ਕਿਰਤੀ ਕਾਲਜ ਨਿਆਲ ਤੋਂ ਵਾਪਸ ਤਾਇਆ ਜੀ ਹੋਰਾਂ ਕੋਲ ਘਰ ਆ ਗਿਆ। ਚਾਹ ਪੀ ਕੇ ਪਿੰਡ ਮਾਂ ਨੂੰ ਮਿਲ ਕੇ ਆਉਣ ਦੀ ਤਿਆਰੀ ਕਰ ਲਈ। ਪਾਤੜਾਂ ਬੱਸ ਅੱਡੇ ਤੇ ਆ ਕੇ ਬੁੱਕ ਸਟਾਲ ਤੋਂ ਫ਼ਿਲਮੀ ਦੁਨੀਆ ਹਿੰਦੀ ਦਾ ਮੈਗਜ਼ੀਨ ਲ਼ੈ ਕੇ ਆਪਣੀ ਸੀਟ ਮੱਲ ਲਈ। ਬੱਸ ਨੇ ਸਾਡੇ ਸ਼ਹਿਰ ਲਹਿਰਾ ਗਾਗਾ ਆਉਣਾ ਸੀ, ਵਾਇਆ ਜਾਖਲ ਹੋ ਕੇ। ਕੰਡਕਟਰ ਬਾਹਰ ਸਵਾਰੀਆਂ ਨੂੰ ਜਾਖਲ ਆਲੇ ਜਾਖਲ ਆਲੇ ਦੀ ਰਟ ਲਾ ਕੇ ਬੁਲਾ ਰਿਹਾ ਸੀ। ਦਸਾਂ ਕੁ ਮਿੰਟੂ ਬਾਅਦ ਬੱਸ ਚੱਲ ਪਈ ਮੈਂ ਆਪਣੇ ਪਿੰਡ ਕੋਟੜਾ ਲੇਹਲ ਦਾ ਟਿਕਟ ਖਰੀਦ ਲਿਆ। ਮੈਂ ਆਪਣੀ ਆਦਤ ਅਨੁਸਾਰ ਇੱਧਰ ਉੱਧਰ ਦੇਖਣ ਦੀ ਬਜਾਇ ਮੈਗਜ਼ੀਨ ਪੜਨਾਂ ਸ਼ੁਰੂ ਕਰ ਦਿੱਤਾ। ਪਤਾ ਹੀ ਨਾ ਲੱਗਾ ਬੱਸ ਕਦੋਂ ਜਾਖਲ ਆ ਗਈ। ਕਹਾਣੀ ਧਰਮਿੰਦਰ ਤੇ ਹੇਮਾਮਾਲਿਨੀ ਦੀ ਕਿਸੇ ਫਿਲਮ ਬਾਰੇ ਸੀ ,ਸੋ ਮੈਂ ਪੜਨ ਵਿੱਚ ਹੀ ਰੁੱਝਿਆ ਹੋਇਆ ਸੀ। ਇੱਥੇ ਬੱਸ ਨੇ ਰੇਲ ਗੱਡੀ ਦੀਆਂ ਸਵਾਰੀਆਂ ਵੀ ਲੈਣੀਆਂ ਸਨ। ਉਦੋਂ ਬੱਸ ਅੱਡਾ ਰੇਲਵੇ ਸਟੇਸ਼ਨ ਦੇ ਨੇੜੇ ਹੀ ਬਹੁਤ ਤੰਗ ਜਿਹੀ ਜਗ੍ਹਾ ਤੇ ਬਣਿਆ ਹੋਇਆ ਸੀ।( ਹੁਣ ਤਾਂ ਜਾਖਲ ਸ਼ਹਿਰ ਦਾ ਅੱਡਾ ਵਧੀਆ ਖੁੱਲ੍ਹੇ ਥਾਂ ਤੇ ਮੇਨ ਰੋਡ ਤੇ ਬਣਿਆ ਹੋਇਆ ਹੈ।) ਮੈਂ ਪੜਨ ਵਿੱਚ ਐਨਾ ਮਸਰੂਫੂ ਸਾਂ ਕਿ ਪਤਾ ਹੀ ਨਾ ਲੱਗਿਆ ਕਿ ਬੱਸ ਖਾਲੀ ਹੋ ਗਈ ਹੈ। ਬੱਸ ਵਿੱਚ ਕੇਵਲ ਮੈਂ ਹੀ ਸਾਂ। ਥੋੜ੍ਹੇ ਚਿਰ ਪਿੱਛੋਂ ਇੱਕ ਅਧਖੜ੍ਹ ਉਮਰ ਦੇ ਵਿਅਕਤੀ ਨੇ ਪੁੱਛਿਆ,”ਕਾਕਾ ਬੱਸ ਕਿੱਥੇ ਜਾਣੀ ਐਂ।”
“ਜਾਖਲ ਨੂੰ ਜੀ,” ਮੈਂ ਮੈਗਜ਼ੀਨ ਤੋਂ ਧਿਆਨ ਹਟਾਏ ਬਿਨਾਂ ਹੀ ਜਵਾਬ ਦਿੱਤਾ।
“ਕਾਕਾ ਜੀ ਕਿੱਥੇ,” ਉਸ ਨੇ ਦੁਆਰਾ ਫਿਰ ਪੁੱਛਿਆ।
“ਜਾਖਲ ਨੂੰ ਬਾਬਿਓ,” ਮੈਂ ਉਸੇ ਹੀ ਬੇਧਿਆਨੀ ਵਿਚ ਜਵਾਬ ਦਿੱਤਾ।
“ਕਾਕਾ ਜੀ ਬੈਠੇ ਕਿੱਥੇ ਹੋ।”
“ਹੈਂ,” ਮੈਂ ਹੈਰਾਨ ਹੋ ਕੇ ਖਿਆਲ ਨਾਲ ਦੇਖਿਆ। ਕਿਉਂ ਕਿ ਬੱਸ ਜਾਖਲ ਹੀ ਤਾਂ ਖੜੀ ਸੀ।
“ਜੀ, ਬੱਸ ਲਹਿਰੇ ਗਾਗੇ ਜਾਵੇਗੀ।” ਮੈਂ ਨਿੰਮੋਝੂਣਾ ਜਿਹਾ ਹੋ ਕੇ ਮੁਸਕਰਾ ਰਿਹਾ ਸੀ।
“ਖਿਆਲ ਨਾਲ ਆਪਣੇ ਟਿਕਾਣੇ ਤੇ ਉੱਤਰ ਜਾਈਂ।” ਕਹਿ ਕੇ ਉਹ ਅਜਨਬੀ ਕਿਸੇ ਹੋਰ ਬੱਸ ਵੱਲ ਅਹੁਲਿਆ।
ਗਮਦੂਰ ਸਿੰਘ ਸਰਾਓ।
ਕੋਟੜਾ ਲੇਹਲ।