1980 ਦੇ ਕਰੀਬ ਦੀ ਗੱਲ ਹੈ। ਬਹੁਤ ਘੱਟ ਘਰਾਂ ਕੋਲ ਟੀ ਵੀ ਸਨ। ਟੈਲੀਵਿਜ਼ਨ ਚਲਾਉਣ ਲਈ ਅੱਸੀ ਫੁੱਟ ਤੋਂ ਵੀ ਉੱਚਾ ਐਂਟੀਨਾ ਲਾਉਣਾ ਪੈਂਦਾ ਸੀ। ਨੇੜੇ ਤੇੜੇ ਕਿਸੇ ਦੇ ਘਰੇ ਟੀ ਵੀ ਨਹੀਂ ਸੀ। ਨਾ ਹੀ ਸਾਨੂੰ ਕਿਸੇ ਘਰੇ ਟੀ ਵੀ ਦੇਖਣ ਦੀ ਆਦਤ ਸੀ। ਇੱਕ ਦੋ ਵਾਰ ਪਾਪਾ ਜੀ ਨੂੰ ਟੀਵੀ ਖਰੀਦਣ ਲਈ ਆਖਿਆ। ਪਰ ਓਹ ਇਸ ਦੇ ਹੱਕ ਵਿਚ ਨਹੀਂ ਸਨ। ਕਿਉਂਕਿ ਉਹ ਇਸਨੂੰ ਕੰਜਰ ਖਾਨਾ ਸਮਝਦੇ ਸਨ। ਧੀਆਂ ਭੈਣਾਂ ਵਾਲੇ ਘਰ ਲਈ ਗਲਤ ਸਮਝਦੇ ਸੀ। ਨਾ ਹੀ ਘਰੇ ਇੰਨੇ ਪੈਸੇ ਹੁੰਦੇ ਸਨ ਕਿ ਝੱਟ ਟੀਵੀ ਖਰੀਦ ਲਿਆ ਜਾਵੇ। 2400 ਦੇ ਕਰੀਬ ਕੀਮਤ ਸੀ ਟੀਵੀ ਦੀ। ਸ਼ਹਿਰ ਵਿੱਚ ਟੇਕਸ਼ਲਾ ਵੇਸਟਨ ਸਟੈਂਡਰਡ ਤੇ ਬੇਲਟੈਕ ਦੀਆਂ ਏਜੇਂਸੀਆਂ ਸਨ। ਬੇਲਟੈਕ ਟੀਵੀ ਦੀ ਏਜੈਂਸੀ ਸਾਡੇ ਕਰੀਬੀ ਤੇ ਜਾਣ ਪਹਿਚਾਣ ਵਾਲੇ ਰਾਮ ਪ੍ਰਕਾਸ਼ ਗਰੋਵਰ ਕੋਲ ਸੀ। ਉਸਨੂੰ ਰਾਮ ਪ੍ਰਕਾਸ਼ ਗਰੋਵਰ ਦੇ ਨਾਮ ਨਾਲ ਕੋਈ ਨਹੀਂ ਸੀ ਜਾਣਦਾ। ਸਾਰੇ ਉਸਨੂੰ ਰਾਮ ਰੇਡੀਓ ਵਾਲਾ ਆਖਦੇ ਸਨ। ਪਾਪਾ ਜੀ ਇੱਕ ਦਿਨ ਰਾਮ ਰੇਡੀਓ ਵਾਲੇ ਦੀ ਦੁਕਾਨ ਤੇ ਕਿਸੇ ਕੰਮ ਗਏ। ਕੁਦਰਤੀ ਜਲੰਧਰ ਦੂਰ ਦਰਸ਼ਨ ਤੇ ਗੁਰਬਾਣੀ ਦਾ ਕੀਰਤਨ ਆ ਰਿਹਾ ਸੀ। ਪਾਪਾ ਜੀ ਕੀਰਤਨ ਵੇਖਕੇ ਬਹੁਤ ਪ੍ਰਭਾਵਿਤ ਹੋਏ।
ਰਾਮ ਯਾਰ ਟੀਵੀ ਤਾਂ ਆਪਾਂ ਵੀ ਲਗਵਾਉਣਾ ਹੈ।
ਸੇਠੀ ਸਾਹਿਬ ਕੀ ਗੱਲ ਕਰਦੇ ਹੋ। ਹੁਣੇ ਭੇਜ ਦਿੰਦਾ ਹਾਂ ਘਰੇ।
ਯਾਰ ਗੱਲ ਤਾਂ ਸੁਣ। ਪੈਸਿਆਂ ਦੀ ਗੁੰਜਾਇਸ਼ ਨਹੀਂ ਹੈ।
ਉਹ ਹੋ ਪੈਸੇ ਕਿਹੜਾ ਕੰਜਰ ਮੰਗਦਾ ਹੈ ਤੁਹਾਡੇ ਕੋਲੋਂ। ਤੁਸੀਂ ਟੀਵੀ ਲੈ ਜਾਓ। ਬਸ ਦੋ ਸੋ ਰੁਪਈਆ ਕਿਸ਼ਤ ਦੇ ਦੇਣਾ। ਜੇ ਤੁਹਾਨੂੰ ਡਰਾਅ ਨਿਕਲ ਆਇਆ ਤਾਂ ਤੁਹਾਡੀ ਕਿਸਤ ਵੀ ਬੰਦ।
ਉਸੇ ਸ਼ਾਮ ਰਾਮ ਨੇ ਆਪਣੇ ਮੁਲਾਜ਼ਿਮ ਗੁਰਚਰਨ ਨੂੰ ਭੇਜ ਕੇ ਟੀਵੀ ਲਗਵਾ ਦਿੱਤਾ। ਰਾਮ ਨੇ ਕਿਸ਼ਤਾਂ ਤੇ ਬਹੁਤ ਟੀਵੀ ਵੇਚੇ। ਹਰ ਮੁਲਾਜ਼ਿਮ ਦੁਕਾਨਦਾਰ ਘਰੇ ਟੀਵੀ ਲਗਵਾ ਦਿੱਤਾ। ਲੋਕ ਉਸਨੂੰ ਰਾਮ ਰੇਡੀਓ ਵਾਲਾ ਦੀ ਬਜਾਇ ਰਾਮ ਬੇਲਟੈਕ ਵਾਲਾ ਆਖਣ ਲੱਗੇ। ਸ਼ਟਰ ਵਾਲਾ ਟੀਵੀ ਬੇਮਿਸਾਲ ਲਗਦਾ ਸੀ। ਰਾਮ ਦੀ ਇੱਕ ਵਿਸ਼ੇਸ਼ਤਾ ਸੀ ਉਹ ਰੇਟ ਪੁੱਛਣ ਗਏ ਨੂੰ ਸਮਾਨ ਦੇ ਕੇ ਤੋਰਦਾ ਸੀ। ਫਿਰ ਬੇਲਟੈਕ ਦਾ ਜ਼ਮਾਨਾ ਗਿਆ ਰਾਮ ਹਿਤਾਚੀ ਵਰਲਪੂਲ ਤੋਂ ਚੱਲ ਕੇ ਸੈਮਸੰਗ ਤੱਕ ਪਹੁੰਚ ਗਿਆ। ਮਿੱਟੀ ਦੇ ਸਟੋਵ ਤੇ ਟਾਂਕੇ ਲਾ ਕੇ ਰੇਡੀਓ ਠੀਕ ਕਰਨ ਵਾਲਾ ਰਾਮ ਸੈਮਸੰਗ ਦੇ ਸ਼ੋ ਰੂਮ ਦਾ ਮਾਲਿਕ ਬਣ ਗਿਆ। ਅੱਜ ਕੱਲ ਉਸਦੇ ਬੇਟੇ ਬਿੱਟੂ ਤੇ ਦੀਪਕ ਤੋਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਤੇ ਰਾਮ ਰੇਡੀਓ ਵਾਲੇ ਦੇ ਨਾਮ ਦੀ ਖੱਟੀ ਖਾ ਰਹੇ ਹਨ। ਉਸਦਾ ਪੋਤਾ Koushal Grover ਵੀ ਦਾਦੇ ਦਾ ਨਾਮ ਰੋਸ਼ਨ ਕਰ ਰਿਹਾ ਹੈ।
#ਰਮੇਸਸੇਠੀਬਾਦਲ ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ