ਮੈਂ 100 ਫੁੱਟੀ ਦੇ ਬੱਤੀਆਂ ਵਾਲੇ ਚੌਂਕ ਤੇ ਗੱਡੀ ਰੋਕੀ ਗ੍ਰੀਨ ਬੱਤੀ ਦਾ ਇੰਤਜ਼ਾਰ ਕਰ ਰਿਹਾ ਸੀ। ਛੋਟੇ ਛੋਟੇ ਦੋ ਮੁੰਡੇ ਵਾਈਪਰ ਨਾਲ ਮੇਰੀ ਕਾਰ ਦਾ ਸ਼ੀਸ਼ਾ ਸ਼ਾਫ ਕਰਨ ਲਈ ਅੱਗੇ ਵਧੇ।
“ਬੇਟਾ ਨਾ। ਮੇਰੇ ਕੋਲ੍ਹ ਖੁੱਲੇ ਪੈਸੇ ਨਹੀਂ ਹਨ। ਪਰਸ ਵਿੱਚ।” ਮੈਂ ਹੱਥ ਨਾਲ ਵਰਜਦੇ ਹੋਏ ਨੇ ਉਹਨਾਂ ਨੂੰ ਕਿਹਾ। ਦਰਅਸਲ ਜਦੋਂ ਦਾ ਮੈਂ ਬਠਿੰੜੇ ਆਇਆ ਹਾਂ ਮੈਂ ਪਰਸ ਵਿੱਚ ਖੁੱਲ੍ਹੇ ਪੈਸੇ ਨਹੀਂ ਰੱਖਦਾ। ਗੂਗਲ ਪੇ ਹੀ ਵਰਤਦਾ ਹਾਂ। ਦੋ ਤਿੰਨ ਪੰਜ ਸੌ ਆਲੇ ਨੋਟ ਹੀ ਹੁੰਦੇ ਹਨ ਮੇਰੇ ਕੋਲ ਸਿਰਫ।
“ਸ਼ੀਸ਼ਾ ਤਾਂ ਅਸੀਂ ਸ਼ਾਫ ਕਰਾਂਗੇ ਹੀ। ਤੁਸੀਂ ਪੈਸੇ ਨਾ ਦੇਣਾ। ਕੋਈ ਗੱਲ ਣੀ।” ਇੰਨਾ ਕਹਿਕੇ ਉਹ ਸ਼ੀਸ਼ਾ ਸ਼ਾਫ ਕਰਨ ਲੱਗੇ। ਉਹਨਾਂ ਨੇ ਬਹੁਤ ਮੇਹਨਤ ਨਾਲ ਸ਼ੀਸ਼ਾ ਚਮਕਾਇਆ। ਬੱਤੀ ਹਰੀ ਹੋਣ ਤੇ ਮੈਂ ਗੱਡੀ ਅੱਗੇ ਤੋਰ ਲਈ। ਪਰ ਮੈਨੂੰ ਲੱਗਿਆ ਬਈ ਮਿੱਤਰਾਂ ਇੱਥੇ ਵੀ ਤੂੰ ਉਧਾਰ ਕਰ ਗਿਆ। ਮੇਰੇ ਸਿਰ ਉਹ ਕਰਜ਼ ਸੀ ਜਿਸਨੂੰ ਉਤਾਰਨਾ ਮੇਰਾ ਫਰਜ਼ ਸੀ।
ਕੁਦਰਤੀ ਕੱਲ੍ਹ ਫਿਰ ਬਾਜ਼ਾਰ ਗਏ। ਫੌਜੀ ਚੌਂਕ ਤੇ ਕੁਝ ਖਾਣ ਲਈ ਰੁੱਕ ਗਏ। ਰੇਹੜੀ ਵਾਲਾ ਦਹੀਂ ਪਾਪੜੀ ਦੀ ਪਲੇਟ ਗੱਡੀ ਵਿੱਚ ਹੀ ਫੜ੍ਹਾਂ ਗਿਆ। ਗੱਡੀ ਖੜ੍ਹੀ ਵੇਖਕੇ ਦੋ ਮੁੰਡੇ ਜਿਹੇ ਕੁਝ ਮੰਗਣ ਦੀ ਮੰਸ਼ਾ ਨਾਲ ਮੇਰੇ ਨੇੜੇ ਆ ਗਏ। ਇਹ ਵੀ ਕਾਰਾਂ ਦੇ ਸ਼ੀਸ਼ੇ ਸ਼ਾਫ ਕਰਨ ਵਾਲੇ ਹੀ ਸਨ।
“ਜਾਓ ਉਸ ਰੇਹੜੀ ਤੋਂ ਤੁਸੀਂ ਵੀ ਚਾਟ ਖਾ ਲਵੋ।” ਮੈਂ ਉਹਨਾਂ ਨੂੰ ਰੇਹੜੀ ਕੋਲ੍ਹ ਭੇਜ ਦਿੱਤਾ ਤੇ ਰੇਹੜੀ ਵਾਲੇ ਨੂੰ ਇਸ਼ਾਰਾ ਕਰ ਦਿੱਤਾ। ਮੈਂ ਗੂਗਲ ਪੇ ਰਾਹੀ ਭੁਗਤਾਨ ਕਰਕੇ ਮੈਂ ਗੱਡੀ ਅੱਗੇ ਤੋਰ ਲਈ। ਹੁਣ ਮੈਂ ਕਰਜ਼ ਮੁਕਤ ਸੀ। ਕਿਉਂਕਿ ਮੈਂ ਉਹਨਾਂ ਦਾ ਹਿਸਾਬ ਨੱਕੀ ਕਰ ਦਿੱਤਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
114 ਸ਼ੀਸ਼ਮਹਿਲ