ਕਦੇ ਕਦੇ ਗੱਲ ਚੋਂ ਗੱਲ ਯਾਦ ਆ ਜਾਂਦੀ ਹੈ.
ਅੱਜ ਸਵੇਰੇ ਹੀ ਇੱਕ ਗੀਤ ਸੁਣ ਰਹੀ ਸੀ ਤਾਂ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਖਾਲਸਾ ਕਾਲਜ ਫਾਰ ਵੁਮਨ ਦੇ ਵਿੱਚ ਪਲਸ ਵਨ ਕਰਨ ਗਈ ਤਾਂ ਮੇਰੇ ਕੋਲੇ ਅੰਗਰੇਜ਼ੀ ਸਾਹਿਤ ਦਾ ਵਿਸ਼ਾ ਸੀ. ਅੰਗਰੇਜ਼ੀ ਵਾਲੀ ਮੈਡਮ ਵੱਲੋਂ ਮੈਨੂੰ ਥੋੜਾ ਜਿਹਾ ਤੰਗ ਕੀਤਾ ਗਿਆ ਤਾਂ ਕਰਕੇ ਪਾਪਾ ਨੇ ਪਲੱਸ ਟੂ ਵਾਸਤੇ ਪਹਿਲਾਂ ਹੀ ਟਿਊਸ਼ਨ ਰਖਾ ਦਿੱਤੀ. ਜਿਹੜੀ ਮੈਡਮ ਕੋਲੇ ਮੈਂ ਟਿਊਸ਼ਨ ਪੜ੍ਨ ਜਾਂਦੀ ਹੁੰਦੀ ਸੀ ਉਹ ਸਾਡੇ ਸ਼ਹਿਰ ਧੂਰੀ ਹੀ ਰਹਿੰਦੀ ਸੀ
ਅਤੇ ਉਹ ਬਰਡਵਾਲ ਕਾਲਜ ਦੇ ਵਿੱਚ ਪ੍ਰੋਫੈਸਰ ਸੀ. ਧੂਰੀ ਤੋਂ ਬਰਡਵਾਲ 8-10 ਕਿਲੋਮੀਟਰ ਹੋਏਗਾ. ਇਹ ਮੈਡਮ ਮਲੇਰ ਕੋਟਲਾ ਬਾਈਪਾਸ ਤੋਂ ਬਸ ਫੜਦੇ ਸਨ ਤੇ ਕਾਲਜ ਦੇ ਮੂਹਰੇ ਉਤਰ ਜਾਂਦੇ ਸਨ. ਮੈਡਮ ਨੇ ਦੱਸਿਆ ਕਿ ਕਿਵੇਂ ਔਰਤਾਂ ਨੂੰ ਬਸ ਸਫਰ ਦੇ ਦੌਰਾਨ ਖੱਜਲ ਹੋਣਾ ਪੈਂਦਾ ਹੈ. ਉਹਨਾਂ ਨੇ ਦੱਸਿਆ ਕਿ ਇੱਕ ਵਾਰੀ ਜਦੋਂ ਉਹਨਾਂ ਨੇ ਬੱਸ ਦੇ ਵਿੱਚ ਹਲੇ ਪੈਰ ਰੱਖਿਆ ਤਾਂ ਬਸ ਖਚਾ ਖਚ ਭਰੀ ਹੋਈ ਸੀ ਤੇ ਬੈਠਣ ਨੂੰ ਸੀਟ ਵੀ ਨਾ ਮਿਲੀ. ਚਲੋ ਫੇਰ ਵੀ ਕੋਈ ਖਾਸ ਦੂਰੀ ਨਾ ਹੋਣ ਕਰਕੇ ਕਹਿੰਦੇ ਦੱਸ ਤਾਂ ਮਿੰਟ ਲੱਗਣੇ ਨੇ ਮੈਂ ਉੱਤਰ ਹੀ ਜਾਣਾ ਸੀ ਤੇ ਮੈਂ ਖੜੀ ਰਹੀ. ਇੱਕ ਖਚਰੇ ਜਿਹੇ ਬੰਦੇ ਨੇ ਆਪਣੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ. ਮੈਡਮ ਨੇ ਦੱਸਿਆ ਕਿ ਉਹ ਕਚੀਚੀ ਵੱਟ ਕੇ ਰਹਿ ਗਏ ਤੇ ਉਹਨਾਂ ਨੇ ਕੁਝ ਨਾ ਕਿਹਾ ਕਿਉਂਕਿ ਪੰਜ ਛੇ ਕਿਲੋਮੀਟਰ ਦੇ ਸਫ਼ਰ ਦੇ ਵਿੱਚ ਉਹ ਜਲੂਸ ਨਹੀਂ ਸੀ ਕੱਢਣਾ ਚਾਹੁੰਦੇ.
ਫੇਰ ਇੱਕ ਦਿਨ ਕਾਲਜ ਦੇ ਵਿੱਚੋਂ ਇੱਕ ਕੁੜੀ ਭੱਜ ਗਈ ਕਿਸੇ ਮੁੰਡੇ ਦੇ ਨਾਲ. ਸਾਰੇ ਕਾਲਜ ਦੇ ਵਿੱਚ ਇਹ ਗੱਲ ਉੱਡ ਚੁੱਕੀ ਸੀ. ਕੁੜੀ ਘਰਦਿਆਂ ਤੋਂ ਡਰ ਗਈ ਤੇ ਮੁੜ ਕੇ ਵਾਪਸ ਹੀ ਨਾ ਆਈ. ਕਾਲਜ ਵਾਲਿਆਂ ਨੇ ਫੈਸਲਾ ਕੀਤਾ ਕਿ ਕੁੜੀ ਦਾ ਨਾਂ ਕੱਟ ਦਿੱਤਾ ਜਾਵੇ. ਅਤੇ ਇਹ ਜਾਣਕਾਰੀ ਦੇਣ ਵਾਸਤੇ ਉਨਾਂ ਨੇ ਕੁੜੀ ਦੇ ਮਾਪਿਆਂ ਨੂੰ ਕਾਲਜ ਸੱਦ ਲਿਆ. ਅਤੇ ਇਹ ਇਤਫਾਕ ਹੀ ਸੀ ਕਿ ਇਹ ਜਿਹੜਾ ਬੰਦਾ ਬੱਸ ਦੇ ਵਿੱਚ ਮੈਡਮ ਨੂੰ ਤੰਗ ਕਰ ਰਿਹਾ ਸੀ ਇਹ ਉਹ ਕੁੜੀ ਦਾ ਬਾਪ ਸੀ. ਮੈਡਮ ਕਹਿੰਦੇ ਅੱਜ ਉਹਨੂੰ ਦੇਖ ਕੇ ਮੇਰਾ ਗੁੱਸਾ ਹੋਰ ਵੀ ਸੱਤਵੇਂ ਅਸਮਾਨ ਤੇ ਪਹੁੰਚ ਗਿਆ. ਅੱਜ ਉਹ ਹੱਥ ਬੰਨੀ ਖੜਾ ਸੀ ਅਤੇ ਮੇਰੇ ਹੌਸਲੇ ਬੁਲੰਦ ਹੋ ਗਏ ਸਨ. ਕਹਿੰਦੇ ਉਹਨੂੰ ਦੇਖਣ ਸਾਰ ਹੀ ਮੈਂ ਕਹਿ ਤਾ ਕਿ ਜਿਹਦਾ ਪਿਓ ਹੀ ਇਹੋ ਜਿਹਾ ਹੈ ਉਹਦੀ ਧੀ ਵੀ ਇਹੋ ਜਿਹੀ ਹੋਏਗੀ. ਕਹਿੰਦੇ ਬਾਕੀ ਦਾ ਸਟਾਫ ਮੇਰੇ ਮੂੰਹ ਵੱਲ ਦੇਖੇ. ਪਰ ਮੈਂ ਕਿਸੇ ਨੂੰ ਕੋਈ ਸਫਾਈ ਨਹੀਂ ਦਿੱਤੀ.
ਤਾਂ ਅੱਜ ਸਵੇਰੇ ਸਵੇਰੇ ਲਾਭ ਹੀਰੇ ਦਾ ਇਹ ਗਾਣਾ ਚੱਲ ਰਿਹਾ ਸੀ,
ਕੀ ਜਵਾਬ ਤੂੰ ਦੇਵੇਂਗਾ ਉਦੋਂ ਗੱਲਾਂ ਖਰੀਆਂ ਦਾ
ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ
ਸੋ ਭਾਈ ਮਾਣ ਨਾ ਕਰਿਆ ਕਰੋ. ਸਮੇਂ ਦਾ ਚੱਕਰ ਬਹੁਤ ਬਲਵਾਨ ਹੈ
ਪੁਨੀਤ ਕੌਰ
ਕੈਨੇਡਾ
Bilkul G . Jaisi Karni Waisi Bharni