ਗੁਜ਼ਰੇ ਵਕਤ ਤੇ ਝਾਤ ਮਾਰਦਿਆਂ ਕਿੰਨਾ ਕੁਝ ਯਾਦ ਆਇਆ।ਮਨ ਉੱਡ ਕੇ ਪੰਦਰਾਂ ਵਰੇ ਪਿਛਾਂਹ ਜਾ ਬੈਠਾ।ਨਿੱਕੀਆਂ ਨਿੱਕੀਆਂ ਗੱਲਾਂ ਵੀ ਯਾਦ ਆਈਆਂ ।
“ਹਾਇ!ਮੈੰ ਮਾਪਿਆਂ ਦੀ ਲਾਡਲੀ ਧੀ….ਕਦਮ-ਕਦਮ ਤੇ ਐਨੇ ਸਮਝੌਤੇ ਕਿਵੇਂ ਕਰ ਗਈ?” ਮਨ ‘ਚ ਸੋਚ ਕੇ ਹੈਰਾਨ ਜੀ ਹੋਈ।
“ਮਾਂ ਦੀ ਇੱਕ ਝਿੜਕ ਨੀੰ ਸੀ ਸਹਿੰਦੀ ਤੇ ਸਹੁਰੇ ਹਰ ਵੇਲ਼ੇ ਦੀ ਦੁਰ-ਦੁਰ ਪਾਣੀ ਵਾਂਗ ਪੀੰਦੀ ਰਹੀ।ਮਾਪਿਆਂ ਕੋਲ਼ੇ ਕਦੇ ਭਾਫ਼ ਤੱਕ ਨਾ ਕੱਢੀ।ਹਰ ਵੇਲ਼ੇ ਜੀ ਜੀ,ਭੱਜ-ਭੱਜ ਕੰਮ ਕਰਨਾ ਪਰ ਪਤਾ ਨੀੰ ਕਿਹੜੀ ਮਿੱਟੀ ਦੇ ਬਣੇ ਸੀ ਸਾਰੇ।ਕਦੇ ਖ਼ੁਸ਼ ਈ ਨਾ ਹੋਏ…।
ਕਿੰਨੇ ਸ਼ੌੰਕ ਸੀ….ਸੋਚਦੀ ਸੀ ਸਾਰੇ ਪੂਰੇ ਕਰੂੰ।ਪਤਾ ਹੀ ਨਾ ਲੱਗਿਆ ਕਿ ਕਿਹੜੇ ਵੇਲ਼ੇ ਮਰ ਗਏ ਜਾਂ ਕਹਿ ਲਓ ਕਿ ਕਤਲ ਕਰ ਦਿੱਤੇ ਗਏ।”
ਹੋਰ ਵੀ ਬੜਾ ਕੁਝ ਯਾਦ ਆਇਆ।
ਫ਼ੇਰ ਅਚਾਨਕ ਦਿਲ ਨੇ ਦਿਮਾਗ ਦੀ ਨਾ ਸੁਣਨ ਦਾ ਫ਼ੈਸਲਾ ਕੀਤਾ।ਆਪਣੇ ਆਪ ਨੂੰ ਬਚਾਉਣ ਦਾ ‘ਫ਼ੈਸਲਾ’…ਬੱਸ ਹੁਣ ਆਪਣੇ ਆਪ ਨੂੰ ਮਰਨ ਨੀੰ ਦੇਣਾ।
….ਉਹ ਦਿਨ ਤੇ ਆਹ ਦਿਨ।ਹੁਣ ਮੈਂ ਆਪਣੇ ਲਈ ਜਿਉਣ ਲੱਗੀ ਆਂ।ਕਦੇ ਫੁੱਲ-ਬੂਟਿਆਂ ਨਾਲ਼ ਗੱਲਾਂ ਕਰਦੀ ਆਂ,ਕਦੀ ਕੰਮ ਕਰਦੇ -ਕਰਦੇ ਗੀਤ ਗੁਣਗੁਣਾਉੰਦੀ ਆਂ,ਕਦੀ ਬੱਚਿਆਂ ਨਾਲ਼ ਉੱਚੀ ਉੱਚੀ ਹਸਦੀ ਆਂ।ਕਵਿਤਾ ਵੀ ਲਿਖਦੀ ਆਂ।ਬੱਸ ਥੋੜ੍ਹਾ ਈ ਤਾਂ ਫ਼ਰਕ ਏ ਪਹਿਲਾਂ ਨਾਲ਼ੋਂ।ਉਹ ਸਮਝਦੇ ਨੇ ਕਿ ਮੈੰ ਉਹਨਾਂ ਕੋਲ਼ ਤੁਰੀ ਫਿਰਦੀ ਆਂ ਤੇ ਪਹਿਲਾਂ ਵਾਂਗ ਕੋਈ ਸ਼ਿਕਾਇਤ ਵੀ ਨੀੰ ਕਰਦੀ।ਪਰ ਉਹ ਵਿਚਾਰੇ ਕੀ ਜਾਨਣ?ਮੈੰ ਤਾਂ ਉਹਨਾਂ ਤੋਂ ਬਹੁਤ ਦੂਰ ਆਂ…ਮਸਤ ਆਪਣੀ ਨਿੱਕੀ ਜਿਹੀ ਦੁਨੀਆਂ ‘ਚ।ਸ਼ਾਇਦ ਉਹਨਾਂ ਲਈ ਏਨੀ ਸਜ਼ਾ ਹੀ ਕਾਫ਼ੀ ਹੋਵੇ ਕਿ ਕੋਲ਼ ਹੋ ਕੇ ਮੈਂ ਉਹਨਾਂ ਤੋਂ ਦੂਰ ਆਂ।ਉਹਨਾਂ ਦੇ ਤਾਅਨੇ-ਮਿਹਣੇ ਹੁਣ ਵੀ ਬਾਦਸਤੂਰ ਜਾਰੀ ਨੇ ਪਰ ਹੁਣ ਮੈਨੂੰ ਰੁਆਉੰਦੇ ਨਹੀੰ।ਬੱਸ ਹਲਕਾ ਜਿਹਾ ਮੁਸਕਰਾ ਕੇ ਤੁਰ ਜਾਂਦੀ ਹਾਂ ਆਪਣੀ ਦੁਨੀਆਂ ‘ਚ।ਜਿੱਥੇ ਬੱਸ ਸਕੂਨ ਹੀ ਸਕੂਨ ਹੈ….।ਹਾਂ….ਉਹਨਾਂ ਦੀਆਂ ਨਜ਼ਰਾਂ ਥੋੜ੍ਹੀ ‘ਢੀਠ’ ਜ਼ਰੂਰ ਹੋ ਗਈ ਆਂ।
ਦੀਪ ਵਿਰਕ
ਅਕਤੂਬਰ 10,2023