ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ,,,
ਇਹ ਗੀਤ ਅਸੀਂ ਸਭ ਨੇ ਰੇਡੀਓ ਤੋਂ ਵਜਦਾ ਸੁਣਿਆ ਹੈ। ਇਸਦੇ ਬਾਰੇ ਸੁਣੀ ਵਾਰਤਾ ਹੈ ਕਿ ਸੋਹਣੀ ਦਰਿਆ ਨੂੰ ਘੜੇ ਆਸਰੇ ਪਾਰ ਕਰਨ ਲੱਗਦੀ ਹੈ ਤਾਂ ਕੱਚਾ ਘੜਾ ਖੁਰ ਜਾਂਦਾ ਹੈ।
ਘੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ।
ਘੜੇ ਦੀ ਅਹਿਮੀਅਤ ਦਾ ਪਤਾ ਸੋਕੇ ਦੀ ਮਾਰ ਹੇਠਾਂ ਇਲਾਕੇ ਵਾਲਿਆਂ ਨੂੰ ਵਧੇਰੇ ਪਤਾ ਹੁੰਦਾ। ਉਹ ਵੀ ਵੇਲਾ ਸੀ ਜਦੋਂ ਔਰਤਾਂ ਦੋ ਦੋ ਘੜੇ ਸਿਰ ਤੇ ਅਤੇ ਇਕ ਢਾਕ ਤੇ ਚੁੱਕ ਕੇ ਖੂਹ ਤੋਂ ਪਾਣੀ ਭਰ ਕੇ ਘਰ ਲਿਆਉਂਦੀਆ ਸੀ।
ਵੇਲਾ ਬੀਤਿਆ ਤੇ ਆਧੁਨਿਕ ਸਹੂਲਤਾਂ ਨਾਲ ਗਲੀਆਂ ਵਿੱਚ ਟੂਟੀਆਂ ਲੱਗੀਆਂ ।ਫਿਰ ਔਰਤਾਂ ਗਲੀ ਵਿੱਚ ਵਾਰੀ ਲਾ ਕੇ ਪਾਣੀ ਭਰਦੀਆਂ ਤੇ ਘੜੇ ਭਰ ਰੱਖਦੀਆਂ।ਉਸਤੋਂ ਬਾਅਦ ਜਦੋਂ ਘਰਾਂ ਵਿੱਚ ਵਾਟਰ ਸਪਲਾਈ ਦੇ ਕੁਨੈਕਸ਼ਨ ਮਿਲ ਗਏ ਤਾਂ ਘੜੇ ਛੁੱਟ ਗਏ ।ਹੁਣ ਹਰ ਘਰ ਵਿੱਚ ਆਰ ਓ ਲੱਗੇ ਹੋਏ ਹਨ ਤੇ ਪਾਣੀ ਦਾ ਪੱਧਰ ਬਹੁਤ ਹੀ ਹੇਠਾਂ ਜਾ ਚੁੱਕਾ ਹੈ। ਪਾਣੀ ਗੰਧਲਾ ਹੋ ਚੁੱਕਾ ਤੇ ਪਾਣੀ ਵਿੱਚ ਲੋੜੀਂਦੇ ਤੱਤਾਂ ਨੂੰ ਆਰ ਓ ਨੇ ਹੋਰ ਹੇਠਾਂ ਡੇਗ ਦਿੱਤਾ ।ਇਸ ਨੂੰ ਮਿੱਟੀ ਵਿੱਚੋਂ ਪੂਰਾ ਕਰਨ ਲਈ ਘੜੇ ਦੀ ਵਰਤੋਂ ਨੇ ਫਿਰ ਜੋਰ ਫੜਿਆ।
ਪਹਿਲਾਂ ਘੜੇ ਵਿੱਚੋਂ ਪਾਣੀ ਕੱਢਣ ਲਈ ਗਲਾਸ ਜਾਂ ਕੌਲੀ ਦੀ ਵਰਤੋਂ ਹੁੰਦੀ ਸੀ ਜਾਂ ਕੌਲੀ ਨੂੰ ਡੰਡੀ ਲਵਾਈ ਹੁੰਦੀ ਸੀ। ਹੁਣ ਟੂਟੀ ਵਾਲੇ ਘੜੇ ਆ ਚੁੱਕੇ ਹਨ।ਬਹੁਤਾਤ ਵਿੱਚ ਘਰਾਂ ਵਿਚ ਵਰਤੋਂ ਕੀਤੀ ਜਾਣ ਲੱਗੀ ਹੈ ।
ਫਰਿੱਜ ਦਾ ਪਾਣੀ ਘੱਟ ਵਰਤਿਆ ਜਾਂਦਾ ਹੈ।
ਘੜੇ ਸ਼ਬਦ ਦੀ ਵਰਤੋਂ ਲੋਕ ਬੋਲੀਆਂ ਵਿੱਚ ਖੂਬ ਹੁੰਦੀ ਹੈ, ਜਿਵੇਂ–
ਘੜਾ ਵੱਜਦਾ ਘੜੋਲੀ ਵੱਜਦੀ ,,,
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ,,,
ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਘੜੇ ਚੁੱਕਦੀਆਂ
ਮੇਰਾ ਘੜਾ ਕਿਉਂ ਡੋਲਦਾ ਨੀ
ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨੀ,,,
ਘੜਾ ਘੜੇ ਤੇ ਮੱਗੀ ਵੇ ਜਾਲਮਾ,
ਦਿਲ ਵਿੱਚ ਰੱਖਦੈ ਠੱਗੀ ਵੇ ਜਾਲਮਾ ,,,
ਵਿਆਹ ਸਮਾਗਮ ਵਿੱਚ ਵੀ ਗੌਣ ਬਿਠਾਉਣ ਵੇਲੇ ਔਰਤਾਂ ਘੜੇ ਨੂੰ ਆਪਣੇ ਲੰਮੀ ਹੇਕ ਵਾਲੇ ਗੀਤਾਂ ਵਿੱਚ ਸ਼ਾਮਲ ਕਰਦੀਆਂ।ਨਰਿੰਦਰ ਬੀਬਾ ਦਾ ਗਾਇਆ ਇੱਕ ਗੀਤ,
ਵੇ ਲਿਆ ਦੇ ਚੰਬਾ,ਲਾਵਾਂ ਘੜੇ ਦੇ ਕੋਲ
ਮੈਂ ਤੇ ਜੇਠਾਣੀ ਅਸਾਂ ਕਦੇ ਨਾ ਲੜੀਆਂ
ਜੇਠ ਨੇ ਮਾਰੇ ਮੰਦੇ ਬੋਲ,
ਵੇ ਲਿਆ ਦੇ ਚੰਬਾ ਲਾਵਾਂ,,,,,
ਮੈਂ ਤੇ ਸੱਸ ਅਸਾਂ ਕਦੇ ਨਾ ਲੜੀਆਂ
ਸਹੁਰੇ ਦੇ ਮਾਰੇ ਮੰਦੇ ਬੋਲ
ਵੇ ਲਿਆ ਦੇ ਚੰਬਾ , ਲਾਵਾਂ ਘੜੇ ਦੇ ਕੋਲ ,,,
ਕੁਝ ਗਿੱਧੇ ਦੀਆਂ ਬੋਲੀਆਂ ਘੜੇ ਨਾਲ ਸੰਬੰਧਿਤ ਹਨ:
ਇਕ ਘੜੇ ਵਿਚ ਮੋਠ ਬਾਜਰਾ
ਇਕ ਘੜੇ ਵਿਚ ਰੂੰ
ਵੇ ਥੋੜੀ ਥੋੜੀ ਮੈਂ ਵਿਗੜੀ ,
ਬਹੁਤਾ ਵਿਗੜ ਗਿਆ ਤੂੰ ,,,
ਘੜਾ ਵਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵਜਦੀ ਸੁਣ ਮੁੰਡਿਆ,,
ਤੇ ਇੱਕ ਹੋਰ ਬੋਲੀ
ਘੜੇ ਉਤਲੇ ਚ ਪਾਣੀ ਘੜੇ ਹੇਠਲੇ ਚ ਰੂੰ ਵੇ
ਮਗਰੇ ਮਗਰੇ ਆ ਜਾ ਤੇਰੀ ਬਣ ਕੇ ਰਹੂੰ ਵੇ,,
ਇਸ ਤਰ੍ਹਾਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਵੱਖੋ ਵੱਖ ਬੋਲੀਆਂ ਰਾਹੀਂ ਵਿਅਕਤ ਕੀਤਾ ਮਿਲਦਾ ਹੈ।
ਸਮੁੱਚੇ ਰੂਪ ਵਿਚ ਘੜੇ ਦੀ ਅਹਿਮੀਅਤ ਅੱਜ ਦੇ ਸਮੇਂ ਵਿੱਚ ਵਧ ਰਹੀ ਹੈ। ਘੜੇ ਦਾ ਠੰਡਾ ਪਾਣੀ ਪੀਣ ਦਾ ਆਨੰਦ ਵੱਖਰਾ ਹੀ ਹੈ। ਜਿਥੇ ਫਰਿੱਜ ਦਾ ਪਾਣੀ ਗਲਾ ਖਰਾਬ ਕਰਦਾ ਹੈ , ਘੜੇ ਦਾ ਪਾਣੀ ਰੱਜ ਕੇ ਪੀਤਾ ਜਾ ਸਕਦਾ ਹੈ। ਇਸ ਪਾਣੀ ਦੀ ਠੰਡਕ ਸਾਡੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦੀ ਹੈ। ਘੜੇ ਵਿਚ ਛੋਟੇ ਸੁਰਾਖਾਂ ਵਿਚੋਂ ਘੜੇ ਦਾ ਪਾਣੀ ਵਾਸ਼ਪ ਬਣ ਕੇ ਉੱਡਦਾ ਹੈ ਤਾਂ ਘੜੇ ਵਿਚਲਾ ਪਾਣੀ ਠੰਡਾ ਹੋ ਜਾਂਦਾ ਹੈ।
ਘੜੇ ਦੀ ਗੱਲ ਕਰਦੇ ਹਾਂ ਤਾਂ ਘੜੇ ਬਣਾਉਣ ਵਾਲੇ ਘੁਮਿਆਰ ਦੀ ਅਹਿਮੀਅਤ ਨੂੰ ਸਮਝਣਾ ਵੀ ਜ਼ਰੂਰੀ ਹੈ।
ਚੀਕਣੀ ਮਿੱਟੀ ਨੂੰ ਗੁੰਨ੍ਹ ਕੇ ਚੱਕ ਤੇ ਚੜਾ ਕੇ ਵੱਖੋ ਵੱਖਰੇ ਆਕਾਰ ਦੇਣ ਦੀ ਕਲਾ ਵੀ ਕਮਾਲ ਹੈ।ਘੜੇ ਬਣਾਉਣ ਵਾਲੇ ਘੁਮਿਆਰ ਦਾ ਚੱਕ ਵੀ ਘੁੰਮਦਾ ਰਹੇ। ਘੜੇ ਦੀ ਵਰਤੋਂ ਦੇ ਨਾਲ ਉਸਦਾ ਰੁਜ਼ਗਾਰ ਵੀ ਇਸ ਨਾਲ ਜੁੜਿਆ ਹੋਇਆ ਹੈ। ਸੋ ਆਓ,ਘੜੇ ਦੇ ਠੰਡੇ ਪਾਣੀ ਦਾ ਆਨੰਦ ਮਾਣਦੇ ਹੋਏ ਸਿਹਤ ਦਾ ਵੀ ਖਿਆਲ ਰੱਖੀਏ।
ਮਨਦੀਪ ਕੌਰ ਰਤਨ
ਅੰਮ੍ਰਿਤਸਰ