Sanjiv Bawa ਇੱਕ ਬਹੁਤ ਵਧੀਆ ਅਧਿਆਪਕ ਤੇ ਬਹੁਤ ਵਧੀਆ ਇਨਸਾਨ ਹਨ। ਨੌਕਰੀ ਦੇ ਮਾਮਲੇ ਵਿੱਚ ਪੂਰੇ ਇਮਾਨਦਾਰ ਤੇ ਮਿਹਨਤੀ। ਮੇਰੇ ਨਾਲ ਉਹਨਾਂ ਦਾ ਵਾਹ ਓਦੋਂ ਪਿਆ ਜਦੋ ਉਹ ਬਾਦਲ 1 ਵਿੱਚ ਬਤੌਰ ਸੁਪਰਡੈਂਟ ਆਪਣੀਆਂ ਸੇਵਾਵਾਂ ਦੇਣ ਆਏ। ਬਾਦਲ1 ਇੱਕ ਛੋਟਾ ਜਿਹਾ ਤੇ ਸ਼ਾਂਤਮਈ ਕੇਂਦਰ ਗਿਣਿਆ ਜਾਂਦਾ ਹੈ। ਬਾਕੀ ਲੰਬੀ ਨੌਕਰੀ ਕਰਕੇ ਮੇਰੀ ਬਹੁਤੇ ਅਫਸਰਾਂ ਨਾਲ ਨਿੱਜੀ ਜਾਣ ਪਹਿਚਾਣ ਸੀ। ਪਰ ਬਾਵਾ ਸਾਹਿਬ ਸਿਰੇ ਦੇ ਵਹਿਮੀ ਤੇ ਸ਼ੰਕਾਵਾਦੀ। ਮਾੜੀ ਜਿਹੀ ਗੱਲ ਦਾ ਸਪਸ਼ਟੀਕਰਨ ਲੈਣ ਲਈ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਯ ਬੋਰਡ ਦੇ ਦਫਤਰ ਫੋਨ ਘੁੰਮਾ ਦਿੰਦੇ। ਜਿਥੇ ਤਿੰਨ ਫਾਈਲਾਂ ਲਗਾ ਕੇ ਕੇਂਦਰ ਦਾ ਕੰਮ ਚਲਦਾ ਸੀ ਪਿਛਲੇ ਵੀਹ ਸਾਲਾਂ ਤੋਂ ਓਹਨਾ ਨੇ ਬਾਰਾਂ ਪੰਦਰਾਂ ਫਾਇਲਾਂ ਲਗਾ ਦਿੱਤੀਆਂ। ਕੇਂਦਰ ਤੇ ਨਿਯੁਕਤ ਸਟਾਫ ਦਾ ਬਿੱਲ ਵੀ ਉਹ ਨਿਗਰਾਨ ਅਮਲੇ ਤੋਂ ਬਣਵਾਉਂਦੇ ਰਹੇ ਕਈ ਦਿਨ। ਮੈਂ ਫਿਰ ਜਵਾਂ ਵਹਿਲਾ ਰਹਿੰਦਾ। ਜਦੋ ਬਿੱਲ ਨਾ ਬਣਿਆ ਤਾਂ ਉਹਨਾਂ ਨੇ ਮੈਨੂੰ ਹੀ ਬਿੱਲ ਭਣਾਉਣ ਦਾ ਆਖ ਦਿੱਤਾ।
ਇੱਕ ਦਿਨ ਮਲੋਟ ਜਾਣ ਵੇਲੇ ਕੋਈ ਨਿਗਰਾਨ ਆਪਣੀ ਕਾਰ ਤੇ ਬਾਵਾ ਜੀ ਨੂੰ ਖਿਓਵਾਲੀ ਮੋੜ ਤੇ ਉਤਾਰ ਗਿਆ। ਡੱਬਵਾਲੀ ਤੋਂ ਮਲੋਟ ਜਾਣ ਵਾਲੀਆਂ ਬਹੁਤੀਆਂ ਬੱਸਾਂ ਥੋੜਾ ਅੱਗੇ ਰੁਕਦੀਆਂ ਹਨ ਸ੍ਰੀ ਖਜ਼ਾਨ ਚੰਦ ਸਕੂਲ ਮੂਹਰੇ। ਪਰ ਇਹ ਮੋੜ ਤੇ ਹੀ ਖੜੇ ਰਹੇ ਤੇ ਦੋ ਤਿੰਨ ਬੱਸਾਂ ਨਿਕਲ ਗਈਆਂ। ਆਖਿਰ ਬਾਵਾ ਸਾਹਿਬ ਇੱਟਾਂ ਵਾਲੀ ਟਰਾਲੀ ਤੇ ਬੈਠਕੇ ਲੰਬੀ ਪਹੁੰਚੇ।
ਅਗਲੇ ਦਿਨ ਬਾਵਾ ਸਾਹਿਬ ਖੂਬ ਗੁੱਸੇ ਵਿੱਚ।ਅਖੇ ਬਾਦਲ ਦਾ ਕੇਂਦਰ ਸੁਪਰਡੈਂਟ ਇੱਟਾਂ ਦੀ ਟਰਾਲੀ ਤੇ ਬੈਠਕੇ ਗਿਆ। ਪਰ ਓਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਏ ਕਿ ਜੇ ਉਹ ਮੋੜ ਤੋਂ ਚਾਰ ਕਦਮ ਅੱਗੇ ਚਲੇ ਜਾਂਦੇ ਜਿਥੇ ਬੱਸਾਂ ਰੁਕਦੀਆਂ ਸਨ ਤਾਂ ਉਹ ਆਰਾਮ ਨਾਲ ਵੀਹ ਲੱਖ ਦੀ ਬੱਸ ਤੇ ਗੱਦੇਦਾਰ ਸੀਟ ਤੇ ਬੈਠਕੇ ਸਿੱਧਾ ਮਲੋਟ ਪਹੁੰਚਦੇ ਨਾਲੇ ਪੋਣਾ ਘੰਟਾ ਪਹਿਲਾਂ।
ਪਰ ਕੌਣ ਆਖੇ ਸੁਪਰਡੈਂਟ ਸਾਹਿਬ ਇੰਨਾ ਤਾਂ ਤੁਸੀਂ ਸੋਚਿਆ ਹੀ ਨਹੀਂ ਸੁਪਰਡੈਂਟੀਂ ਦੇ ਚਾਅ ਵਿੱਚ।
#ਰਮੇਸ਼ਸੇਠੀਬਾਦਲ