗੋਂ ਸਾਰੀ ਕੌਂਮ ਦਾ ਮਿੱਤਰ ਪਿਆਰਾ ਇਥੇ ਦਫ਼ਨ ਏ..ਮਹਾਰਾਜੇ ਦਲੀਪ ਸਿੰਘ ਦੀ ਮੜੀ ਤੇ ਫੁਲ ਚਾੜ ਕੇ ਆਇਆ ਹਾਂ..ਮੇਰਾ ਪਿੰਡ ਬਡਰੁੱਖਾਂ..ਕਿਸੇ ਬਾਬੇ ਨੇ ਓਥੋਂ ਉਚੇਚੇ ਘੱਲੇ ਸਨ..ਅਖ਼ੇ ਪੁੱਤਰਾਂ ਰੋ ਤੇ ਸਕਦਾ ਨਹੀਂ ਪਰ ਮੇਰੇ ਵੱਲੋਂ ਆਹ ਜਰੂਰ ਚੜਾ ਦੇਵੀਂ..ਪਰ ਮੈਂ ਅੱਗੋਂ ਆਖਿਆ ਬਾਬਾ ਤੇਰੇ ਫੁੱਲ ਵੀ ਚੜਾਊਂਗਾ ਤੇ ਹੰਝੂ ਵੀ..ਹੁਣੇ ਹੁਣੇ ਉਸ ਬਾਬੇ ਜੀ ਵੱਲੋਂ ਘੱਲੇ ਦੋ ਚਾਰ ਹੰਝੂ ਵੀ ਆਪਣੇ ਵੱਲੋਂ ਮੜੀ ਤੇ ਵਗਾ ਕੇ ਆਇਆ ਹਾਂ..!
ਵਾਪਿਸ ਲੰਡਨ ਮੁੜਦਿਆਂ ਨੋਰਵਿੱਚ ਯੂਨੀਵਰਸਿਟੀ ਵਿਚ ਪੜਾਉਂਦੇ ਉਸ ਪ੍ਰੋਫੈਸਰ ਪਿਆਰਾ ਸਿੰਘ ਵੱਲੋਂ ਸਿੱਖ ਰਾਜ ਬਾਰੇ ਦੱਸੀਆਂ ਕਿੰਨੀਆਂ ਸਾਰੀਆਂ ਹੋਰ ਗੱਲਾਂ ਹੀ ਜ਼ਿਹਨ ਵਿਚ ਘੁੰਮਦੀਆਂ ਰਹੀਆਂ..ਵਾਪਿਸ ਪਰਤਦਿਆਂ ਓਥੇ ਆਪ ਮੁਹਾਰੇ ਹੀ ਬ੍ਰੇਕ ਲੱਗ ਗਈ ਤੇ ਮੜੀ ਤੇ ਬੈਠੇ ਦੇ ਦੋ ਚਾਰ ਮੇਰੇ ਵੀ ਵਹਿ ਤੁਰੇ..!
ਉਸ ਸ਼ਾਮ ਫੇਰ ਘਰੇ ਨਾ ਤਾਂ ਕੋਈ ਮਹਿਫ਼ਿਲ ਹੀ ਲੱਗੀ ਤੇ ਨਾ ਹੀ ਕੋਈ ਮੀਟ ਮੁਰਗਾ ਹੀ ਬਣਿਆ..ਸਾਰੀ ਰਾਤ ਬੱਸ ਮਹਾਰਾਜੇ ਦੀ ਜਿੰਦਗੀ ਤੇ ਬਣੀ ਬਲੈਕ ਪ੍ਰਿੰਸ ਵੇਖ ਵੇਖ ਕੱਲਾ ਹੀ ਹੰਝੂ ਵਹਾਉਂਦਾ ਰਿਹਾ..ਸੁਵੇਰੇ ਸੋਫੇ ਤੇ ਪਏ ਦੀਆਂ ਸੁੱਜੀਆਂ ਅੱਖਾਂ ਵੇਖ ਨਿਆਣਿਆਂ ਰੌਲਾ ਪਾ ਦਿੱਤਾ..ਮੋਮ ਵੇਖ ਡੈਡ ਨੂੰ ਫਲੂ ਹੋ ਗਿਆ!
ਇਸਤੋਂ ਪਹਿਲਾਂ ਕੇ ਨਾਲਦੀ ਕੋਈ ਟਿੱਪਣੀ ਕਰਦੀ ਮੈਂ ਆਪਮੁਹਾਰੇ ਹੀ ਬੋਲ ਉਠਿਆ ਕੋਈ ਫਲੂ ਨਹੀਂ ਹੋਇਆ ਬੱਸ ਦਲੀਪ ਸਿੰਘ ਨਾਮ ਦਾ ਇੱਕ ਅੜਬ ਮਿੱਤਰ ਪਿਆਰਾ ਮੇਰੇ ਅੱਜ ਤੋਂ ਪਹਿਲੋਂ ਉਸ ਦੇ ਘਰ ਅੱਗਿਉਂ ਬਿਨਾ ਰੁਕਿਆਂ ਲੰਘਾਏ ਸਾਰੇ ਫੇਰਿਆਂ ਦਾ ਹਿਸਾਬ ਕਿਤਾਬ ਪੂਰਾ ਕਰਦਾ ਰਿਹਾ!
ਹਰਪ੍ਰੀਤ ਸਿੰਘ ਜਵੰਦਾ