ਚੰਨੋ ਤੇ ਉਸਦੀ ਮਾਂ ਸਾਡੇ ਗੁਆਂਢ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੀਆਂ ਸੀ ।ਚੰਨੋ ਆਪਣੇ ਨਾਂ ਵਾਂਗ ਬਿਲਕੁਲ ਚੰਨ ਵਰਗੀ ਸੋਹਣੀ ਸੀ ।ਮੋਟੀ ਅੱਖ, ਗੋਰਾ ਰੰਗ,ਉੱਚਾ ਲੰਮਾ ਕੱਦ ਤੇ ਗੁੰਦਵਾਂ ਸਰੀਰ ।ਉਤੋਂ ਹਰ ਕੰਮ ਵਿੱਚ ਨਿਪੁੰਨ।
ਉਸਨੂੰ ਦੇਖ ਮੈਨੂੰ ਮਹਿਸੂਸ ਹੁੰਦਾ ਕਿ ‘ਸੋਹਣੀ ਤੇ ਸੁਨੱਖੀ ਨਾਰ’ ਸ਼ਬਦ ਜਿਵੇਂ ਉਸ ਲਈ ਹੀ ਘੜਿਆ ਗਿਆ ਹੋਵੇ।
ਮੈਂ ਆਪਣੇ ਕੱਪੜਿਆਂ ਦੀ ਸਿਲਾਈ ਹਮੇਸ਼ਾ ਉਸ ਕੋਲੋਂ ਹੀ ਕਰਵਾਉਂਦੀ। ਉਸਨੂੰ ਜਦੋਂ ਦੇਖਦੀ ਮੈਨੂੰ ਉਹ ਪਹਿਲੇ ਨਾਲੋਂ ਵੀ ਜਿਆਦਾ ਸੋਹਣੀ ਲੱਗਦੀ ।
ਇੱਕ ਦਿਨ ਮੇਰੀ ਸਹੇਲੀ ਦਾ ਫੋਨ ਆਇਆ ਜਿਸਦਾ ਸੰੰਬੰਧ ਕਾਫ਼ੀ ਵੱਡੇ ਘਰਾਣੇ ਨਾਲ ਸੀ ।ਉਸਨੇ ਮੈਨੂੰ ਆਪਣੇ ਦਿਉਰ ਲਈ ਸੋਹਣੀ ਸੁਨੱਖੀ ਕੁੜੀ ਦੇਖਣ ਲਈ ਕਿਹਾ ।
ਮੇਰੇ ਦਿਮਾਗ਼ ਵਿੱਚ ਚੰਨੋ ਘੁੰਮਣ ਲੱਗੀ ।ਮੈਂ ਉਸ ਕੋਲੋਂ ਉਸਦੇ ਦਿਉਰ ਦੀ ਤਸਵੀਰ ਮੰਗੀ ।ਮੁੰਡਾ ਤਾਂ ਰੱਜ ਕੇ ਸੋਹਣਾ ਸੀ ।ਦਿਲ ਨੇ ਕਿਹਾ ਇਹਨਾਂ ਦੋਵਾਂ ਦੀ ਜੋੜੀ ਤਾਂ ਸੂਰਜ ਤੇ ਚੰਨ ਦੀ ਜੋੜੀ ਹੋਵੇਗੀ ।
ਉਸੇ ਸਮੇਂ ਮੈਂ ਚੰਨੋ ਦੇ ਘਰ ਚਲੀ ਗਈ ।ਕੁੱਝ ਏਧਰ -ਓਧਰ ਦੀਆਂ ਗੱਲਾਂ ਕਰ ਮੈਂ ਚੰਨੋ ਦੀ ਮਾਂ ਨੂੰ ਮੁੰਡੇ ਦੀ ਤਸਵੀਰ ਦਿਖਾਉਂਦੇ ਤੇ ਉਸਦੀ ਖਾਨਦਾਨੀ ਬਾਰੇ ਦੱਸਦੇ ਹੋਏ ਚੰਨੋ ਦੇ ਰਿਸ਼ਤੇ ਦੀ ਗੱਲ ਕੀਤੀ ।
ਉਸਦੀ ਮਾਂ ਕੁੱਝ ਸਮਾਂ ਕੁੱਝ ਨਾ ਬੋਲੀ ।ਫਿਰ ਅਚਾਨਕ ਉਸਦੇ ਮੂੰਹੋਂ ਨਿਕਲੇ ਸ਼ਬਦਾਂ ਨੇ ਮੈਨੂੰ ਬੇਚੈਨ ਕਰ ਦਿੱਤਾ ।
ਉਸਨੇ ਕਿਹਾ,” ਦੇਖੋ ਭੈਣ ਜੀ ,ਤੁਸੀਂ ਸਾਡੇ ਆਪਣੇ ਹੋ ਤੁਹਾਡੇ ਤੋਂ ਕੀ ਲੁਕਾਉਣਾ ।ਉਸਨੇ ਆਪਣੇ ਗਲ ਵਿੱਚ ਪਾਏ ਲੋਕਿਟ ਨੂੰ ਬਾਹਰ ਕੱਢ ਦਿਖਾਉਂਦੇ ਹੋਏ ਕਿਹਾ ,ਇਹ ਸਾਡੇ ਬਾਬਾ ਜੀ ਹਨ। ਜ਼ਿੰਦਗੀ ਵਿੱਚ ਜੋ ਵੀ ਹੈ ਇਹਨਾਂ ਦੀ ਬਦੌਲਤ ਹੈ ਤੇ ਚੰਨੋ ਮੈਂ ਇਹਨਾਂ ਨੂੰ ਸਮਰਪਿਤ ਕੀਤੀ ਹੋਈ ਹੈ ।ਉਸਦਾ ਵਿਆਹ ਨਹੀਂ ਹੋ ਸਕਦਾ ।ਬਹੁਤ ਲੰਮੀ ਉਡੀਕ ਤੋਂ ਬਾਅਦ ਮਸਾਂ ਇਸਦਾ ਨੰਬਰ ਆਇਆ । ਹੁਣ ਤਾਂ ਬਸ ਇਸਨੂੰ ਬਾਬਾ ਜੀ ਨੂੰ ਸਮਰਪਿਤ ਕਰ ਮੈਂ ਸੁਰਖੁਰੂ ਹੋਵਾਂਗੀ।
ਮੈਂ ਇਹ ਸਭ ਸੁਣ ਬਿਨਾਂ ਕੁੱਝ ਬੋਲੇ ,ਭਰੀਆਂ ਅੱਖਾਂ ਨਾਲ ਖਲੋਤੀ ਚੰਨੋ ਨੂੰ ਛੱਡ ਘਰ ਆ ਗਈ ।
ਅਜੇ ਮੈਂ ਚੰਨੋ ਦੀ ਮਾਂ ਨੂੰ ਸਮਝਾਉਣ ਬਾਰੇ ਸੋਚ ਹੀ ਰਹੀ ਸੀ ਕਿ ਮੇਰੀ ਬੇਟੀ ਮੈਨੂੰ ਆ ਕੇ ਕਹਿੰਦੀ ,ਮੰਮਾ, ਸਾਹਮਣੇ ਅੰਟੀ ਕਹਿੰਦੇ ਚੰਨੋ ਤੇ ਉਸਦੇ ਮੰਮੀ ਕੱਲ੍ਹ ਰਾਤ ਦੇ ਘਰ ਛੱਡ ਕੇ ਚਲੇ ਗਏ ਕਿਤੇ । ਉਹ ਭਲਾ ਇੰਝ ਅਚਾਨਕ ਕਿਵੇਂ ਚਲੇ ਗਏ ।
ਮੇਰੇ ਮੂੰਹੋਂ ਅਚਾਨਕ ਨਿਕਲਿਆ ,”ਸ਼ਾਇਦ ਸਮਰਪਿਤ ਹੋਣ”।
ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ।
,😔