ਮੁਣਸ਼ੀ ਪ੍ਰੇਮਚੰਦ ਲਿਖਦਾ ਹੈ ਕਿ ਜਦੋਂ ਕਿਸਾਨ ਦੇ ਪੁੱਤ ਨੂੰ ਜਦੋਂ ਗੋਹੇ ਵਿੱਚੋ ਮੁਸ਼ਕ ਆਉਣ ਲੱਗ ਜਾਵੇ ਸਮਝੋ ਕਿ ਦੇਸ਼ ਵਿੱਚ ਅਕਾਲ ਪੈਣ ਵਾਲਾ ਹੈ।
ਜਿਵੇਂ ਜਿਵੇਂ ਪਿੰਡਾਂ ਵਿੱਚੋ ਘਰ ਘਰ ਵਿੱਚੋਂ ਦੁੱਧ ਵਾਲੇ ਪਸ਼ੂਆਂ ਨੂੰ ਰੱਖਣ ਤੋਂ ਲੋਕ ਪਾਸਾ ਵੱਟ ਰਹੇ ਹਨ। ਵੇਚਣ ਲਈ ਛੱਡੋ ਆਪਣੇ ਪੀਣ ਲਈ ਵੀ ਪਸ਼ੂ ਰੱਖਣਾ ਲੋਕਾਂ ਨੂੰ ਔਖਾ ਲੱਗ ਰਿਹਾ, ਇਹਦੇ ਬਦਲੇ ਉਹ ਮੁੱਲ ਦਾ ਦੁੱਧ ਵਰਤਣ ਨੂੰ ਤਰਜੀਹ ਦੇ ਰਹੇ ਹਨ। ਆਖਦੇ ਹਨ ਪਸ਼ੂਆਂ ਪਿੱਛੇ ਖੱਜਲ ਬਹੁਤ ਹੋਣਾ ਪੈਂਦਾ।
ਸੱਚ ਹੈ ਕਿ ਖੱਜਲ ਖੁਆਰੀ ਹੈ, ਪਰ ਇਸ ਮਗਰੋਂ ਤੁਹਾਨੂੰ ਜਿਹੜੀ ਸਾਫ਼ ਸੁਥਰੀ ਖੁਰਾਕ ਮਿਲਦੀ ਹੈ, ਉਹਦਾ ਮੁੱਲ ਕੋਈ ਨਹੀਂ ਜਾਣਦਾ। ਘਰ ਦਾ ਦੁੱਧ, ਘਿਓ, ਮੱਖਣ ਤੇ ਲੱਸੀ, ਤੁਹਾਨੂੰ ਕਿਵੇਂ ਡਾਕਟਰਾਂ ਤੋਂ ਬਚਾਉਂਦਾ, ਤੁਹਾਡੀ ਉਮਰ ਨੂੰ ਕਿਵੇਂ ਵਧਾਉਂਦਾ, ਸਰੀਰ ਨੂੰ ਕਿਵੇਂ ਤੰਦਰੁਸਤ ਰੱਖਦਾ, ਇਹ ਤੁਸੀਂ ਸੋਚਦੇ ਵੀ ਨਹੀਂ।
ਜਿਹੜਾ ਬੰਦਾ ਮੀਟ ਮਛਲੀ ਨਹੀਂ ਖਾਂਦਾ ਉਹਦੇ ਲਈ ਤਾਂ ਦੁੱਧ ਵਰਦਾਨ ਹੈ ਹੀ, ਬੱਚਿਆਂ ਦੇ, ਔਰਤਾਂ ਦੇ, ਜੁਆਨ ਹੋ ਰਹੇ ਮੁੰਡੇ ਕੁੜੀਆਂ ਦੇ ਸਰੀਰਕ ਵਿਕਾਸ ਵਿੱਚ ਵੀ ਇਹਦਾ ਜਿਹੜਾ ਯੋਗਦਾਨ ਹੈ ਉਹ ਅਸੀਂ ਗਿਣਦੇ ਹੀ ਨਹੀਂ।
ਅਸੀ ਫ਼ਾਇਦਾ ਨੁਕਸਾਨ ਸਿਰਫ ਥੋੜ੍ਹ ਚਿਰ ਲਈ ਦੇਖਦੇ ਹਾਂ। ਜਿਵੇਂ ਕੋਈ ਜੰਗਲ ਸਾਫ ਕਰਕੇ ਪੈਸੇ ਕਮਾਉਣ ਬਾਰੇ ਸੋਚੇ ਇਹੀ ਕੰਮ ਇਥੇ ਹੈ ਓਥੇ ਜੰਗਲ ਪੂਰੀ ਦੁਨੀਆਂ ਨੂੰ ਤੰਦਰੁਸਤ ਰੱਖਦਾ ਸੀ ਇਥੇ ਇਹ ਦੁਧ ਘਰ ਦੇ ਲੋਕਾਂ ਨੂੰ।
ਸਮੱਸਿਆ ਇਹ ਵੀ ਖੜ੍ਹੀ ਹੋ ਗਈ ਹੈ ਕਿ ਦੁੱਧ ਦਾ ਕੰਮ ਕਰਨ ਵਾਲੇ ਮੁੰਡਿਆਂ ਨੂੰ ਰਿਸ਼ਤਾ ਕਰਨ ਲੱਗੇ ਵੀ ਲੋਕੀਂ ਸੋਚਦੇ ਆ। ਬੈਂਕ ਅੱਗੇ ਲੱਗਾ ਸਕਿਓਰਿਟੀ ਗਾਰਡ ਉਹਨਾਂ ਨੂੰ ਮੱਝਾਂ ਜਾਂ ਡੇਅਰੀ ਦਾ ਕੰਮ ਕਰਨ ਨਾਲੋਂ ਵਧੀਆ ਲਗਦਾ। ਗੱਲ ਉਹੀ ਅਖੇ ਸੌਖੀ ਹੈ, ਮੱਝਾਂ ਚ ਖੱਜਲ ਹੁੰਦਾ।
ਮਤਲਬ ਬੇਗਾਨੇ ਦੀ ਗੁਲਾਮੀ ਚੰਗੀ ਲਗਦੀ ਹੈ, ਆਪਣੀ ਮਲਕੀਅਤ ਨਾਲੋਂ, ਜਿੱਥੇ ਕੋਈ ਵੀ ਆ ਕੇ ਮਿੰਟਾਂ ਚ ਲਾਹ ਪਾਹ ਕਰ ਦੇਵੇ ਤੇ ਕੋਈ ਝਿੜਕ ਦੇਵੇ। ਸਾਰਾ ਦਿਨ ਡਰਨੇ ਵਾਂਗੂੰ ਖੜ੍ਹੇ ਰਹੋ। ਬੱਸ ਮੋਬਾਈਲ ਤੇ ਰੀਲਾਂ ਦੀ ਫੁਰਸਤ ਹੈ।
ਇਹੀ ਗੱਲ ਸਬਜ਼ੀ ਦੀ ਹੈ।
ਇਹ ਪੰਜਾਬ ਚ ਹੋ ਰਿਹਾ ਜਿੱਥੇ ਕਿਸੇ ਵੇਲੇ ਖੁਰਾਕ ਦਾ ਵੱਡਾ ਹਿੱਸਾ ਸਿਰਫ ਤੇ ਸਿਰਫ਼ ਦੁੱਧ ਤੇ ਉਹਦੇ ਤੋਂ ਬਣੇ ਪ੍ਰੋਡਕਟ ਸੀ। ਫਿਰ ਅਸੀਂ ਸੋਚਦੇ ਹਾਂ ਸਾਡੇ ਬੁਰੇ ਦਿਨ ਕਿਉਂ ਆਏ ਹੋਏ। ਕਿਉੰਕਿ ਅਸੀਂ ਫਟਾਫਟ ਪੈਸੇ ਕਮਾਉਣ ਦੇ ਚੱਕਰ ਚ ਖੁਰਾਕ ਦੇ ਮੂਲ ਅੰਸ਼ਾਂ ਨੂੰ ਭੁੱਲ ਗਏ ਹਾਂ। ਡੇਅਰੀ , ਸਬਜ਼ੀ, ਬੱਕਰੀ, ਮੁਰਗੀ ਵਰਗੇ ਕੰਮਾਂ ਨੂੰ ਛੋਟਾ ਤੇ ਨੀਵਾਂ ਸਮਝਣ ਲੱਗ ਗਏ।
ਜਦਕਿ ਇਹਨਾਂ ਨੂੰ ਖੁਰਾਕ ਵਜੋਂ ਘਰ ਚ ਹੀ ਪੈਦਾ ਜਾਂ ਪਾਲਿਆ ਜਾ ਸਕਦਾ ਸੀ।
ਹਰਜੋਤ ਸਿੰਘ
70094 52602