ਭੋਲੇ ਲੋਕ | bhole lok

ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਕਈ ਭੋਲੇ ਲੋਕ ਵੀ ਹੁੰਦੇ ਸਨ । ਇਕ ਵਿਅਕਤੀ ਨੇ ਆਪਣੀ ਧੀ ਦਾ ਵਿਆਹ ਕੀਤਾ । ਆਪਣੇ ਵਿਤ ਅਨੁਸਾਰ ਉਸ ਨੇ ਦਾਜ ਦਹੇਜ ਵੀ ਖਰੀਦਿਆ ਤੇ ਬਰਾਤ ਦੀ ਆਉ ਭਗਤ ਵੀ ਕੀਤੀ । ਜਦੋਂ ਸ਼ਾਮ ਨੂੰ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਵਿਆਹ ਵਾਲੇ ਮੁੰਡੇ ਦਾ ਪਿਓ ਕੁੜੀ ਦੇ ਪਿਤਾ ਨੂੰ ਕਹਿਣ ਲੱਗਾ ਕਿ ਚੰਗਾ ਫੇਰ ਬਈ ਦਿਉ ਇਜਾਜ਼ਤ ਤੇ ਜਾਈਏ ਫਿਰ ਅਸੀਂ ।
ਕੁੜੀ ਦਾ ਪਿਉ ਇਹ ਸੁਣ ਕੇ ਘਬਰਾ ਗਿਆ ਕਿ ਐਨਾ ਖਰਚਾ ਤਾਂ ਪਹਿਲਾਂ ਹੀ ਹੋ ਗਿਆ । ਹੁਣ ਤਾਂ ਕੋਲ ਕੋਈ ਪੈਸਾ ਧੇਲਾ ਵੀ ਨਹੀਂ । ਇਹਨੂੰ ਇਜਾਜ਼ਤ ਕਿਥੋਂ ਦੇਵਾ । ਉਹ ਸਰਪੰਚ ਦੇ ਘਰ ਗਿਆ । ਉਹਨੂੰ ਜਾ ਕੇ ਕਹਿੰਦਾ ਕਿ ਸਰਪੰਚਾ ਮੁੰਡੇ ਵਾਲੇ ਅੜੀ ਕਰੀ ਖ਼ੜੇ ਆ ਕਿ ਇਜਾਜ਼ਤ ਦਿੳ ਫੇਰ ਤੁਰਾਂਗੇ । ਜੇ ਤੇਰੇ ਕੋਲ ਇਜਾਜ਼ਤ ਹੈਗੀ ਆ ਤਾਂ ਤੂੰ ਦੇ ਦੇ । ਮੈਂ ਹੌਲੀ ਹੌਲੀ ਕਰਕੇ ਤੈਨੂੰ ਪੈਸੇ ਦੇ ਦੇਊਗਾ । ਸਰਪੰਚ ਉਹਦੇ ਨਾਲ ਹੀ ਤੁਰ ਪਿਆ । ਵਿਆਹ ਵਾਲੇ ਘਰੇ ਜਾ ਕੇ ਸਰਪੰਚ ਮੁੰਡੇ ਦੇ ਪਿਓ ਅੱਗੇ ਦੋਵੇਂ ਹੱਥ ਜੋੜ ਕੇ ਖੜ ਗਿਆ ਤੇ ਕਹਿਣ ਲੱਗਾ ਕਿ ਚੰਗਾ ਬਈ ਸਰਦਾਰੋ , ਇਜਾਜ਼ਤ ਹੈ ।
ਬਰਾਤ ਤਾਂ ਚਲੀ ਗਈ । ਪਰ ਕੁੜੀ ਦਾ ਪਿਉ ਸਰਪੰਚ ਤੇ ਗੁੱਸੇ ਹੋਇਆ ਖੜ੍ਹਾ ਸੀ ਤੇ ਸਰਪੰਚ ਨੂੰ ਆਖੀ ਜਾਵੇ ਕਿ ਸਰਪੰਚਾ ਜੇ ਤੇਰੇ ਕੋਲ ਵੀ ਇਜਾਜ਼ਤ ਹੈ ਹੀ ਨਹੀਂ ਸੀ ਤਾਂ ਮੈਨੂੰ ਜੁਵਾਬ ਦੇ ਦਿੰਦਾ । ਤੇਰੇ ਵਾਂਗੂੰ ਹੱਥ ਜਿਹੇ ਜੋੜ ਕੇ ਤਾਂ ਮੈਂ ਵੀ ਖੜ ਜਾਂਦਾ ।
——————–
ਸੁਖਪਾਲ ਸਿੰਘ ਢਿੱਲੋਂ
9815288208

Leave a Reply

Your email address will not be published. Required fields are marked *