“ਅੱਜ ਮ ਮ ਮ ਮੈ ਮੈਂ ਮੈਂ ਦਿਹਾੜੀ ਤੇ ਨਹੀਂ ਗਿਆ। ਮੇਰਾ ਚ ਚ ਚ ਚ ਚ ਚਿੱਤ ਜਿਹਾ ਢਿੱਲਾ ਸੀ। ਫਿਰ ਮੈਂ ਇੱਧਰ ਹੀ ਆ ਗਿਆ। ਮਖਿਆ ਸ਼ਾਮ ਨੂੰ ਬਾਊ ਪੁਛੂ। ਤ ਤ ਤ ਤੇ ਮੈਂ ਘਰੇ ਗੇੜਾ ਮਾਰਨ ਆ ਗਿਆ। ਚਲ ਸੋਚਿਆ ਦੀਵਾਲੀ ਦੀਆਂ ਸਫਾਈਆਂ ਵੀ ਕਰਨੀਆਂ ਹਨ। ਜਿੰਨਾਂ ਨਿਬੜਦਾ ਹੈ ਕੰਮ ਨਿਬੇੜ ਆਵਾਂ।” ਕਹਿ ਕੇ ਓਹ ਸਿਖਰ ਆਲੇ ਕਮਰੇ ਦੀ ਸਫ਼ਾਈ ਕਰਨ ਜੁੱਟ ਗਿਆ। ਵਾਹਵਾ ਗੰਦ ਕਬਾੜ ਥੱਲੇ ਲਾਹ ਲਿਆਇਆ। “ਬੀਜੀ ਕਬਾੜ ਘਰੇ ਨਾ ਰਖਿਆ ਕਰੋ। ਵੇਚ ਦਿਆ ਕਰੋ।” ਤੇ ਅੱਖ ਦੀ ਸਹਿਮਤੀ ਜਿਹੀ ਲੈ ਕੇ ਓਹ ਕਬਾੜ ਵੇਚਣ ਤੁਰ ਗਿਆ। ਤੇ ਲਿਆ ਕੇ ਕੁੱਝ ਰੁਪਈਏ ਮੇਰੀ ਤਲੀ ਤੇ ਰੱਖ ਦਿੱਤੇ।
“ਨਹੀਂ ਬਲਬੀਰ ਇਹ ਤੂੰ ਹੀ ਰੱਖ ਲੈ।” ਕਹਿਕੇ ਪੈਸੇ ਮੈਂ ਉਸ ਵੱਲ ਖਿਸਕਾ ਦਿੱਤੇ। ਉਸਨੇ ਪੈਸੇ ਲੈਣ ਤੋਂ ਵਾਹਵਾ ਆਨਾਕਾਨੀ ਕੀਤੀ ਤੇ ਮੇਰੇ ਜ਼ੋਰ ਪਾਉਣ ਤੇ ਪੈਸੇ ਰੱਖ ਲਏ। ਢਿੱਲੀ ਸਿਹਤ ਹੁੰਦੇ ਹੋਏ ਵੀ ਉਹ ਵਾਹਵਾ ਕੰਮ ਨਿਬੇੜ ਗਿਆ ਤੇ ਨਾਲੇ ਚਾਰ ਛਿੱਲੜ ਕਮਾ ਗਿਆ। ਪੈਸੇ ਲੈਕੇ ਸਾਰੇ ਹੀ ਕੰਮ ਕਰਦੇ ਹਨ। ਤੇ ਕਈ ਕੰਮਚੋਰ ਵੀ ਹੁੰਦੇ ਹਨ। ਪਰ ਇਸਦੀ ਅਪਣੱਤ ਹੀ ਇਸ ਦੀ ਵਿਸ਼ੇਸ਼ਤਾ ਹੈ। ਰੋਟੀ ਖਾ ਕੇ ਚਾਹ ਪੀ ਕੇ ਓਹ ਚਲਾ ਗਿਆ । ਮੈਨੂੰ ਲੱਗਿਆ ਦੀਵਾਲੀ ਦੀਆਂ ਸਫਾਈਆਂ ਦਾ ਇਸਨੂੰ ਮੇਰੇ ਤੋਂ ਵੱਧ ਫਿਕਰ ਹੈ।
ਇਸੇ ਨੂੰ ਅਪਣੱਤ ਕਹਿੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ