ਹਾੜਾ ਕਿਸੇ ਨੂੰ ਨਾ ਦੱਸੀਂ ਧੀਏ , ਕਹਿੰਦੀ ਉਹ ਆਪਣੇ ਸਿਰ ਉਪਰ ਲਏ ਸ਼ਾਲ ਨਾਲ ਅੱਥਰੂ ਪੂੰਝਣ ਲੱਗੀ | ਮੈਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਕਿਸੇ ਕੋਲ ਗੱਲ ਨਹੀਂ ਕਰਾਂਗੀ .. ਫੁੱਟ ਫੁੱਟ ਰੋਣ ਲੱਗੇ ਮੀਆਂ ਬੀਵੀ …
ਅੱਜ ਸ਼ਾਮ ਨੂੰ ਸੈਰ ਕਰਦੀ ਜਾਂਦੀ ਨੂੰ ਇੱਕ ਨਵਾਂ ਬਜ਼ੁਰਗ ਜੋੜਾ ਆਉਂਦਾ ਦਿਸਿਆ | ਸਤਿ ਸ੍ਰੀ ਅਕਾਲ ਬੁਲਾਉਣ ਤੇ ਉਹ ਥੋੜਾ ਮੁਸਕਰਾਏ ..ਹੋਰ ਕੀ ਹਾਲ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਦਾ ਰੋਕਿਆ ਹੋਇਆ ਬੰਨ੍ਹ ਟੁੱਟ ਗਿਆ |
‘ਸਾਨੂੰ 12-13 ਸਾਲ ਹੋ ਗਏ ਆਇਆਂ | ਇੱਕੋ ਮੁੰਡਾ ਸੀ | ਚੰਗੀ ਭਲੀ ਖੇਤੀ ਪੱਤੀ ਕਰਦੇ ਸੀ | ਮੁੰਡੇ ਨੇ ਜ਼ਿੱਦ ਹੀ ਫੜ ਲਈ ਕਿ ਮੈਂ ਕੈਨੇਡਾ ਜਾਣਾ ਈ ਜਾਣਾ … ਪੜ੍ਹਾਈ ਕਰਨ ਆਇਆ ਧੀਏ ਇੱਥੇ ਦਾ ਹੀ ਹੋ ਕੇ ਰਹਿ ਗਿਆ .. ਇਹਦੇ ਨਾਲ ਸਾਨੂੰ ਆਉਣਾ ਪਿਆ |ਹੁਣ 6-7 ਸਾਲ ਹੋਗੇ ਵਿਆਹ ਕੀਤੇ ਨੂੰ .. ਪਹਿਲਾਂ ਘਰ ਲਿਆ .. ਫਿਰ ਕਹਿੰਦਾ ਵੱਡਾ ਲੈਣਾ ਅਸੀਂ ਇੰਡੀਆ ਜਿਹੜੇ 2 ਖੁੱਡ ਸੀ ਉਹ ਵੀ ਵੇਚ ਵੱਟ ਕੇ ਵੱਡਾ ਘਰ ਦੁਆ ਦਿਤਾ ਹੁਣ ਅਸੀਂ 2 ਪੈਨਸਨਾਂ ਵੀ ਉਨ੍ਹਾਂ ਨੂੰ ਹੀ ਦਿੰਦੇ ਆਂ … ਖੁਸ਼ ਫੇਰ ਨੀ ਹੋਏ ਹੁਣ ਬੁਲਾਉਂਦੇ ਵੀ ਨਹੀਂ … ਨਾਲੇ ਅਸੀਂ ਘਰ ਦਾ ਸਾਰਾ ਕੰਮ ਵੀ ਕਰਦੇ ਹਾਂ | ਕਿਤੇ ਵੀ ਜਾਣਾ ਹੋਵੇ ਅਸੀਂ ਘਰ ਈ ਹੁੰਦੇ ਹਨ | ਟੀ ਵੀ ਅਸੀਂ ਨਹੀਂ ਦੇਖ ਸਕਦੇ | ਕਿਸੇ ਕੋਲ ਜਾ ਆ ਨਹੀਂ ਸਕਦੇ … ਇੰਡੀਆ ਜਾਣ ਨੂੰ ਦਿਲ ਕਰਦਾ .. ਪਰ ਕਦੀ ਹਾਂ ਨਹੀਂ ਕਰਦੇ …ਬਸ ਆਹ ਸਕੂਲ ਦੇ ਬੱਚਿਆਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ | ਸਾਡੇ ਘਰ ਦੇ ਸਾਹਮਣੇ ਸਕੂਲ ਹੈ |
ਮੇਰਾ ਉਨ੍ਹਾਂ ਦੀ ਗੱਲ ਸੁਣ ਮਨ ਭਰ ਆਇਆ | ਕਿੰਨੇ ਔਖੇ ਹੋ ਮਾਪੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਪੈਰਾਂ ਸਿਰ ਕਰਦੇ ਨੇ ਪਰ ਉਹ ਬੁਢਾਪੇ ‘ਚ ਪਿਆਰ ਸਤਿਕਾਰ ਵੀ ਨਹੀਂ ਦੇ ਸਕਦੇ .. ਹੋਰ ਤਾਂ ਉਨ੍ਹਾਂ ਦੀ ਕੋਈ ਮੰਗ ਈ ਨਹੀਂ ਹੁੰਦੀ |
ਬਾਪੂ ਦੀਆਂ ਅੱਖਾਂ ਭਰ ਭਰ ਡੁੱਲ੍ਹ ਰਹੀਆਂ ਸੀ | ਬੁੜੀਆਂ ਤਾਂ ਜਲਦੀ ਭਾਵਕ ਹੋ ਜਾਂਦੀਆਂ ਨੇ ਪਰ ਬੁੱਢੇ ਬਾਪ ਦੇ ਅੱਥਰੂ ਦੇਖ ਮੇਰੀ ਧਾਹ ਨਿਕਲ ਗਈ … “ਅੱਗ ਲੱਗੇ ਐਸੀ ਕੈਨੇਡਾ ..ਤੁਸੀਂ ਚੱਲੋ ਪੰਜਾਬ .. ਕਿਓਂ ਸ਼ਰਮ ਦੇ ਮਾਰੇ ਜ਼ੁਲਮ ਸਹਿ ਰਹੇ ਓ .. ਖੁੱਲ੍ਹ ਕੇ ਦਂਸੋ ਕਿ ਕੀ ਹੋ ਰਿਹਾ ਅੰਦਰ ਖਾਤੇ ਤੁਹਾਡੇ ਨਾਲ “… ‘ਨਹੀਂ , ਭਾਈ ਬੀਬੀ ਅਸੀਂ ਟਾਈਮ ਪਾਸ ਕਰਦੇ ਹਾਂ ‘ … ਬੇਬੇ ਬੋਲੀ | ਪਰ ਕਿਓਂ ? ‘ ਮੈਂ ਕਿਹਾ | “ਭੈਣ ਜੀ ਤੁਸੀਂ ਇਨ੍ਹਾਂ ਨੂੰ ਘਰੋਂ ਨਾ ਕਢਵਾ ਦਿਓ .. “. ..ਰੁਪਿੰਦਰ ਭੈਣ ਜੀ ਵੀ ਸਾਡੇ ਵਿਚਕਾਰ ਕਦ ਆ ਖਲੋਤੀ ਸੀ ਮੈਨੂੰ ਪਤਾ ਈ ਨਹੀਂ ਲੱਗਾ |
ਉਹ ਉੱਠ ਕੇ ਚਲੇ ਗਏ ਮੇਰੇ ਮਨ ਉਪਰ ਇੱਕ ਬੋਝ ਆ ਡਿੱਗਾ ਕਿ ਬੁੱਢੇ ਮਾਪੇ ਕਿੱਧਰ ਜਾਣ .. ਸਾਰਾ ਕੁਝ ਹੱਥ ਵਿਚ ਕਰਕੇ ਹੱਥਲ ਕਰ ਕੇ ਨੌਕਰ ਬਣਾ ਲਏ .. ਬੱਚੇ ਇੱਦਾਂ ਵੀ ਹੁੰਦੇ ਨੇ ?.. ਹਾਂ ਭੈਣ ਜੀ ਇੱਥੇ ਮਾਪੇ ਬਹੁਤ ਔਖੇ ਨੇ …ਢੱਕੀ ਰਿੱਝੇ ਕੋਈ ਨਾ ਬੁੱਝੇ … ਮੈਂ ਨਿਸ਼ਬਦ ਸੀ … ਕੀ ਹੱਲ ਹੋ ਸਕਦਾ ਇਸ ਮਸਲੇ ਦਾ .. ਕੋਈ ਹੱਲ ਤਾਂ ਨਿਕਲੇਗਾ ਜੇ ਚਾਰ ਸਿਰ ਬੈਠ ਕੇ ਸੋਚਣਗੇ .. ਥੋੜਾ ਆਪ ਵੀ ਹਿੰਮਤ ਕਰਨੀ ਪੈਣੀ ਆ .. ਮੈਂ ਤੇ ਰੁਪਿੰਦਰ ਨੇ ਇਸ ਨਾਗ ਵਰਗੀ ਸਮੱਸਿਆ ਬਾਰੇ ਗੱਲ ਕਰਦਿਆਂ ਪਾਰਕ ਦੇ ਕਈ ਚੱਕਰ ਲਗਾ ਦਿਤੇ ਸਾਨੂੰ ਪਤਾ ਈ ਨਹੀਂ ਲੱਗਾ ਸੂਰਜ ਕਦ ਦਾ ਛੁਪ ਕੇ ਦੂਰ ਪੰਜਾਬ ਬਾਪੂ ਦੇ ਵਿਕ ਚੁੱਕੇ ਖੱਤਿਆਂ ਨੂੰ ਬਾਪੂ ਦੀ ਵਿਥਿਆ ਸੁਣਾਉਣ ਜਾ ਚੁੱਕਾ ਸੀ .. ਮੇਰੇ ਅੱਥਰੂਆਂ ਨੇ ਮੇਰੀ ਐਨਕ ਦੇ ਲੈਨਜ਼ ਧੁੰਦਲੇ ਕਰ ਦਿੱਤੇ ਸੀ ਕਿ ਮੇਰਾ ਵੀ ਸੂਰਜ ਨੂੰ ਘੋੜਾ ਬਣਾ ਉੱਡ ਜਾਣ ਨੂੰ ਦਿਲ ਕਰਦਾ ਸੀ .. ਦੂਰ ਮੇਰੇ ਦੇਸ ਪੰਜਾਬ ਵਿਚ .. ਜਿੱਥੇ ਸਾਡੇ ਬੁੱਢੇ ਬਾਪੂ ਅੰਮ੍ਰਿਤ ਵੇਲੇ ਦੀ ਬਾਣੀ ਸੁਣ ਦਿਨ ਦੀ ਸ਼ੁਰੂਆਤ ਕਰਦੇ ਅਤੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਆਪਣਾ ਦੁੱਖ ਸੁਖ ਵੀ ਕਰ ਆਉਂਦੇ ..
ਇਹ ਕਿਹਾ ਦੇਸ਼ ਜਿਥੇ ਸਾਡੇ ਬਾਪੂਆਂ ਦੇ ਅੱਥਰੂ ਪੂੰਝਣ ਵਾਲਾ ਕੋਈ ਨਹੀਂ .. ਗੁਰੂ ਘਰ ਜਾਣ ਲਈ ਵੀ ਤਰਸ ਭਰੀਆਂ ਅੱਖਾਂ ਨਾਲ ਬੱਚਿਆਂ ਵੱਲ ਦੇਖਦੇ ਨੇ .ਡੁੱਬਦੇ ਸੂਰਜ ਦੀ ਲਾਲੀ ਅੱਜ ਮੈਨੂੰ ਭੋਰਾ ਚੰਗੀ ਨਹੀਂ ਲੱਗੀ .. ਇੰਝ ਲੱਗਾ ਰੋਂਦੇ ਬਾਪੂ ਦੀਆਂ ਅੱਖਾਂ ਦੀ ਲਾਲੀ ਸਾਰੇ ਅਸਮਾਨ ‘ਤੇ. ਫੈਲ ਚੁੱਕੀ ਹੋਵੇ …………
ਕੁਲਵੰਤ ਕੌਰ
30 -9-23