ਭਾਪਾ ਜੀ ਦੇ ਜਾਣ ਮਗਰੋਂ ਹਰ ਫੈਸਲੇ ਵਿਚ ਤਾਏ ਹੁਰਾਂ ਦੀ ਰਾਏ ਲੈਣੀ ਜਰੂਰੀ ਸਮਝੀ ਜਾਣ ਲੱਗੀ..!
ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਆਖਣ ਲੱਗੇ ਕੇ ਮੈਂ ਤਾਂ ਸ਼ਾਹਾਂ ਦੀ ਕੁੜੀ ਦਾ ਰਿਸ਼ਤਾ ਹੀ ਲਿਆਉਣਾ ਏ..ਓਹਨਾ ਦੇ ਅਣਗਿਣਤ ਸ਼ੈਲਰ,ਮੁਰੱਬੇ ਅਤੇ ਹੋਰ ਕਿੰਨੀ ਸਾਰੀ ਜਾਇਦਾਤ..ਕੱਲੀ-ਕੱਲੀ ਵਾਰਿਸ ਓਹ ਕੁੜੀ “ਸੋਨੇ” ਦੀ ਇੱਕ ਐਸੀ ਖਾਣ ਜਿਹੜੀ ਇੱਕੋ ਵੇਰ ਵਿਚ ਹੀ ਪੂਰਾ ਘਰ ਭਰ ਦਿਆ ਕਰੇਗੀ!
ਮੈਂ ਨਾਲ ਪੜਾਉਂਦੀ “ਰੂਪ” ਬਾਰੇ ਜਿਕਰ ਛੇੜਿਆ ਤਾਂ ਆਖਣ ਲੱਗੇ “ਓ ਕਾਕਾ ਕਿਥੇ ਸਾਰੀ ਜਿੰਦਗੀ ਇੱਕ-ਇੱਕ ਆਂਡਾ ਇੱਕਠਾ ਕਰਦਾ ਫਿਰੇਂਗਾ..ਨਾਲੇ ਘਰੋਂ ਬਾਹਰ ਨਿੱਕਲੀ ਦਾ ਕੀ ਭਰੋਸਾ..ਕਿਸ ਦੇ ਖੁੱਡੇ ਵਿਚ ਜਾ ਕੇ ਆਂਡਾ ਦੇ ਆਇਆ ਕਰੇ..”!
ਅਖੀਰ ਤਾਏ ਜੀ ਦੀ ਮਰਜੀ ਅੱਗੇ ਗੋਡੇ ਟੇਕਣੇ ਪੈ ਗਏ!
ਅੱਜ ਵਿਆਹ ਨੂੰ ਦੋ ਸਾਲ ਹੋ ਗਏ..ਜਿੰਦਗੀ ਵਿਚ ਪੂਰੀ ਤਰਾਂ ਸੰਨਾਟਾ ਏ..ਸੋਨੇ ਦੇ ਕਿੰਨੇ ਸਾਰੇ ਆਂਡਿਆਂ ਦੇ ਬਰੋਬਰ ਇੱਕੋ ਵੇਰ ਵਿਚ ਹੀ ਕਿੰਨਾ ਕੁਝ ਘਰੇ ਲਿਆਉਣ ਵਾਲੀ ਉਹ ਜਮਾਂਦਰੂ ਹੀ ਮਾਨਸਿਕ ਤੌਰ ਤੇ ਬਿਮਾਰ ਸੀ ਤੇ ਉਸ ਦੇ ਵਡੇਰਿਆਂ ਦੀ ਬਹੁਚਰਚਿਤ ਸੋਨੇ ਦੀ ਇੱਕ ਖਾਣ ਕਦੋਂ ਦੀ ਬੈੰਕ ਕੋਲ ਗਹਿਣੇ ਪਈ ਹੋਈ ਏ!
“ਵੋ ਜਹਿਰ ਦੇਤਾ ਤੋ ਪਕੜਾ ਜਾਤਾ..ਫੇਰ ਉਸਨੇ ਯੂੰ ਕੀਆ..ਦਵਾ ਦੇਣੀ ਹੀ ਛੋੜ ਦੀ”
ਹਰਪ੍ਰੀਤ ਸਿੰਘ ਜਵੰਦਾ