ਪਿੰਡ ਦੀ ਫਿਰਨੀ ਤੋਂ ਖੇਤਾਂ ਵਿੱਚ ਸਰਦਾਰਾਂ ਦੀ ਹਵੇਲੀ ਸਾਫ ਦਿਖਾਈ ਦਿੰਦੀ।ਸਾਰੀ ਉਮਰ ਬਾਪੂ ਸਰਦਾਰਾਂ ਦੇ ਹੀ ਸੀਰ ਲੈਂਦਾਂ ਆਖਰਕਾਰ ਅਧਰੰਗ ਦੇ ਦੌਰੇ ਨਾਲ ਮੰਜੇ ‘ਤੇ ਢਹਿ ਢੇਰੀ ਹੋ ਗਿਆ।ਇੱਕ ਪਾਸਾ ਮਾਰਿਆ ਗਿਆ’ਤੇ ਚੜ੍ਹਦੀ ਉਮਰੇ ਸੀਰੀ ਵਾਲੀ ਪੰਜਾਲੀ ਆਣ ਮੇਰੇ ਮੋਢਿਆਂ ਤੇ ਪੈ ਗਈ। ਬਾਪੂ ਨੇ ਤਾਂ ਬਥੇਰਾ ਕਹਿਣਾ ਕਿ ਪੜ ਲਾ ਚਾਰ ਅੱਖਰ, ਕੋਈ ਹੱਥੀਂ ਕੰਮ ਕਾਰ ਸਿਖ ਲੈ।ਖੁਰਲੀਆਂ ਵਿੱਚ ਤਾਂ ਹੱਥ ਜਦੋਂ ਮਰਜ਼ੀ ਮਾਰ ਲਵੋ, ਪਰ ਕਿੱਥੇ, ਕੋਈ ਰੋਕਣ ਟੋਕਣ ਤੇ ਸਮਝਾਉਣ ਵਾਲਾ ਹੈ ਹੀ ਨਹੀਂ ਸੀ। ਪਿੰਡ ਤੋਂ ਚੜਦੇ ਵਾਲੇ ਪਾਸੇ ਪੈਂਦੀ ਡੇਢ ਮੀਲ ਦੂਰ ਵੱਡੀ ਨਹਿਰ ਤੇ ਦਿਨ ਚੜਦਿਆਂ ਹੀ ਬੇਬੇ ਸੁੱਕਾ ਬਾਲਣ ਲੈਣ ਚਲੀ ਜਾਂਦੀ। ਬਾਪੂ ਤਾਂ ਮੇਰੇ ਸੁੱਤੇ ਪਿਆ ਹੀ ਸਰਦਾਰਾਂ ਦੀ ਹਵੇਲੀ ਜਾਂ ਅੱਪੜਦਾ। ਕਈ ਵਾਰ ਪਿੰਡ ਵਿਚਲੇ ਸਕੂਲੋਂ ਮਾਸਟਰ ਬਾਪੂ ਨੂੰ ਉਲਾਂਭਾ ਜਿਹਾ ਦਿੰਦਾ। ਬੰਤ ਸਿੰਹਾ ਤੇਰਾ ਮੁੰਡਾ ਮਹੀਨੇ ਵਿੱਚ ਮਸਾਂ ਤਿੰਨ ਚਾਰ ਦਿਨ ਹੀ ਸਕੂਲ ਆਉਂਦਾ, ਜੇ ਆਹੀ ਹਾਲ ਰਿਹਾ ਤਾਂ ਉਹਦਾ ਨਾਂ ਕੱਟਿਆ ਜਾਣਾ। ਬਾਪੂ ਵੀ ਕੀ ਕਰਦਾ ,ਸਵੇਰ ਤੋਂ ਲੈ ਸ਼ਾਮ ਤੱਕ ਹਵੇਲੀ ਦੇ ਕੰਮ ਮੱਤ ਮਾਰੀ ਰੱਖਦੇ। ਰਤਾ ਭਰ ਵਿਹਲ ਹੋਵੇ ਤਾਂ ਆਪਣੇ ਟੱਬਰ ਬਾਰੇ ਸੋਚੇ। ਅਖੀਰ ਹੌਲੀ ਹੌਲੀ ਮਾਸਟਰਾਂ ਨੇ ਵੀ ਉਲਾਂਭਾ ਦੇਣਾ ਬੰਦ ਕਰ ਦਿੱਤਾ। ਕਦੇ ਬੇਬੇ ਨਾਲ ਨਹਿਰ ਤੇ ਬਾਲਣ ਚੁਗਣ ਚਲੇ ਜਾਣਾ ਤੇ ਕਦੇ ਬਾਪੂ ਨਾਲ ਸਰਦਾਰਾਂ ਦੀ ਹਵੇਲੀ। ਹਵੇਲੀ ਦੇ ਨਾਲ ਹੀ ਪਸ਼ੂਆਂ ਦਾ ਵੱਡਾ ਸਾਰਾ ਵਾੜਾ, ਸਵੇਰ ਹੁੰਦਿਆਂ ਹੀ ਬਾਪੂ ਹਵੇਲੀ ਅੱਪੜ, ਪਹਿਲਾਂ ਵਾੜੇ ਦਾ ਕੁੰਡਾ ਹੀ ਖੋਲਦਾ। ਦੁਧਾਰੂ ਪਸ਼ੂਆਂ ਦੀਆਂ ਖੁਰਲੀਆਂ ਇੱਕ ਪਾਸੇ ਤੇ ਫੰਡਰਾਂ ਦੀਆਂ ਖੁਰਲੀਆਂ ਦੂਜ਼ੇ ਪਾਸੇ ਕੀਤੀਆਂ ਹੋਈਆਂ ਸੀ। ਜਿਆਦਾਤਰ ਦਧਾਰੂ ਪਸ਼ੂਆਂ ਦਾ ਹੀ ਖਾਸ ਧਿਆਨ ਰੱਖਿਆ ਜਾਂਦਾ। ਸਾਫ ਸੁਥਰੀਆਂ ਖੁਰਲੀਆਂ ਤੇ ਦੁਧਾਰੂ ਪਸ਼ੂਆਂ ਨੂੰ ਬੰਨ ਹਰੇ ਚਾਰੇ ਦੇ ਟੋਕਰੇ ਭਰ ਭਰ ਸੁੱਟ ਦੇਣੇ। ਚਿੱਟੇ ਰੰਗ ਦੇ ਵੱਡੇ ਸਿੰਘਾਂ ਵਾਲੇ ਬਲਦ ਨੂੰ ਵੀ ਉਚੇਚੇ ਤੌਰ ਤੇ ਖੁਰਲੀ ਵਿੱਚ ਹਰਾ ਚਾਰਾ ਪਾਇਆ ਜਾਂਦਾ। ਉੱਚਾ ਲੰਮਾ ਕੱਦ, ਕਾਲੀਆਂ ਸ਼ਾਹ ਅੱਖਾਂ ਤੇ ਦੁੱਧ ਰੰਗਾ ਰੰਗ । ਬਾਪੂ ਵੀ ਜਿਵੇਂ ਬਲਦ ਵੱਲ ਖਾਸਾ ਧਿਆਨ ਦਿੰਦਾ। ਹੌਲੀ ਹੌਲੀ ਮੈਨੂੰ ਵੀ ਹਵੇਲੀ ਆਉਣ ਦਾ ਭੋਸ ਜਿਹਾ ਪੈ ਗਿਆ। ਅਕਸਰ ਬਾਪੂ ਨਾਲ ਬਲਦ ਵਾਲੀ ਰੇਹੜੀ ਜੋੜ ਖੇਤੋਂ ਪੱਠੇ ਲੈਣ ਚਲੇ ਜਾਣਾ। ਰੇਹੜੀ ਤੇ ਬੈਠਿਆਂ ਮੈਂ ਚਿੱਟੇ ਬਲਦ ਦੀ ਪੂਛ ਨੂੰ ਮਰੋੜ ਦੇਣਾ ਤਾ ਇੰਝ ਮਹਿਸੂਸ ਹੋਣਾ ਜਿਵੇਂ ਬਲਦ ਨੂੰ ਖੰਭ ਲੱਗ ਗਏ ਹੋਣ। ਸਾਰਾ ਦਿਨ ਹੱਸਦੇ ਖੇਡਦੇ ਦਿਨ ਲੰਘਣਾ, ਤੇ ਸਰਦਾਰਾਂ ਦੀ ਹਵੇਲੀ ਵਿੱਚੋਂ ਖਾਣ ਲਈ ਭਾਂਤ ਭਾਂਤ ਦੇ ਖਾਣੇ। ਅਸਲ ਵਿੱਚ ਬਾਪੂ ਨਾਲ ਹਵੇਲੀ ਆਉਣ ਦਾ ਵੀ ਇਹ ਕਾਰਨ ਸੀ ਕਿ ਘਰ ਵਿੱਚ ਰੋਜ਼ ਅਚਾਰ ਨਾਲ ਸੁੱਕੀਆਂ ਰੋਟੀਆਂ ਖਾਣ ਨੂੰ ਰਤਾ ਰੂਹ ਨਾ ਕਰਦੀ। ਸਮੇਂ ਨੇ ਕਦੋਂ ਪਾਸਾ ਪਲਟਿਆ, ਪਤਾ ਹੀ ਨਹੀਂ ਲੱਗਿਆ। ਭਰ ਜਵਾਨੀ ਦੇ ਕਿੰਨੇ ਹੀ ਸੁਪਨੇ ਉਹ ਸਰਦਾਰਾਂ ਦੀ ਹਵੇਲੀ ਦੇ ਨਾਲ ਲੱਗਦੇ ਵਾੜੇ ਵਿੱਚ ਦਫਨ ਹੋ ਗਏ। ਬਾਪੂ ਥੋੜਾ ਢਿੱਲਾ ਮੱਠਾ ਜਿਹਾ ਰਹਿਣ ਲੱਗਿਆ ਤੇ ਬੇਬੇ ਤੋਂ ਵੀ ਹੁਣ ਘਰ ਦੇ ਕੰਮ ਨਹੀਂ ਸੀ ਹੁੰਦੇ। ਹਾਲੇ ਚੰਗੀ ਤਰ੍ਹਾਂ ਦਾੜੀ ਮੁੱਛ ਵੀ ਨਹੀਂ ਸੀ ਫੁੱਟੀ ਕੇ ਮਜਬੂਰੀ ਬਸ ਘਰਦਿਆਂ ਨੇ ਵਿਆਹ ਕਰ ਦਿੱਤਾ, ਖੈਰ ਰੋਟੀ ਟੁੱਕ ਦੀ ਫਿਕਰ ਤਾਂ ਮੁੱਕ ਗਈ ਸੀ। ਜੋ ਕੰਮ ਸਰਦਾਰਾਂ ਦੀ ਹਵੇਲੀ ਬਾਪੂ ਨਾਲ ਸ਼ੌਕ ਨਾਲ ਕਰਦਾ ਸੀ। ਅੱਜ ਉਹ ਮਜਬੂਰੀ ਵੀ ਬਣ ਗਏ ਸੀ ,ਤੇ ਰੋਟੀ ਦਾ ਹੀਲਾ ਵਸੀਲਾ ਵੀ। ਮਿੰਦੋ ਵੀ ਨਿਰੀ ਮਾਂ ਵਰਗੀ ਹੀ ਨਿਕਲੀ। ਸਾਰਾ ਦਿਨ ਸਿਰ ਸੁੱਟ ਕੇ ਘਰ ਦੇ ਕੰਮ ਕਰੀ ਜਾਣੇ। ਕਾਨਿਆਂ ਦੀਆਂ ਚੋਦੀਆਂ ਛੱਤਾਂ ਵਿੱਚੋਂ ਨਿਕਲ, ਫਿਰ ਕਾਨਿਆਂ ਦੀ ਚੋਦੀ ਛੱਤ ਥੱਲੇ ਹੀ ਆਣ ਬੈਠੀ, ਪਰ ਕਦੇ ਕੋਈ ਗਿਲਾ ਨਹੀਂ ਕੀਤਾ। ਪਰ ਕਦੇ ਕਦੇ ਉਹ ਪੜੇ ਲਿਖਿਆਂ ਵਾਂਗ ਗੱਲਾਂ ਕਰਦੀ ਤਾਂ ਮੈਂ ਹੈਰਾਨ ਹੋ ਜਾਣਾ। ਆਉਣ ਵਾਲੇ ਸਮੇਂ ਨੂੰ ਸੋਚ ,ਗੈਹਰ ਗੰਭੀਰ ਹੁਦੀ।ਗੁਰੂਘਰ ਬਾਬਾ ਬੋਲਣ ਤੋਂ ਪਹਿਲਾਂ ਹੀ ਮਿੰਦੋ ਚੁੱਲ੍ਹੇ ਚੌਂਕੇ ਜਾ ਵੜਦੀ।ਚਾਹ ਬਾਟੀ ਵਿੱਚ ਪਾ ਆ ਹਲੂਣਦੀ।ਚਾਹ ਦੀ ਘੁੱਟ ਪੀ, ਸਵੱਖਤੇ ਹੀ,ਸਾਈਕਲ ਲੈ ਤਾਰਿਆਂ ਦੀ ਲੋਏ ਖੇਤਾਂ ਵਾਲੀ ਡੰਡੀ ਜਾ ਚੜ੍ਹਦਾ।
ਕਿੰਨਾ ਚਿਰ ਉਤਾਂਹ ਨੂੰ ਮੂੰਹ ਚੱਕ ਤਾਰਿਆਂ ਨੂੰ ਨਿਹਾਰਦਾ। ਭਲਾ ਇਹ ਟੁੱਟਦੇ ਤਾਰੇ ਕਿਵੇਂ ਕਿਸਮਤ ਬਦਲਦੇ ਆ।
ਬਾਪੂ ਬਾਰਾਂ ਵਰ੍ਹੇ ਮੰਜੇ ‘ਤੇ ਪਿਆ ਰਿਹਾ।ਸਰਦਾਰਾਂ ਤੋਂ ਉਧਾਰ ਫੜ ਫੜ ਪੈਸੇ ਇਲਾਜ ਕਰਵਾਇਆ।ਬਾਪੂ ਤਾਂ ਠੀਕ ਨਹੀਂ ਹੋਇਆ ਪਰ ਕਰਜ਼ਾ ਇੰਨਾ ਕੁ ਚੜ੍ਹ ਗਿਆ ਕਿ ਬਾਪੂ ਵਾਂਗ ਸਾਰੀ ਉਮਰ ਸਰਦਾਰਾਂ ਦਾ ਸੀਰੀ ਬਣ ਕੇ ਹੀ ਰਹਿ ਗਿਆ।
ਸਮਾਂ ਬੀਤਿਆ, ਪਹਿਲਾਂ ਬਾਪੂ ਗੁਜ਼ਰ ਗਿਆ ‘ਤੇ ਫੇਰ ਬੇਬੇ।
ਸਾਈਕਲ ਨੂੰ ਜ਼ੋਰ ਦੀ ਪੈਡਲ ਮਾਰਿਆ । ਚੰਨ ਚਾਨਣੀ ਰਾਤ ਵਿਚ ਹਵੇਲੀ ਕਿਸੇ ਬਰਫ਼ ਦੇ ਦਾਨਵ ਵਰਗੀ ਲੱਗਦੀ।
ਸਾਰਾ ਦਿਨ ਖੇਤ ਦੇ ਕੰਮ ,ਪਸ਼ੂਆਂ ਨੂੰ ਪੱਠੇ ਤੇ ਹਵੇਲੀ ਦੇ ਹੋਰ ਕਿੰਨੇ ਸਾਰੇ ਨਿੱਕੇ ਮੋਟੇ ਕੰਮ ਕਰਦਿਆਂ ਕਦੋਂ ਸ਼ਾਮ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ। ਮਿੰਦੋ ਹੱਥ ਦੀ ਬੜੀ ਸੁਚੱਜੀ ਸੀ। ਕਈ ਵਾਰ ਉਹਨੇ ਆਖਿਆ ਕਿ ਮੈਂ ਸਿਲਾਈ ਕਢਾਈ ਦਾ ਕੰਮ ਸਿੱਖਿਆ ਹੋਇਆ ਏ। ਜੇ ਕਿਧਰੇ ਕੱਪੜੇ ਸਿਉਣ ਵਾਲੀ ਹੱਥ ਮਸ਼ੀਨ ਦਾ ਪ੍ਰਬੰਧ ਹੋ ਜਾਵੇ ਤਾਂ ਮੈਂ ਵੀ ਘਰ ਬੈਠੀ ਕੰਮ ਕਰ ਲਵਾ। ਖੈਰ ਇਧਰੋਂ ਉਧਰੋਂ ਪੈਸੇ ਇਕੱਠੇ ਕਰ ਮਿੰਦੋ ਨੂੰ ਹੱਥ ਮਸ਼ੀਨ ਲਿਆ ਦਿੱਤੀ। ਮੈਂ ਸਾਰਾ ਦਿਨ ਹਵੇਲੀ ਕੰਮ ਕਰਦਾ ਤੇ ਮਿੰਦੋ ਘਰੇ ਕੱਪੜੇ ਸਿਉਂਦੀ ਰਹਿੰਦੀ। ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਰ ਸੁੰਨਾ ਜਿਹਾ ਹੋ ਗਿਆ ਸੀ, ਪਰ ਵਿਆਹ ਦੇ ਦੋ ਸਾਲ ਬਾਅਦ ਹੀ ਸੁੰਨੇ ਜਿਹੇ ਘਰ ਵਿੱਚ ਕਿਲਕਾਰੀਆਂ ਗੂੰਜਣ ਲੱਗੀਆਂ। ਮੇਰੇ ਲਈ ਵੀ ਜਿਵੇਂ ਜ਼ਿੰਦਗੀ ਦਾ ਕੋਈ ਨਵਾਂ ਦੌਰ ਸ਼ੁਰੂ ਹੋ ਗਿਆ ਹੋਵੇ। ਹੁਣ ਤਾਂ ਜਿਸ ਫੁਰਤੀ ਨਾਲ ਹਵੇਲੀ ਜਾਣਾ। ਉਨੀ ਹੀ ਫੁਰਤੀ ਨਾਲ ਵਾਪਸ ਆਉਣ ਦੀ ਕਾਹਲ ਜਿਹੀ ਕਰਨੀ। ਦਿਨ ਬੜੇ ਸੌਖੇ ਬਤੀਤ ਹੋਣ ਲੱਗੇ ਤੇ ਹੌਲੀ ਹੌਲੀ ਸਿਰੋਂ ਕਰਜਾ ਵੀ ਉਤਾਰ ਦਿੱਤਾ। ਸਮੇਂ ਦਾ ਗੇੜ ਜਿਵੇਂ ਫਿਰ ਤੋਂ ਅਤੀਤ ਨੂੰ ਦਹਰਾਉਣ ਲਈ ਪੱਬਾਂ ਭਾਰ ਹੋਇਆ ਖੜਾ ਸੀ। ਘਰ ਵਿੱਚ ਜਨਮੇ ਪੁੱਤਰ ਦੀ ਹਰ ਜਾਇਜ਼ ਨਜਾਇਜ਼ ਮੰਗ ਪੂਰੀ ਕਰਦਿਆਂ ਪਤਾ ਹੀ ਨਹੀਂ ਲੱਗਿਆ ।ਕਦ ਉਹ ਮੇਰੇ ਵਾਂਗ ਮੇਰੀਆਂ ਹੀ ਰਾਹਾਂ ਤੇ ਚੱਲ ਪਿਆ।
ਫਿਰ ਤੂੰ ਪਿੰਡ ਵਿਚਲੇ ਸਕੂਲ ਵਿੱਚੋਂ ਮਾਸਟਰ ਉਲਾਭਾ ਦਿੰਦਾਂ। ਜਿਵੇਂ ਮੈਂ ਬਾਪੂ ਦੇ ਮਗਰ ਮਗਰ ਹਵੇਲੀ ਜਾਂਦਾ। ਉਹ ਵੀ ਜਾਂਦਾ ਤੇ ਬਲਦ ਦੀਆਂ ਪੂਛਾਂ ਮਰੋੜਦਾ, ਖੁਸ਼ ਹੁੰਦਾ। ਉਹ ਵੀ ਮਹੀਨੇ ਵਿੱਚ ਤਿੰਨ ਚਾਰ ਦਿਨ ਸਕੂਲ ਜਾਂਦਾ, ਮਿੰਦੋ ਬਥੇਰਾ ਸਮਝਾਉਂਦੀ, ਪਰ ਨਾ ਸਮਝਦਾ।
ਸਵੇਰੇ ਮਿੰਦੋ ਨੇ ਰੋਜ਼ ਦੀ ਤਰ੍ਹਾਂ ਚਾਹ ਤਾ ਬਣਾ ਲਈ, ਪਰ ਪੀਣ ਨੂੰ ਰਤਾ ਰੂਹ ਨਾ ਕੀਤੀ। ਸਵੇਰ ਦੇ ਸਤ ਵੱਜ ਗਏ ਤਾਂ ਕਿਸੇ ਨੇ ਆਣ ਬੂਹਾ ਖੜਕਾਇਆ। ਜਾ ਦੇਖਿਆ ਤਾਂ ਬੂਹੇ ਤੇ ਨੇਕ ਠੇਕੇਦਾਰ ਖੜਾ ਸੀ।
ਕਰਮ ਸਿਆਂ ਆਹ ਰਾਤੀ ਸਰਦਾਰਾਂ ਦੀ ਹਵੇਲੀ ਤੋਂ ਸੁਨੇਹਾ ਆਇਆ ਸੀ। ਕਹਿੰਦੇ ਬਲਦ ਮਰ ਗਿਆ। ਉਹ ਚੁੱਕਣਾ ਤੇ ਨਾਲੇ ਸਰਦਾਰਾਂ ਨੇ ਕਿਹਾ ਸੀ ਕਿ ਆਉਂਦੇ ਹੋਏ ਕਰਮੂ ਨੂੰ ਨਾਲ ਹੀ ਲੈ ਆਵੀ। ਮਨ ਬੜਾ ਉਦਾਸ ਹੋਇਆ। ਉੱਚਾ ਲੰਮਾ ਕੱਦ, ਕਾਲੀਆਂ ਅੱਖਾਂ ,ਚਿੱਟਾ ਦੁੱਧ ਰੰਗਾ ਰੰਗ, ਵੱਡੇ ਵੱਡੇ ਸਿੰਘਾਂ ਵਾਲਾ ਉਹ ਬਲਦ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਾ। ਹਵੇਲੀ ਪਹੁੰਚਿਆ ਤਾਂ ਬਲਦ ਗੋਹੇ ਵਿੱਚ ਲੱਥ ਪੱਥ ਹੋਇਆ ਪਿਆ ਸੀ। ਸ਼ਾਇਦ ਜ਼ਿੰਦਗੀ ਤੇ ਮੌਤ ਦੇ ਵਿਚਕਾਰਲੇ ਕੁਝ ਭਲਾ ਨਾਲ ਜੂਝਿਆ ਹੋਵੇਗਾ। ਚਿੱਟਾ ਦੁੱਧ ਰੰਗਾਂ ਰੰਗ ਕਾਲਾ ਪੈਣ ਲੱਗਿਆ। ਚਿੱਟੇ ਪਿੰਡੇ ਤੇ ਮੱਖੀਆਂ ਦੀ ਪਨਿਹਾਟ ਵਧਣ ਲੱਗੀ। ਮੈਨੂੰ ਯਾਦ ਹੈ, ਜਦ ਸ਼ੌਕ ਨਾਲ ਮੈਂ ਮੇਲੇ ਤੋਂ ਲਿਆ ਟੱਲੀ ਇਸ ਦੇ ਗਲ ਵਿੱਚ ਬੰਨੀ ਸੀ। ਪਰ ਅੱਜ ਟੱਲੀ ਦੇ ਅੰਦਰਲਾ ਘੁੰਗਰੂ ਟੁੱਟ ਕੇ ਕਿਧਰੇ ਡਿੱਗ ਗਿਆ ਸੀ। ਨੇਕ ਠੇਕੇਦਾਰ ਨੇ ਉਹ ਟੱਲੀ ਉਤਾਰ ਖੁਰਲੀ ਤੇ ਰੱਖ ਦਿੱਤੀ। ਬੜੀ ਬੇਰਹਿਮੀ ਨਾਲ ਚਾਰੇ ਲੱਤਾਂ ਰੱਸਿਆਂ ਨਾਲ ਬੰਨ੍ਹ ਰੇਹੜੀ ਉੱਤੇ ਸੁੱਟ, ਹੱਡਾ ਰੋੜੀ ਵੱਲ ਚਾਲੇ ਪਾ ਦਿੱਤੇ।
ਸਾਰਾ ਦਿਨ ਮਰੇ ਜਿਹੇ ਮਨ ਨਾਲ ਕੰਮ ਕਰਦਾ ਰਿਹਾ। ਵਾਰ ਵਾਰ ਮਨ ਵਿੱਚ ਇੱਕੋ ਖਿਆਲ ਆਉਂਦਾ, ਕੀ ਇੱਕ ਗੁਲਾਮ ਦੀ ਇਹੋ ਜ਼ਿੰਦਗੀ ਏ। ਰਤਾ ਭਰ ਵੀ ਫ਼ਰਕ ਨਹੀਂ ਪਸ਼ੂਆਂ ਤੇ ਇਨਸਾਨਾਂ ਵਿੱਚ। ਬੰਦੇ ਤੇ ਪਸ਼ੂ ਦੀ ਕੀਮਤ ਉਸ ਦੇ ਗੁਣਾ ਕਰਕੇ ਹੀ ਤਾਂ ਪੈਂਦੀ ਏ। ਜਿਵੇਂ ਦੁਧਾਰੂ ਪਸ਼ੂਆਂ ਨੂੰ ਹਰਾ ਚਾਰਾ ਤੇ ਫੰਡਰਾਂ ਨੂੰ ਸੁੱਕੀ ਤੂੜੀ। ਸ਼ਾਮ ਢਲਦੇ ਢਲਦੇ ਸਰਦਾਰਾਂ ਦੀ ਹਵੇਲੀ ਇਕ ਵੱਡਾ ਕੈਂਟਰ ਆਣ ਰੁਕਿਆ। ਨਵਾਂ ਨਕੋਰ ਚਿੱਟੇ ਰੰਗ ਦਾ ਵੱਡੇ ਸਿੰਘਾਂ ਵਾਲਾ ਬਲਦ ਪਸ਼ੂਆਂ ਵਾਲੇ ਵਾੜੇ ਵਿੱਚ ਲਿਆ ਬੰਨ ਦਿੱਤਾ। ਖੁਰਲੀ ਤੇ ਪਈ ਘੰਟੀ ਨਵੇਂ ਬਲਦ ਦੇ ਗਲ ਵਿੱਚ ਬੰਨੀ ਗਈ। ਤਾਜੇ ਹਰੇ ਚਾਰੇ ਦੇ ਦੋ ਟੋਕਰੇ ਖਾਣ ਲਈ ਖੁਰਲੀ ਵਿੱਚ ਖਲਾਰ ਦਿੱਤੇ ਗਏ। ਅਜੀਬ ਜਿਹਾ ਚੱਕਰ ਵਿਊ ਸਿਰਜਿਆ ਗਿਆ। ਕਦੇ ਕਦੇ ਮਹਿਸੂਸ ਹੁੰਦਾ। ਜਿਵੇਂ ਉਹ ਮਰ ਚੁੱਕਿਆ ਬਲਦ ਮੈਂ ਹੋਵਾਂ ਤੇ ਇਹ ਨਵਾਂ ਨਕੋਰ ਬਲਦ ਮੇਰਾ ਪੁੱਤ ਹੋਵੇ। ਢਲਦੀ ਸ਼ਾਮ ਦਾ ਗਾੜਾ ਹਨੇਰਾ ਮੇਰੇ ਧੁਰ ਅੰਦਰ ਤੱਕ ਪਸਰ ਗਿਆ।
ਡਿੱਗਦਾ ਢਹਿੰਦਾ ਮਸਾ ਘਰ ਅਪੜਿਆ। ਜਿਵੇਂ ਕਿਸੇ ਨੇ ਪੈਰਾਂ ਵਿੱਚ ਸੰਗਲ ਬੰਨ ਦਿੱਤੇ ਹੋਣ। ਮੇਰੀ ਹੀ ਕਹਾਣੀ ਮੇਰੇ ਭਵਿੱਖ ਤੇ ਭਾਰੀ ਪੈਂਦੀ ਦਿਖਾਈ ਦੇਣ ਲੱਗੀ। ਸਾਰੀ ਰਾਤ ਇੱਕ ਟੁਕ ਤਾਰਿਆਂ ਵੱਲ ਵੇਖਦਾ ਰਿਹਾ। ਕਿੰਨੀ ਵੱਡੀ ਰਾਤ ਏ। ਕਾਸ਼ ਜਲਦੀ ਜਲਦੀ ਸੂਰਜ਼ ਨਿਕਲ ਆਵੇ।
ਆਖਰ ਕਿੰਨਾ ਕੁਝ ਸੋਚਦਿਆਂ, ਕੁਝ ਪਲ ਲਈ ਅੱਖ ਜਹੀ ਲੱਗ ਗਈ। ਸਵੇਰ ਦੇ ਅੱਠ ਵੱਜ ਗਏ ਸੀ, ਆਸੇ ਪਾਸੇ ਤੱਕਿਆ ਤਾਂ ਮਿੰਦੋ ਘਰ ਨਹੀਂ ਸੀ। ਆਂਡ ਗੁਆਂਢ ਪੁੱਛਿਆ ਤਾਂ ਪਤਾ ਚੱਲਿਆ ਕਿ ਉਹ ਪਿੰਡ ਵਿਚਲੇ ਸਕੂਲ ਵਿੱਚ ਗਈ ਹੋਈ ਏ।
ਹੌਲੀ ਹੌਲੀ ਸਕੂਲ ਅਪੜਿਆ ਤਾਂ ਸਾਹਮਣੇ ਦੇਖਿਆ ਕਿ ਮਿੰਦੋ ਕਾਗਜ ਪੱਤਰ ਮਾਸਟਰਾਂ ਨੂੰ ਫੜਾ ਰਹੀ ਏ ਤੇ ਪੁੱਤ ਬੋਹੜ ਥੱਲੇ ਲੱਗੀ ਕਲਾਸ ਵਿੱਚ ਬੈਠਾ ਪੜ ਰਿਹਾ ਏ। ਸ਼ਾਇਦ ਕੋਈ ਸੁਪਨਾ ਹੀ ਹੋਵੇ ।ਬਸ ਇਨਾ ਸੋਚਿਆ ਹੀ ਸੀ ਕਿ ਸਕੂਲ ਦੇ ਵੱਡੇ ਭੈਣ ਜੀ ਨੇ ਮੋਢੇ ਤੇ ਆਣ ਹੱਥ ਧਰਿਆ। ਭਾਈ ਕਰਮ ਸਿਆਂ ਮਿੰਦੋ ਚਾਹੇ ਬਹੁਤੀ ਪੜ੍ਹੀ ਲਿਖੀ ਤੇ ਨਹੀਂ ਆ, ਪਰ ਸਲਾਈ ਕਡਾਈ ਦਾ ਕੰਮ ਬਹੁਤ ਵਧੀਆ ਕਰਦੀ ਏ। ਬਾਕੀ ਕੰਮਾਂ ਵਿੱਚ ਵੀ ਬਹੁਤ ਸਮਝਦਾਰ ਆ ਮਿੰਦੋ ।ਬਸ ਇਸੇ ਕਰਕੇ ਹੁਣ ਮਿੰਦੋ ਸਕੂਲ ਵਿੱਚ ਵੀ ਕੰਮ ਕਰਿਆ ਕਰੇਗੀ।
ਸਾਰੀ ਥਕਾਨ ਲਹਿ ਗਈ। ਜਿਵੇਂ ਪੈਰਾਂ ਵਿੱਚੋਂ ਸੰਗਲ ਟੁੱਟ ਗਏ ਹੋਣ। ਦੂਰੋਂ ਹੀ ਮਿੰਦੋ ਨਾਲ ਅੱਖ ਮਿਲਾਈ ਤਾਂ ਲੱਗਿਆਂ ਜਿਵੇਂ ਮਿੰਦੋ ਦੀਆਂ ਅੱਖਾਂ ਵਿੱਚ ਕੋਈ ਸੂਰਜ਼ ਚੜ੍ਹ ਰਿਹਾ ਹੋਵੇ ਤੇ ਕਾਲੀ ਰਾਤ ਦੇ ਗਾੜੇ ਹਨੇਰੇ ਦਾ ਪਸਾਰਾ, ਕਿਸੇ ਨਵੀਂ ਸਵੇਰ ਨੇ ਰੁਸ਼ਨਾ ਦਿੱਤਾ ਹੋਵੇ।
ਕੁਲਵੰਤ ਘੋਲੀਆ
95172-90006