ਮੇਰੇ ਮਾਤਾ ਪਿਤਾ ਪੜੇ ਲਿਖੇ ਨਹੀਂ ਸਨ।ਬਚਪਨ ਵਿੱਚ ਉਹ ਦੱਸਿਆ ਕਰਦੇ ਸਨ ਕਿ ਉਰਦੂ ਮੁਸਲਮਾਨਾਂ ਦੀ ਭਾਸ਼ਾ ਹੈ।ਇਸੇ ਤਰਾਂ ਮੇਰੇ ਹਮਉਮਰ ਪਾਕਿਸਤਾਨੀ ਮਿੱਤਰ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਬਚਪਨ ਵਿੱਚ ਸਮਝਾਉਂਦੇ ਸੀ ਕਿ ਗੁਰਮੁਖੀ ਸਿੱਖਾਂ ਦੀ ਭਾਸ਼ਾ ਹੈ।ਜਦੋਂ ਅਜਾਦ ਭਾਰਤ ਵਿੱਚ ਪੰਜਾਬੀ ਸੂਬੇ ਦਾ ਸੰਘਰਸ਼ ਚੱਲ ਰਿਹਾ ਸੀ ਤਾਂ ਪੰਜਾਬ ਵਿੱਚ ਬਹੁਤ ਸਾਰੇ ਹਿੰਦੂ ਭਾਈਚਾਰੇ ਨੂੰ ਪ੍ਰੇਰਿਤ ਕਰਕੇ ਉਹਨਾਂ ਦੀ ਮਾਤਰ ਭਾਸ਼ਾ ਹਿੰਦੀ ਲਿਖਵਾ ਦਿੱਤੀ ਗਈ।ਪੰਜਾਬੀ ਦੇ ਪ੍ਰਤੀ ਨਫਰਤ ਪੈਦਾ ਕਰਨ ਦੀ ਕੋਸ਼ਿਸ ਕੀਤੀ ਗਈ।ਬਹੁਤ ਦੇਰ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਤੇ ਪਛਤਾਵਾ ਵੀ ਜਾਹਰ ਕੀਤਾ।ਇਹ ਮਾਨਸਿਕਤਾ ਆਖਰ ਸ਼ੁਰੂ ਕਿੱਥੋਂ ਹੋਈ?ਕੀ ਭਾਸ਼ਾ ਕਿਸੇ ਤਬਕੇ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਹੈ?
ਭਾਰਤੀ ਪੰਜਾਬ ਵਿੱਚ ਉਰਦੂ,ਗੁਰਮੁਖੀ ਤੋ ਬਾਅਦ ਦੂਸਰੀ ਜਰੂਰੀ ਭਾਸ਼ਾ ਸੀ।ਜਿਸ ਨੂੰ ਸਮੁੱਚੇ ਪੰਜਾਬੀ ਸਮਾਜ ਵਿੱਚ ਅਹਿਮ ਤੇ ਜਰੂਰੀ ਸਥਾਨ ਹਾਸਲ ਸੀ।ਅਜਾਦੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਲਹਿੰਦੇ ਪੰਜਾਬ ਵੱਲੋਂ ਹਿਜਰਤ ਕਰਕੇ ਆਏ ਲੋਕ ਉਰਦੂ ਦੀ ਬਹੁਤ ਜਾਣਕਾਰੀ ਰੱਖਦੇ ਸੀ।ਮਾਲ ਰਿਕਾਰਡ ਤੇ ਸਰਕਾਰੇ- ਦਰਬਾਰੇ ਬਹੁਤ ਸਾਰੇ ਦਸਤਾਵੇਜ ਉਰਦੂ ਵਿੱਚ ਹੀ ਲਿਖੇ ਹੁੰਦੇ ਸੀ।ਪਰ ਸਾਡੇ ਲੋਕ ਬਹੁਤੇ ਪੜੇ ਲਿਖੇ ਨਹੀਂ ਸਨ ਸਿੱਖ ਭਾਈਚਾਰੇ ਨਾਲ ਮੁਸਲਮਾਨ ਹੁਕਮਰਾਨਾਂ ਵੱਲੋਂ ਕੀਤੇ ਜੁਲਮਾਂ ਨੇ ਉਰਦੂ ਨੂੰ ਸਿੱਖਾਂ ਤੋ ਦੂਰ ਕਰਨ ਦੀ ਮਾਨਸਿਕਤਾ ਬਣਾਈ ਇੰਨਾਂ ਹੀ ਨਹੀ ਮੁਸਲਮਾਨ ਹੁਕਮਰਾਨਾਂ ਵੱਲੋਂ ਸੱਤਾ ਦੇ ਹੰਕਾਰ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਤੇ ਜੋ ਜੁਲਮ ਕੀਤੇ ਉਹਨਾਂ ਦੇ ਕਾਰਨ ਸੰਤਾਲੀ ਦੇ ਦੰਗੇ ਵੀ ਭੜਕੇ ਅਤੇ ਉਰਦੂ ਪ੍ਰਤੀ ਨਫਰਤੀ ਮਾਨਸਿਕਤਾ ਵੀ ਬਣਾਈ।ਭਾਰਤੀ ਪੰਜਾਬ ਵਿੱਚ ਮਾਲ ਵਿਭਾਗ ਦੇ ਪੁਰਾਣੇ ਦਸਤਾਵੇਜਾਂ ਦਾ ਉਲੱਥਾ ਕਰਨ ਲਈ ਅੱਜ ਉਰਦੂ ਦੇ ਜਾਣਕਾਰ ਲੱਭਣੇ ਪੈਂਦੇ ਹਨ ਜਿਹੜੇ ਕਿ ਅੱਜਕੱਲ ਬਹੁਤ ਥੋੜੇ ਸੇਵਾ ਮੁਕਤ ਕਾਨੂੰਨਗੋ,ਤਹਿਸੀਲਦਾਰ ਜਾਂ ਹੋਰ ਅਧਿਕਾਰੀ ਹਨ।ਆਉਣ ਵਾਲੇ ਸਮੇਂ ਵਿੱਚ ਇਹ ਵੀ ਉਪਲਬਧ ਨਹੀ ਹੋਣਗੇ।ਅਜਾਦ ਭਾਰਤ ਦੇ ਪੰਜਾਬ ਵਿੱਚ ਉਰਦੂ ਪੜਨ ਨਾਲ ਕੋਈ ਨੁਕਸਾਨ ਨਹੀ ਸੀ ਹੁੰਦਾ ਵਿਹਾਰਕ ਤੌਰ ਤੇ ਬਹੁਤ ਫਾਇਦਾ ਹੋਣਾ ਸੀ।ਜੇ ਸਿਰਫ ਭਾਸ਼ਾ ਹੀ ਕਿਸੇ ਤਬਕੇ ਦਾ ਨੁਕਸਾਨ ਕਰਦੀ ਹੁੰਦੀ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਉਰਦੂ ਫਾਰਸੀ ਸੰਸਕ੍ਰਿਤ ਆਦਿਕ ਭਾਸ਼ਾਵਾਂ ਵਿੱਚ ਵਿਦਵਤਾ ਕਿਉਂ ਹਾਸਲ ਕਰਦੇ।ਸਾਡੇ ਵਡੇਰਿਆਂ ਨੇ ਜੋ ਹੋਰਨਾਂ ਭਾਸ਼ਾਵਾਂ ਦਾ ਅਧਿਐਨ ਕੀਤਾ ਉਸ ਨਾਲ ਗੁਰਮੁਖੀ ਦਾ ਸਰਬਪੱਖੀ ਵਿਕਾਸ ਹੋਇਆ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੋ ਤਬਕਿਆਂ ਦੀ ਨਫਰਤ ਨੂੰ ਆਮ ਲੋਕਾਂ ਵਿੱਚ ਦੂਰ ਕਰਨ ਦੀ ਸਮਝ ਨਹੀਂ ਹੁੰਦੀ ਪਰ ਵਿਵੇਕਸ਼ੀਲ ਲੋਕ ਆਮ ਲੋਕਾਈ ਨੂੰ ਜਾਗਰੂਕ ਕਰਕੇ ਇਹ ਕਰ ਸਕਦੇ ਹਨ।ਇਤਿਹਾਸ ਗਵਾਹ ਹੈ ਆਗੂ ਹੱਥ ਵਿਵੇਕਸ਼ੀਲ ਲੋਕਾਂ ਨੂੰ ਅਜਿਹਾ ਨਹੀਂ ਕਰਨ ਦਿੰਦੇ।ਪਰ ਅਜਾਦੀ ਤੋਂ ਪਹਿਲਾਂ ਜਾਂ ਬਾਅਦ ਵਾਲੇ ਰਾਜਨੀਤਿਕ ਲੋਕਾਂ ਨੇ ਭਾਸ਼ਾਵਾਂ ਨੂੰ ਉਥਾਨ ਵੱਲ ਜਾਣ ਦੀ ਬਜਾਏ ਨਿਘਾਰ ਵੱਲ ਲਿਜਾ ਕੇ ਆਪਣਾ ਉੱਲੂ ਸਿੱਧਾ ਕਰਨ ਨੂੰ ਤਰਜੀਹ ਦਿੱਤੀ।ਜਿਸ ਤਰਾਂ ਦੀ ਨਫਰਤ ਉਰਦੂ ਪ੍ਰਤੀ ਸਾਡੇ ਲੋਕਾਂ ਨੇ ਪੈਦਾ ਕਰ ਲਈ ਉਸ ਤੋਂ ਕਿਤੇ ਵੱਧ ਲਹਿੰਦੇ ਪੰਜਾਬ ਦੇ ਲੋਕਾਂ ਵਿੱਚ ਗੁਰਮੁਖੀ ਬਾਰੇ ਪੈਦਾ ਹੋ ਗਈ।ਦੋ ਤਬਕਿਆਂ ਵਿੱਚ ਵੰਡ ਸਮੇਂ ਹੋਈ ਵੱਡ-ਟੁੱਕ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ।ਲਹਿੰਦੇ ਤੇ ਚੜਦੇ ਪੰਜਾਬ ਦੇ ਪੀੜਿਤ ਲੋਕਾਂ ਨਾਲ ਹੋਈਆਂ ਜਿਆਦਤੀਆਂ ਨੇ ਅੱਗ ਤੇ ਘਿਓ ਪਾਉਣ ਦਾ ਕੰਮ ਕੀਤਾ।ਇਹ ਭਾਸ਼ਾਈ ਪਾੜਾ ਵਧ ਕੇ ਬਹੁਤ ਵੱਡਾ ਹੋ ਗਿਆ ਜਿਸ ਦੇ ਨਤੀਜੇ ਵਜੋਂ ਪੱਛਮੀ ਪੰਜਾਬ ਵਿਚਲੀ ਪੰਜਾਬੀ ਨੂੰ ਉਰਦੂ ਨੇ ਨਿਗਲ ਲਿਆ ਤੇ ਚੜਦੇ ਪੰਜਾਬ ਦੀ ਉਰਦੂ ਨੂੰ ਹਿੰਦੀ ਅੰਗਰੇਜੀ ਨੇ ਨਿਗਲ ਲਿਆ।ਇਥੇ ਇਹ ਵੀ ਕਾਬਲੇ-ਗੌਰ ਹੈ ਕਿ ਉਰਦੂ ਚੜਦੇ ਪੰਜਾਬ ਵਿੱਚ ਦੂਸਰੀ ਭਾਸ਼ਾ ਵਜੋਂ ਪੜਾਈ ਜਾ ਸਕਦੀ ਸੀ,ਰਾਜਨੀਤਿਕ ਮਨਸੂਬਿਆਂ ਦੇ ਢਹੇ ਚੜ ਕੇ ਅਜਿਹਾ ਸੰਭਵ ਨਹੀਂ ਹੋ ਸਕਿਆ।ਪੰਜਾਬੀ ਵਾਸਤੇ ਢੁਕਵੀਂ ਲਿਪੀ ਗੁਰਮੁਖੀ ਹੈ ਪਰ ਲਹਿੰਦੇ ਪੰਜਾਬ ਵਿੱਚ ਮਜਹਬ ਦੇ ਕਾਰਨਾਂ ਕਰਕੇ ਇਸ ਨੂੰ ਲਿਖਣ ਲਈ ਗੁਰਮੁਖੀ ਲਿਪੀ ਅਪਣਾਈ ਨਹੀਂ ਗਈ।ਅੱਜ ਵੀ ਉੱਥੇ ਗੁਰਮੁਖੀ ਦੀ ਹੋੰਦ ਬਰਕਰਾਰ ਰੱਖਣ ਲਈ ਉਥੋ ਦੇ ਬੁੱਧੀਜੀਵੀ ਯਤਨਸ਼ੀਲ ਹਨ।
ਚੜਦੇ ਪੰਜਾਬ ਦੇ ਟੁਕੜੇ ਕਰਨ ਸਮੇਂ ਭਾਸ਼ਾਈ ਵੰਡ ਵੀ ਰਾਜਨੀਤਿਕ ਮਨਸੂਬਿਆਂ ਨੂੰ ਮੁੱਖ ਰੱਖ ਕੇ ਕੀਤੀ ਗਈ।ਪੰਜਾਬੀ ਦੀਆਂ ਉੱਪ ਬੋਲੀਆਂ ਵਾਲੇ ਇਲਾਕੇ ਹਿੰਦੀ ਭਾਸ਼ਾਈ ਇਲਾਕੇ ਗਰਦਾਨ ਦਿੱਤੇ ਗਏ।ਉਹਨਾਂ ਦੇ ਵੱਖਰੇ ਸੂਬੇ ਬਣਾ ਕੇ ਉੱਥੇ ਹਿੰਦੀ ਨੂੰ ਪਹਿਲੀ ਭਾਸ਼ਾ ਬਣਾ ਦਿੱਤਾ ਗਿਆ।ਉੱਥੇ ਵਸਦੇ ਹਿੰਦੂ ਭਾਈਚਾਰੇ ਨੂੰ ਰਾਜਨੀਤਿਕ ਮਨਸੂਬੇ ਤੋਂ ਪ੍ਰੇਰਿਤ ਕਰ ਲਿਆ ਗਿਆ।ਹਿੰਦੀ ਜਾਂ ਅੰਗਰੇਜੀ ਪੜਨ ਵਿੱਚ ਕੋਈ ਬੁਰਾਈ ਨਹੀਂ ਪਰ ਇਹਨਾਂ ਭਾਸ਼ਾਵਾਂ ਨੂੰ ਜਬਰਦਸਤੀ ਪੰਜਾਬੀ ਉਪਰ ਭਾਰੂ ਕਰਨ ਦੀ ਕੋਸ਼ਿਸ ਕੀਤੀ ਗਈ।ਭਾਰਤ ਸਰਕਾਰ ਹੁਣ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਆਪਣੇ ਦਸਤਾਵੇਜ ਛਾਪਦੀ ਹੈ।ਸ਼ਾਇਦ ਭਾਰਤ ਸਰਕਾਰ ਨੂੰ ਸਮਝ ਆ ਗਿਆ ਹੋਵੇਗਾ ਜਿਹੜੇ ਲੋਕ ਉਹਨਾਂ ਵੱਲੋਂ ਲਿਖੀ ਭਾਸ਼ਾ ਨਹੀ ਸਮਝ ਸਕਦੇ ਉਹਨਾਂ ਲਈ “ਕਾਲਾ ਅੱਖਰ ਮੱਝ ਬਰਾਬਰ ਹੋਵੇਗਾ”।ਇੱਕ ਸਮਾਂ ਸੀ ਜਦੋਂ ਭਾਰਤ ਸਰਕਾਰ ਵੱਲੋਂ ਸਿਰਫ ਤੇ ਸਿਰਫ ਹਿੰਦੀ ਜਾਂ ਅੰਗਰੇਜੀ ਵਿੱਚ ਹੀ ਦਸਤਾਵੇਜ ਛਾਪੇ ਜਾਂਦੇ ਸੀ ਤੇ ਪੱਤਰ-ਵਿਹਾਰ ਦੀ ਮੁੱਖ ਭਾਸ਼ਾ ਹਿੰਦੀ ਹੁੰਦੀ ਸੀ।ਹੱਦ ਤਾਂ ਉਦੋਂ ਹੋ ਗਈ ਜਦੋਂ ਗਵਾਂਢੀ ਸੂਬੇ ਹਰਿਆਣਾ ਵਿੱਚ ਇੱਕ ਸਮੇਂ ਪੰਜਾਬੀ ਦੀ ਥਾਂ ਤੇ ਤਮਿਲ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ।
ਮੌਜੂਦਾ ਹਾਲਾਤ ਵਿੱਚ ਚੜਦੇ ਜਾਂ ਲਹਿੰਦੇ ਪੰਜਾਬ ਵਿੱਚ ਕ੍ਰਮਵਾਰ ਜੋ ਉਰਦੂ ਜਾਂ ਗੁਰਮੁਖੀ ਦਾ ਨੁਕਸਾਨ ਹੋ ਚੁੱਕਾ ਹੈ ਉਸ ਦੀ ਭਰਪਾਈ ਹੁਣ ਲੱਗਦਾ ਹੈ ਨਹੀਂ ਹੋ ਸਕਦੀ।ਜੋ ਇਹਨਾਂ ਦੋਵੇਂ ਭਾਸ਼ਾਵਾਂ ਨੇ ਇੱਕ ਦੂਜੇ ਨਾਲ ਕੀਤਾ ਉਹੋ ਅੱਜਕੱਲ ਅੰਗਰੇਜੀ ਸਾਰੀਆਂ ਭਾਸ਼ਾਵਾਂ ਨਾਲ ਕਰ ਰਹੀ ਹੈ।ਅੰਗਰੇਜੀ ਸਕੂਲ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਗਲੀ ਮੁਹੱਲਿਆਂ ਤੱਕ ਪਹੁੰਚ ਚੁੱਕੇ ਹਨ।ਇਹ ਇੱਕ ਹੋਰ ਮਾਰ ਹੈ ਜਿਸ ਨੂੰ ਦੋਵੇਂ ਪੰਜਾਬ ਸਹਿ ਰਹੇ ਹਨ।ਅੰਗਰੇਜੀ ਸਕੂਲਾਂ ਦਾ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਹੜ ਆਇਆ ਹੈ ਜਿਸ ਦਾ ਅਸਰ ਬੇਗਾਨੀਆਂ ਭਾਸ਼ਾਵਾਂ ਨਾਲੋਂ ਪੰਜਾਬੀ ਤੇ ਉਰਦੂ ਤੇ ਜਿਆਦਾ ਦੇਖਣ ਲਈ ਮਿਲ ਰਿਹਾ ਹੈ।ਭਵਿੱਖ ਵਿੱਚ ਅਜੇ ਹੋਰ ਔਖੇ ਦੌਰ ਵਿੱਚੋਂ ਇਹ ਦੋਵੇਂ ਭਾਸ਼ਾਵਾਂ ਲੰਘਣਗੀਆਂ ਤੇ ਚੁਨੌਤੀਆਂ ਦਾ ਸਾਹਮਣਾ ਇਸ ਨੂੰ ਬਚਾਉਣ ਵਾਲੇ ਲੋਕਾਂ ਨੂੰ ਕਰਨਾ ਪਵੇਗਾ।ਕਿਸੇ ਵੀ ਭਾਸ਼ਾ ਨੂੰ ਕਿਸੇ ਧਰਮ ਜਾਂ ਫਿਰਕੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਸੱਤਪਾਲ ਸਿੰਘ ਦਿਓਲ ਐਡਵੋਕੇਟ