ਭਾਸ਼ਾ ਵਿਭਾਗ ਦੇ ਗੇਟ ਤੇ ਲੱਗੇ ਕੁੱਝ ਸੈਂਕੜੇ ਸਾਲ ਉਮਰ ਦੇ ਬੋਹੜ ਦੇ ਦਰੱਖਤ ਦੀਆਂ ਜੜਾਂ ਨਾਲ ਇਹ ਕੁੜੀਆਂ ਪੀਘਾਂ ਝੂਟ ਰਹੀਆਂ ਸਨ। ਦਰਖਤ ਦੇ ਇੱਕ ਪਾਸੇ ਤਿੰਨ ਗਠੜੀਆਂ ਪਈਆਂ ਸਨ, ਜਿਸ ਵਿੱਚ ਪੁਰਾਣਾ ਪਲਾਸਟਿਕ,ਬੋਤਲਾਂ
ਕਾਗਜ ਤੇ ਹੋਰ ਕਚਰਾ ਇਕੱਠਾ ਕੀਤਾ ਹੋਇਆ ਸੀ। ਪੰਜਾਬੀ ਦੇ ਇੱਕ ਉੱਘੇ ਵਿਗਿਆਨ ਦੇ ਲੇਖਕ ਦੀ ਕਿਤਾਬ ਦਾ ਰੂਬਰੂ ਸੀ। ਮੈਂ ਗੇਟ ਉੱਤੇ ਪੋਸਟਰ ਲਗਵਾਣ ਦਾ ਕੰਮ ਮੁਕੰਮਲ ਕਰ ਰਹੀ ਸੀ, ਮੇਰੇ ਨਾਲ ਮੇਰੀਆਂ ਭਤੀਜੀਆਂ ਅਤੇ ਬੇਟੀਆਂ ਸਨ, ਉਹ ਕਹਿਣ ਲੱਗੀਆਂ ਅਸੀਂ ਵੀ ਇਸ ਤਰੀਕੇ ਨਾਲ ਪੀਂਘ ਝੂਟਣੀ ਹੈ । ਸੁਝਾਅ ਦਿੱਤਾ ਕਿ ਕੰਮ ਪੂਰਾ ਕਰ ਲਈਏ ਫਿਰ ਦੇਖਾਂਗੇ ਜੋ ਉਹਨਾਂ ਮੰਨ ਲਿਆ।
ਸਾਨੂੰ ਕੰਮ ਕਰਦਿਆਂ ਦੇਖ ਕੇ ਉਹ ਕੁੜੀਆਂ ਸਾਡੇ ਕੋਲ ਆ ਗਈਆ। ਗੱਲ ਵਿੱਚ ਤੇ ਸਿਰਾਂ ਤੇ ਚੁੰਨੀ ਲਈ ਉਹ ਸਾਡੇ ਕੋਲ ਖੜੀਆਂ ਹੋਈਆਂ ਸਨ। ਅਤੇ ਬੋਰਡ ਤੇ ਜੋ ਪੰਜਾਬੀ ਵਿੱਚ ਲਿਖਿਆ ਸੀ ਉਸਨੂੰ ਪੜਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਪੰਜਾਬੀ ਪੜਨੀ ਆਉਂਦੀ ਹੈ ਤਾਂ ਅੱਗੋਂ ਮੈਨੂੰ ਪੰਜਾਬੀ ਵਿੱਚ ਹੀ ਜਵਾਬ ਦੇ ਰਹੀਆ ਸਨ। ਅਸੀਂ ਐਤਵਾਰ ਨੂੰ ਪੜ੍ਹਨ ਜਾਂਦੀਆਂ ਹਾਂ। ਬਾਕੀ ਦਿਨ ਦਿਨੇ ਕਚਰਾ ਇਕੱਠਾ ਕਰਦੀਆਂ, ਅਤੇ ਇੱਕ ਦੀਦੀ ਸ਼ਾਮ ਨੂੰ ਪੜਾਉਂਦੀ ਹੈ ਉਸ ਕੋਲ ਟਿਊਸ਼ਨ ਪੜ੍ਹ ਲੈਂਦੀਆਂ ਹਾਂ। ਸਾਡੇ ਯੂਪੀ ਵਾਲੇ ਨਾਨਕੇ ਪਿੰਡ ਇਹੋ ਜਿਹਾ ਬੋਹੜ ਲੱਗਾ ਹੈ ਜਿੱਥੇ ਅਸੀਂ ਸਾਰਾ ਦਿਨ ਬੋਹੜ ਦੀਆਂ ਜੜਾਂ ਫੜ ਕੇ ਪੀਂਘਾਂ ਝੂਟਦੀਆਂ ਸਾਂ ਪੰਜਾਬ ਆਉਣ ਤੋਂ ਪਹਿਲਾਂ। ਮੈਂ ਪੁੱਛਿਆ ਤੁਸੀਂ ਸਵੇਰ ਦਾ ਕੁਝ ਖਾਧਾ ਏ, ਐਹ ਲਵੋ ਕੁਝ ਰੁਪਏ ,ਅੱਗੋ ਕਹਿੰਦੀਆਂ ਜੀ ਚਾਹ ਦੇ ਨਾਲ ਰੋਟੀ ਖਾਧੀ ਸੀ। ਅਸੀਂ ਇਹ ਰੁਪਏ ਨਹੀਂ ਲੈਣੇ। ਅੰਮੀ ਨੇ ਕਿਹਾ ਸੀ,” ਜੇਕਰ ਸ਼ਹਿਰ ਵਿੱਚ ਕਚਰਾ ਇਕੱਠਾ ਕਰਦਿਆ ਕਿਧਰੇ ਕੋਈ ਗੁਰਦੁਆਰਾ ਆਵੇ ਤਾ ਲੰਗਰ ਖਾ ਲੈਣਾ, ਨਹੀਂ ਤਾਂ ਗਠੜੀ ਭਰਨ ਤੋਂ ਬਾਅਦ ਘਰ ਆ ਕੇ ਖਾ ਲੈਣਾ ।” ਮੈਂ ਸਲੀਕੇ ਨਾਲ ਕੁੜੀਆਂ ਨੂੰ ਗਲਬਾਤ ਕਰਦਿਆਂ ਦੇਖ ਕੇ ਉਹਨਾਂ ਦੇ ਨਾਮ ਪੁੱਛ ਲਏ ਸਕੀਨਾ, ਅਸਮਾ ਤੇ ਅਜ਼ਰਾ । ਅੱਠ ਦਸ ਸਾਲ ਦੀਆਂ ਇਹਨਾਂ ਕੁੜੀਆਂ ਦੀਆਂ ਗੱਲਾਂ ਵਿੱਚ ਭੋਲਾਪਨ ਸੀ , ਇੱਕ ਵੱਖਰਾਪਨ ਸੀ , ਇਕ ਤਹਿਜੀਬ ਸੀ ਇਕ ਸਲੀਕਾ ਸੀ, ਜੋ ਉਹਨਾਂ ਵੱਲੋਂ ਕੀਤੇ ਜਾਂਦੇ ਕੰਮ ਨਾਲ ਮੇਲ ਨਹੀਂ ਖਾਂਦਾ ਸੀ, ਮੈਂ ਉਹਨਾਂ ਦੇ ਚਿਹਰੇ ਦੇਖ ਕੇ ਇਹ ਸੋਚ ਰਹੀ ਸੀ ਇਹਨਾਂ ਪੜ੍ ਲਿਖ ਜਾਣਾ ਤੇ ਇੱਥੇ ਪੰਜਾਬ ਵਿੱਚ ਚੰਗਾ ਭਵਿੱਖ ਬਣ ਜਾਣਾ ਇਹਨਾਂ ਦਾ, ਜਿਉਂਦੀ ਵੱਸਦੀ ਰਹੇ ਇਹਨਾਂ ਦੀ ਅੰਮੀ।
ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ
9878753423