“ਕਾਕਾ ਪੈਸੇ ਲੈ ਜਾ।” ਸ਼ਾਮ ਨੂੰ ਦਿਹਾੜੀ ਤੇ ਆਏ ਅਲੜ੍ਹ ਜਿਹੀ ਉਮਰ ਦੇ ਮੁੰਡੇ ਨੁਮਾ ਮਜਦੂਰ ਨੂੰ ਮੈਂ ਕਿਹਾ।
“ਕੱਲ ਨੂੰ ਮੈਂ ਆਉਣਾ ਹੈ? ਅੰਕਲ ਜੀ।” ਉਸਨੇ ਬੇ ਉਮੀਦੀ ਜਿਹੀ ਨਾਲ ਪੁਛਿਆ।
“ਹਾਂ ਆ ਜਾਵੀ ਤੂੰ।” ਮੈਂ ਕਿਹਾ।
“ਚੰਗਾ ਕਲ੍ਹ ਨੂੰ ਇਕੱਠੇ ਹੀ ਲੈ ਲਵਾਂਗਾ ਜੀ।”
ਮੇਰੀ ਹਾਂ ਕਹਿਣ ਤੇ ਉਸਨੇ ਕਿਹਾ। ਉਸਦਾ ਚੇਹਰਾ ਖੁਸ਼ੀ ਨਾਲ ਦਗ ਰਿਹਾ ਸੀ ਕਿਉਂਕਿ ਉਸਦੀ ਕੱਲ੍ਹ ਦੀ ਦਿਹਾੜੀ ਜੋ ਪੱਕੀ ਹੋ ਗਈ ਸੀ।
ਅੱਜ ਫਿਰ ਕੋਈ ਖਾਸ ਕੰਮ ਨਹੀਂ ਸੀ ਮਿਸਤਰੀ ਦੇ ਨਾਲ ਉਸਦਾ।ਯਾਨੀ ਉਸ ਬਿਨ ਸਰ ਸਕਦਾ ਸੀ। ਪਰ ਮੈਂ ਉਸਦੀ ਦਿਹਾੜੀ ਪੱਕੀ ਕਰਕੇ ਉਸਦੇ ਚੇਹਰੇ ਤੇ ਆਈ ਲਾਲੀ ਵੇਖਣ ਲਈ ਹੀ ਬੁਲਾ ਲਿਆ ਸੀ । ਇਸ ਤਰਾਂ ਲਗਦਾ ਹੈ ਉਹ ਨਵਾਂ ਨਵਾਂ ਹੀ ਮਜ਼ਦੂਰੀ ਕਰਨ ਲੱਗਿਆ ਹੈ।ਸ਼ਾਇਦ ਇਹ ਉਸਦਾ ਮਜਦੂਰ ਦੇ ਰੂਪ ਵਿਚ ਪਹਿਲਾ ਦਿਨ ਸੀ।ਅਗਲੇ ਦਿਨ ਫਿਰ ਆਉਣ ਦਾ ਮਤਲਬ ਉਸਦੇ ਕੰਮ ਤੋਂ ਮਾਲਿਕ ਖੁਸ਼ ਹਨ। ਉਹ ਆਪਣੇ ਕੰਮ ਵਿੱਚ ਕਾਮਜਾਬ ਹੈ।
____0_____
“ਬਹੁਤ ਮਿਹਨਤ ਕੀਤੀ ਕਰੂਆ ਤੂੰ ਅੱਜ।” ਸ਼ਾਮੀ ਕੰਮ ਤੋਂ ਹਟੇ ਬਲਬੀਰ ਨੂੰ ਮੈਂ ਹੌਸਲਾ ਦਿੰਦੇ ਹੋਏ ਨੇ ਕਿਹਾ।
“ਬਾਊ ਮੈਂ ਸੋਚਿਆ ਸੀ ਕਿ ਇਹ ਚਿਪਸ ਵਾਲਾ ਫਰਸ਼ ਪੱਟਕੇ ਹੀ ਮੈਂ ਘਰ ਜਾਵਾਂਗਾ। ਚਾਹੇ ਅੱਠ ਵੱਜ ਜਾਣ।” ਉਸਨੇ ਆਪਣਾ ਦ੍ਰਿੜ ਇਰਾਦਾ ਦੁਹਰਾਇਆ।
“ਸੱਚੀ ਬਹੁਤ ਮਿਹਨਤ ਕੀਤੀ ਤੂੰ ਬਲਬੀਰ ਅੱਜ।” ਮੇਰੀ ਹੌਸਲਾ ਅਫਜਾਈ ਅਤੇ ਸ਼ਾਬਾਸ਼ੇ ਤੇ ਉਹ ਹੋਰ ਵੀ ਖੁਸ਼ ਹੋ ਗਿਆ।
” ਅੱਜ ਤਾਂ ਬਾਊ ਮੇਰੀਆਂ ਬਾਹਵਾਂ ਵੀ ਦੁਖਣ ਲੱਗ ਪਈਆਂ।” ਪਤਲੇ ਜਿਹੇ ਜੁੱਸੇ ਵਾਲੇ ਬਲਬੀਰ ਨੇ ਮੇਰੇ ਨਾਲ ਆਪਣੀ ਤਕਲੀਫ ਵੀ ਸਾਂਝੀ ਕੀਤੀ।
“ਇਸਨੂੰ ਗਰਮ ਦੁੱਧ ਦੇ ਗਿਲਾਸ ਵਿੱਚ ਹਲਦੀ ਦਾ ਚਮਚ ਪਾਕੇ ਦਿਓ।”
ਮੈਂ ਘਰਦਿਆਂ ਨੂੰ ਕਿਹਾ। ਹਲਦੀ ਵਾਲਾ ਦੁੱਧ ਪੀਕੇ ਓਹ ਤਾਂ ਬਹੁਤ ਖੁਸ਼ ਹੋਇਆ ਹੀ, ਤੇ ਮੇਰੀ ਵੀ ਥਕਾਵਟ ਉਤਰ ਗਈ।
ਅੱਜ ਦੇ ਦਿਨ ਦੀ ਤਾਜ਼ਾ ਖਬਰ।
#ਰਮੇਸ਼ਸੇਠੀਬਾਦਲ