“ਤੁਹਾਨੂੰ ਕੀ ਸੁੱਝੀ? ਤੁਸੀਂ ਇਹ ਕੀ ਗੱਲ ਕਰਦੇ ਸੀ ਦੋਵੇਂ ਪੁੱਤਰਾਂ ਨਾਲ ਕਿ ਤੁਸੀਂ ਬਟਵਾਰਾ ਕਰ ਦੇਣਾ। ” ਕਿਸ਼ਨਾ ਨੇ ਆਪਣੇ ਘਰਵਾਲੇ ਨੂੰ ਕਿਹਾ
“ਹਾਂ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਜੀਉਂਦੇ ਜੀਅ ਬਟਵਾਰਾ ਕਰ ਦੇਣਾ।” ਜਗੀਰ ਸਿੰਘ ਨੇ ਜਵਾਬ ਦਿੱਤਾ।
“ਉਹਨਾਂ ਨੇ ਕੀ ਕਿਹਾ ਫੇਰ?”
“ਕੀ ਕਹਿਣਾ ਸੀ, ਉਹ ਵੀ ਕਹਿੰਦੇ ਕੀ ਲੋੜ ਹੈ? ਪਰ ਮੈਂ ਮਨ ਬਣਾ ਲਿਆ ਮੈਂ ਬਟਵਾਰਾ ਕਰ ਦੇਣਾ।”
“ਲੋਕਾਂ ਦੇ ਬੱਚੇ ਕਹਿੰਦੇ ਬਟਵਾਰਾ ਕਰ ਦਿੳ, ਮਾਂ ਬਾਪ ਨਹੀਂ ਮੰਨਦੇ। ਇਥੇ ਬੱਚੇ ਨਹੀਂ ਮੰਨਦੇ, ਬਾਪ ਕਹਿੰਦਾ ਬਟਵਾਰਾ ਕਰਨਾ। ਕਿਉਂ ?”
“ਮੈਨੂੰ ਡਰ ਹੈ ……. ” ਕਹਿ ਕੇ ਜਗੀਰ ਸਿੰਘ ਚੁੱਪ ਕਰ ਗਿਆ।
“ਕੀ ਡਰ ਹੈ ਜੀ ?” ਚਿੰਤਿਤ ਹੋ ਕੇ ਕਿਸ਼ਨਾ ਨੇ ਪੁੱਛਿਆ।
“ਉਹ ਮੇਰਾ ਮਿੱਤਰ ਸੀ ਨਾ ਬੂਟਾ ਸਿੰਘ”
“ਹਾਂ, ਉਹੀ ਪਿਛਲੇ ਸਾਲ ਪੂਰਾ ਹੋ ਗਿਆ ਜਿਹੜਾ ”
“ਹਾਂ, ਉਹ ਪੂਰਾ ਹੋਇਆ ਤਾਂ ਉਸ ਤੋਂ ਬਾਅਦ ਉਸਦੇ ਤਿੰਨੋ ਮੁੰਡਿਆਂ ਵਿੱਚ ਬਟਵਾਰੇ ਨੂੰ ਲੈ ਕੇ ਇੱਟ ਕੁੱਤੇ ਦਾ ਵੈਰ ਪੈ ਗਿਆ। ਜਦੋਂ ਦੇਖੋ ਜੁੱਤੀ ਪਤਾਣ ਹੁੰਦੇ ਰਹਿੰਦੇ। ਕਚਿਹਰੀਆਂ ਤੱਕ ਗੱਲ ਪਹੁੰਚੀ ਹੋਈ ਹੈ। ”
“ਹੋ …. ਹਾਏ….. ਇੰਨੀ ਗੱਲ ਵੱਧ ਗਈ ? ਉਹ ਦੋਵੇਂ ਜੀਅ ਇੰਨੇ ਭਲੇ ਸੀ। ਉਹਨਾਂ ਦੀ ਮਿੱਟੀ ਪਲੀਤ ਕਰਦੇ ਪਏ ਨਿਆਣੇ।”
“ਹਾਂ ਇਸੇ ਕਰਕੇ ਮੈਂ ਜਿੰਦੇ ਜੀ ਬਟਵਾਰਾ ਕਰਨਾ ਚਾਹੁੰਦਾ।”
“ਪਰ ਆਪਣੇ ਤਾਂ ਸੁੱਖ ਨਾਲ ਮੁੰਡਿਆਂ ਦਾ ਤਾਂ ਪਿਆਰ ਹੈਗਾ ਹੀ ਨੂੰਹਾਂ ਦਾ ਵੀ ਬਥੇਰਾ।”
“ਤੈਨੂੰ ਪਤਾ ਰਿਸ਼ਤੇ ਕੱਚੇ ਘੜੇ ਵਰਗੇ ਹੁੰਦੇ ਨੇ। ਕਦੋਂ ਕਿਸ ਨੂੰ ਕਿਸੇ ਦਾ ਕਿਹਾ ਬੁਰਾ ਲੱਗ ਜਾਵੇ ਤੇ ਰਿਸ਼ਤਾ ਟੁੱਟ ਜਾਵੇ ਕੁਝ ਪਤਾ ਨਹੀਂ। ਕੁਝ ਵੀ ਹੋਵੇ ਮੈਂ ਬਟਵਾਰਾ ਕਰ ਦੇਣਾ। ਮੈਂ ਮਨ ਤੇ ਬੋਝ ਲੈ ਕੇ ਨਹੀਂ ਮਰਨਾ।”
ਜਗੀਰ ਸਿੰਘ ਨੇ ਆਪਣੀ ਕਹੀ ਪੁਗਾ ਲਈ। ਸਾਰੀ ਜਾਇਦਾਦ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਘਰ ਵਿੱਚਕਾਰ ਕੰਧ ਕਰ ਕੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਸਾਰਿਆਂ ਨੇ ਸਲਾਹ ਕਰਕੇ ਕੰਧ ਵਿੱਚ ਇਕ ਦਰਵਾਜ਼ਾ ਰੱਖ ਲਿਆ।
ਹੁਣ ਜਗੀਰ ਸਿੰਘ ਖੁਸ਼ ਸੀ। ਜਗੀਰ ਸਿੰਘ ਤੇ ਕਿਸ਼ਨਾ ਨੂੰ ਦੋਨਾਂ ਪੁੱਤਰਾਂ ਨੇ ਆਪਣੇ ਆਪਣੇ ਹਿੱਸੇ ਵਿੱਚ ਇੱਕ ਇੱਕ ਕਮਰਾ ਅਲਗ ਦਿੱਤਾ ਤਾਂ ਜੋ ਉਹ ਆਪਣੀ ਸਹੂਲਤ ਅਨੁਸਾਰ ਜਿਥੇ ਦਿਲ ਕਰੇ ਉਥੇ ਉਠਣ ਬੈਠਣ । ਕਈ ਵਾਰ ਦੋਨੋਂ ਨੂੰਹਾਂ ਆਪਣੀ ਮਰਜ਼ੀ ਨਾਲ ਇਕੇ ਪਾਸੇ ਰੋਟੀ ਬਣਾ ਲੈਂਦੀਆਂ। ਸਾਰੇ ਇਕੋ ਥਾਂ ਬੈਠ ਕੇ ਖਾ ਲੈਂਦੇ।
“ਦੇਖਿਆ ਕਿਸ਼ਨਾ, ਹੁਣ ਮੈਂ ਖ਼ੁਸ਼ ਹਾਂ। ਬਟਵਾਰੇ ਦੀ ਕੰਧ ਘਰ ਵਿੱਚ ਹੋਈ ਹੈ, ਰਿਸ਼ਤਿਆਂ ਵਿੱਚ ਨਹੀਂ ਆਈ, ਦਿਲਾਂ ਵਿਚ ਨਹੀਂ ਆਈ।”
ਪਰਵੀਨ ਕੌਰ, ਲੁਧਿਆਣਾ