ਮੁਸਕਾਨਾਂ ਚੰਗੀ ਗੱਲ ਹੈ। ਹੱਸਦਾ ਬੱਚਾ ਸਭ ਨੂੰ ਚੰਗਾ ਲੱਗਦਾ। ਕਹਿੰਦੇ ਹਨ ਹਾਸਿਆ ਵਿੱਚ ਰੱਬ ਵਸਦਾ ਹੈ। ਜਿਹੜਾ ਬੱਚਾ ਹੱਸਦਾ ਹੈ ਉਸਨੂੰ ਹਰ ਕੋਈ ਚੁੱਕ ਲੈਂਦਾ। ਜਦ ਕਿ ਰੋਣ ਵਾਲਾ ਮਾਂ ਦੇ ਕੁੱਛੜ ਦਾ ਗਹਿਣਾ ਬਣਿਆ ਰਹਿੰਦਾ ਹੈ। ਹੱਸਣਾ ਭਾਵੇਂ ਚੰਗੀ ਗੱਲ ਹੈ ਪਰ ਇਹ ਕਿਹੜਾ ਸਭ ਦਾ ਨਸੀਬ ਹੈ। ਕਈ ਤਾਂ ਬੰਦੇ ਹਰ ਸਥਿਤੀ ਵਿੱਚ ਹੱਸ ਲੈਂਦੇ ਹਨ ਅਤੇ ਕਈ ਸਾਡੇ ਵਰਗੇ ਹਨ ਜਿਨ੍ਹਾਂ ਨੂੰ ਚੰਗੀ ਤਰਾਹ ਹੱਸਣਾ ਵੀ ਨਹੀ ਆਉਦਾ। ਹਾਸੇ ਦੇ ਵੀ ਕਈ ਅਰਥ ਹੁੰਦੇ ਹਨ।ਬਚਪਨ ਵਿੱਚ ਜਲੰਧਰ ਰੇਡਿਓ ਤੋਂ ਇੱਕ ਗੀਤ ਆਂਦਾ ਸੀ ਚਿੱਟੇ ਦੰਦ ਹੱਸਣੋ ਨਹੀ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ। ਬਾਦ ਵਿੱਚ ਕਈ ਲੋਕਾਂ ਨੇ ਇਸ ਗੀਤ ਤੇ ਇਤਰਾਜ ਕੀਤਾ ਤੇ ਉਹਨਾ ਨੇ ਇਹ ਗੀਤ ਲਾਣਾ ਹੀ ਬੰਦ ਕਰ ਦਿੱਤਾ ਸੀ। ਉੰਜ ਇਹ ਵੀ ਕਹਿੰਦੇ ਨੇ ਹੱਸੀ ਤੇ ਫਸੀ । ਪਰ ਅੱਜ-ਕੱਲ੍ਹ ਇਸਦੀ ਲੋੜ ਨਹੀਂ ਪੈਂਦੀ। ਅੱਜ ਕੱਲ੍ਹ ਇਸਤੋ ਕਿੰਨਾ ਹੀ ਵੱਡਾ ਸੈਕਸੂਅਲ ਮਟੀਰੀਅਲ ਦੂਰਦਰਸ਼ਨ ਤੇ ਆ ਰਿਹਾ ਹੈ ਜਿਸਤੇ ਨਾ ਲੋਕਾ ਨੂੰ ਇਤਰਾਜ ਹੈ ਅਤੇ ਨਾ ਹੀ ਸਰਕਾਰਾ ਨੂੰ। ਚਲੋ ਸਮੇਂ ਨਾਲ ਕਦਰਾਂ ਕੀਮਤਾ ਬਦਲ ਜਾਂਦੀਆ ਹਨ ਤੇ ਇਵੇ ਹੀ ਹਾਸਿਆ ਦੇ ਅਰਥ ਵੀ ਬਦਲਦੇ ਹਨ।
ਉੰਜ ਹਾਸੇ ਕਈ ਤਰਾ ਦੇ ਹਨ। ਕਈ ਮੁਸਕੜੀਆ ਹੱਸਦੇ ਹਨ ਅਤੇ ਕਈਆ ਦਾ ਹਾਸਾ ਆਲੇਦਵਾਲੇ ਦੇ ਚਾਰ ਘਰਾਂ ਵਿੱਚ ਵੀ ਸੁਨਾਈ ਦਿੰਦਾ ਹੈ। ਪਰ ਕਈ ਸਮਾਜ ਦੇ ਠੇਕੇਦਾਰਾਂ ਨੂੰ ਅਜੇਹੇ ਹਾਸੇ ਤੇ ਵੀ ਇਤਰਾਜ ਹੁੰਦਾਹੈ। ਕਈ ਮੀਸਣਾ ਜਿਹਾ ਹਾਸਾ ਹੱਸਦੇ ਹਨ ਅਤੇ ਕਈਆ ਦਾ ਹਾਸਾ ਬੜਾ ਖਚਰਾ ਹੁੰਦਾ ਹੈ। ਕਈ ਹੀ ਹੀ ਕਰਦੇ ਹਨ ਅਤੇ ਕਈ ਬਰੇਕਾ ਵਾਲਾ ਹਾਸਾ ਹੱਸਦੇ ਹਨ। ਕਈ ਬੰਦੇ ਦੂਜੇ ਦੇ ਡਿਗਣ ਤੇ ਉਸਨੂੰ ਉਠਾਣ ਦੀ ਵਿਜਾਏ ਹਿੜ ਹਿੜ ਕਰਦੇ ਹਨ ਅਤੇ ਕਈ ਨਕਲੀ ਹਾਸਾ ਹੀ ਹੱਸੀ ਜਾਂਦੇ ਹਨ। ਪਰ ਹਰ ਵਾਰ ਹੱਸਿਆ ਗੱਲ ਨਹੀ ਬਣਦੀ। ਤੁਹਾਡਾ ਹਾਸਾ ਦੇਖ ਕਿ ਕੋਈ ਨਹੀਂ ਦਰਦ ਵੰਡਾਉਂਦਾ। ਬੰਦੇ ਨੂੰ ਰੋਣਾ ਤਾਂ ਪੈਦਾ ਹੀ ਹੈ। ਰੋਏ ਬਿਨਾ ਮਾਂ ਬੱਚੇ ਨੂੰ ਦੁੱਧ ਨਹੀਂ ਚੁਘਾਦੀ। ਅੱਜ ਕੱਲ੍ਹ ਦੀਆਂ ਬੋਲੀਆ ਸਰਕਾਰਾ ਰੋਏ ਬਿਨਾ ਕਿਸੇ ਦੀ ਕੋਈ ਗੱਲ ਨਹੀ ਸੁਣਦੀਆ। ਹਾਸੇ ਵੱਲ ਦੇਖ ਕਦੇ ਕੋਈ ਨਹੀ ਕਹਿੰਦਾ ਤੂੰ ਭੁੱਖਾ ਹੈ ਭਾਈ ਰੋਟੀ ਖਾਹ ਲੈ। ਇਸ ਲਈ ਹਾਸੇ ਨਾਲ ਸਿਹਤ ਭਲਾ ਬੇਸ਼ਕ ਬਣ ਜਾਂਦੀ ਹੋਵੇ, ਜ਼ਿੰਦਗੀ ਵਿੱਚ ਆਪਣੇ ਹੱਕਾ ਨੂੰ ਲੈਣ ਲਈ ਰੋਣਾ ਜ਼ਰੂਰ ਪੈਂਦਾ। ਰੋਣਾ ਹੀ ਨਹੀਂ ਪੁਲਿਸ ਦੇ ਡੰਡੇ ਵੀ ਖਾਣੇ ਪੈਂਦੇ ਹਨ। ਅਤੇ ਕਈ ਵਾਰ ਜੇਲ੍ਹ ਵੀ ਜਾਣਾ ਪੈਦਾ ਹੈ।
ਚਲੋ ਜੀ ਬਹੁਤ ਹੋ ਗਿਆ। ਹੁਣ ਦਿਨ ਦੇ ਮੁਸਕਾਨ ਦਾ ਸਮਾਂ ਹੋ ਗਿਆ ਹੈ। ਆਓ! ਸੈਰ ਕਰੀਏ ਅਤੇ ਕੋਸ਼ਿਸ਼ ਕਰੀਏ ਕਿ ਸਾਵੇਰ ਵਰਗੀ ਮੁਸਕਾਨ ਸਾਡੇ ਚਿਹਰੇ ਤੇ ਵੀ ਆ ਜਾਵੇ ਅਤੇ ਸਾਡਾ ਦਿਨ ਬਹੁਤ ਸੁਹਣਾ ਲੰਘ ਜਾਵੇ।
ਤੁਹਾਨੂੰ ਸਭ ਦੋਸਤਾ ਨੂੰ ਨਵੇ ਦਿਨ ਦੀ ਬਹੁਤ ਬਹੁਤ ਮੁਬਾਰਕ ਜੀ।
ਤੁਹਾਡਾ ਅਪਣਾ
ਰੇਸ਼ਮ