ਨਵੀਂ ਕੇਂਦਰ ਸੁਪਰਡੈਂਟ | navi kendara superdent

ਆਖਿਰ ਕੋਈ ਬੱਤੀ ਤੇਤੀ ਸਾਲ ਮੈਂ ਪ੍ਰੀਖਿਆ ਕੇਂਦਰ ਵਿੱਚ ਕੇਂਦਰ ਸਹਾਇਕ ਵਜੋਂ ਕੰਮ ਕੀਤਾ ਹੈ। ਤਜ਼ੁਰਬਾ ਤੇ ਜਾਣ ਪਹਿਚਾਣ ਤਾਂ ਹੋਣੀ ਹੀ ਸੀ। ਪਰ ਬਹੁਤ ਸਾਰੇ ਸੁਪਰਡੈਂਟਾਂ ਨਾਲ ਵਾਹ ਵੀ ਪਿਆ। ਨਵੀਆਂ ਗੱਲਾਂ ਦਾ ਪਤਾ ਚਲਿਆ। ਹਰ ਸਾਲ ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਕਿ ਕੇਂਦਰ ਸਟਾਫ ਵਿੱਚ ਕੌਣ ਕੌਣ ਆ ਰਿਹਾ ਹੈ ਇਹ ਪਹਿਲਾਂ ਹੀ ਪਤਾ ਕਰ ਲੈਣਾ। ਇੱਕ ਵਾਰੀ ਮੇਰੀ ਭੂਆ ਜੀ ਦੇ ਬੇਟੇ Satpal Grover ਦਾ ਮੇਰੇ ਕੋਲੇ ਫੋਨ ਆਇਆ ਕਿ ਯਾਰ ਮੇਰੇ ਇੱਕ ਖਾਸ ਦੋਸਤ ਦੀ ਬੇਟੀ ਤੁਹਾਡੇ ਸਕੂਲ ਵਿੱਚ ਸੁਪਰਡੈਂਟ ਬਣਕੇ ਆ ਰਹੀ ਹੈ ਤੁਸੀਂ ਉਸਦਾ ਖਿਆਲ ਰਖਿਓ। ਮਖਿਆ ਯਾਰ ਸੁਪਰਡੈਂਟ ਲਈ ਤਾਂ ਸ਼ਿਫਾਰਸ਼ ਮੈਨੂੰ ਕਰਨੀ ਚਾਹੀਦੀ ਹੈ ਪਰ ਤੂੰ ਸੁਪਰਡੈਂਟ ਦੀ ਸਿਫਾਰਸ਼ ਕਰ ਰਿਹਾ ਹੈ। ਇਹ ਤਾਂ ਜੱਗੋਂ ਤੇਰ੍ਹਵੀਂ ਗੱਲ ਹੈ। ਉਸ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਪੁਰਾਣੇ ਅਧਿਆਪਕ ਤੇ ਮੇਰੇ ਜਾਣਕਾਰ Darshan Lal Goyal ਦੀ ਬੇਟੀ Divya Goyal ਜੋ ਕੋਟਭਾਈ ਲੈਕਚਰਾਰ ਲੱਗੀ ਹੋਈ ਹੈ ਉਸਦੀ ਡਿਊਟੀ ਬਤੋਰ ਸੁਪਰਡੈਂਟ ਬਾਦਲ1 ਵਿੱਚ ਲੱਗੀ ਹੈ। ਭਾਵੇਂ ਸਾਡਾ ਬਾਦਲ1 ਕੇਂਦਰ ਬਹੁਤ ਛੋਟਾ ਤੇ ਸ਼ਾਂਤਮਈ ਕੇਂਦਰ ਸੀ ਪਰ ਬਾਦਲ ਪਿੰਡ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਵਿਚ ਹੋਣ ਕਰਕੇ ਹਰ ਨਵਾਂ ਆਦਮੀ ਇਹੋ ਜਿਹੇ ਕੇਂਦਰ ਤੇ ਡਿਊਟੀ ਦੇਣ ਤੋਂ ਘਬਰਾਉਂਦਾ ਸੀ। ਉਸਨੂੰ ਡਰ ਹੁੰਦਾ ਹੈ ਕਿ ਬਾਦਲ ਪਿੰਡ ਵਿੱਚ ਪਤਾ ਨਹੀਂ ਕਿੰਨੀ ਕ਼ੁ ਰਾਜਸੀ ਦਖਲ ਅੰਦਾਜ਼ੀ ਹੋਊ। ਸ਼ਰੀਫ ਆਦਮੀ ਨੂੰ ਉਂਜ ਹੀ ਪਸੀਨਾ ਆ ਜਾਂਦਾ ਹੈ। ਬਾਕੀ ਦਿਵਿਆ ਮੈਡਮ ਦੀ ਇਹ ਡਿਊਟੀ ਪਹਿਲੀ ਵਾਰੀ ਹੀ ਲੱਗੀ ਸੀ। ਉਸ ਨੂੰ ਸੁਪਰਡੈਂਟ ਦੀ ਡਿਊਟੀ ਦਾ ਤਜ਼ੁਰਬਾ ਨਹੀਂ ਸੀ। ਦੂਸਰਾ ਬਾਦਲ ਪਿੰਡ ਰਾਸ਼ਟਰੀ ਰਾਜ ਮਾਰਗ 9 ਤੋਂ 4 ਕਿਲੋਮੀਟਰ ਪਾਸੇ ਹਟਵਾਂ ਹੈ ਤੇ ਆਉਣ ਜਾਣ ਦੀ ਵੀ ਸਮੱਸਿਆ ਆਉਂਦੀ ਹੈ। ਮੈਂ ਦਿਵਿਆ ਗੋਇਲ ਨੂੰ ਬੇਫਿਕਰ ਹੋ ਕੇ ਡਿਊਟੀ ਸੰਭਾਲਣ ਦਾ ਹੌਸਲਾ ਦਿੱਤਾ ਤੇ ਕਿਹਾ ਕਾਗਜ਼ ਪੱਤਰ ਤੇ ਕੇਂਦਰ ਦਾ ਸਾਰਾ ਰਿਕਾਰਡ ਪੂਰਾ ਕਰਨ ਦੀ ਜਿੰਮੇਵਾਰੀ ਮੇਰੀ ਹੈ। ਸ਼ਾਂਤਮਈ ਕੇਂਦਰ ਹੈ। ਉਸਨੂੰ ਮੇਰੀਆਂ ਗੱਲਾਂ ਨਾਲ ਹੌਸਲਾ ਮਿਲਿਆ ਤੇ ਉਹ ਆਤਮ ਵਿਸ਼ਵਾਸ ਨਾਲ ਡਿਊਟੀ ਕਰਨ ਲੱਗੇ। ਉਸ ਨੇ ਨਵੀਂ ਹੋਣ ਦੇ ਬਾਵਜੂਦ ਸੈਂਟਰ ਵਧੀਆ ਚਲਾਇਆ। ਉਡਨ ਦਸਤੇ ਤੇ ਹੋਰ ਚੈਕਿੰਗ ਸਟਾਫ ਵਾਧੂ ਖੁਸ਼ ਹੁੰਦਾ। ਕਦੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਈ। ਨਕਲ ਪਰਚੀ ਬਾਹਰੀ ਦਖਲ ਅੰਦਾਜ਼ੀ ਰੱਤੀ ਭਰ ਵੀ ਨਹੀਂ ਸੀ। ਦਿਵਿਆ ਮੈਡਮ ਵਿੱਚ ਹਰ ਕੰਮ ਸਿੱਖਣ ਦੀ ਲਾਲਸਾ ਸੀ। ਫਿਰ ਉਹ ਮੇਰੇ ਵਾਲਾ ਕਾਗਜ਼ੀ ਕੰਮ ਖੁਦ ਹੀ ਕਰਨ ਲੱਗੀ ਤਾਂਕਿ ਉਸ ਨੂੰ ਪਤਾ ਚਲੇ ਕਿ ਇੱਕ ਪ੍ਰੀਖਿਆ ਕੇਂਦਰ ਵਿੱਚ ਕੀ ਕੀ ਰਿਕਾਰਡ ਤਿਆਰ ਕਰਨਾ ਹੁੰਦਾ ਹੈ। ਉਹ ਇੱਕ ਕਾਬਿਲ ਅਧਿਆਪਕ ਦੇ ਨਾਲ ਨਾਲ ਵਧੀਆ ਪ੍ਰਬੰਧਕ ਦੇ ਗੁਣ ਵੀ ਰੱਖਦੀ ਸੀ। ਭਾਵੇਂ ਅਸੂਲਨ ਮੈਂ ਉਸਦੇ ਅੰਡਰ ਕੰਮ ਕਰਦਾ ਸੀ ਪਰ ਆਪਣੇ ਪਾਪਾ ਦਾ ਜਾਣਕਾਰ ਤੇ ਸਾਥੀ ਹੋਣ ਕਰਕੇ ਉਹ ਮੈਨੂੰ ਇਕ ਬਾਪ ਵਾਲਾ ਮਾਣ ਬਖਸ਼ਦੀ। ਮੈਨੂੰ ਵੀ ਲਗਦਾ ਕਿ ਇਹ ਦਰਸ਼ਨ ਗੋਇਲ ਦੀ ਬੇਟੀ ਨਹੀਂ ਮੇਰੀ ਬੇਟੀ ਹੈ।
ਇਸ ਤਰਾਂ ਨਾਲ ਇਹ ਮੇਰੇ ਲਈ ਤੇ ਦਿਵਿਆ ਲਈ ਇਕ ਨਵਾਂ ਤਜ਼ੁਰਬਾ ਸੀ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *