ਭਤੀਜੀ ਨੇ ਕਨੂੰਨ ਦੀ ਪੜਾਈ ਲਈ ਟਾਰਾਂਟੋ ਜਾਣਾ ਸੀ..ਹੋਸਟਲ ਸ਼ੇਅਰਿੰਗ ਵਿਚ ਮਿਲਿਆ..ਨਾਲ ਇਕ ਫਰਾਂਸ ਤੋਂ ਕੁੜੀ ਨੇ ਅਉਣਾ ਸੀ..ਦੱਖਣੀ ਫਰਾਂਸ ਦਾ ਖੂਬਸੂਰਤ ਪੇਂਡੂ ਇਲਾਕਾ..!
ਮੇਰੀ ਭਾਬੀ ਰੋਜ ਸੁਵੇਰੇ ਅਰਦਾਸ ਕਰਿਆ ਕਰੇ..ਧੀ ਦੇ ਨਾਲਦੀ ਚੰਗੇ ਸੁਭਾਅ ਦੀ ਹੋਵੇ..ਵਰਨਾ ਇਹ ਤਾਂ ਪਹਿਲੀ ਵੇਰ ਘਰੋਂ ਬਾਹਰ ਚੱਲੀ ਟੈਨਸ਼ਨ ਨਾਲ ਹੀ ਮੁੱਕ ਜਾਊ..!
ਫੇਰ ਓਥੇ ਛੱਡਣ ਗਏ ਤਾਂ ਪਹਿਲੀ ਮਿਲਣੀ ਵਿਚ ਦੋਵੇਂ ਡਰੀਆਂ ਡਰੀਆਂ..ਨਾਪ ਤੋਲ ਕੇ ਗੱਲ ਕਰਨ..ਅਖੀਰ ਬੋਲ ਚਾਲ ਸ਼ੁਰੂ ਹੋ ਗਿਆ..ਸਾਲ ਇੱਕਠੀਆਂ ਨੇ ਜੂ ਰਹਿਣਾ ਸੀ..ਛੇਤੀ ਰਚ ਮਿਚ ਵੀ ਗਈਆਂ..ਫਰਾਂਸੀਸੀ ਕੁੜੀ ਦੱਸਿਆ ਕਰੇ ਕੇ ਮਾਂ ਵੀ ਰੋਜ ਚਰਚ ਜਾ ਕੇ ਅਰਦਾਸ ਕਰਿਆ ਕਰਦੀ ਕੇ ਬੇਗਾਨਾ ਮੁਲਖ ਬੇਗਾਨੇ ਲੋਕ ਬੇਗਾਨਾ ਮਾਹੌਲ..ਧੀ ਦੀ ਰੂਮ ਮੇਟ ਵਧੀਆ ਸੁਭਾਅ ਦੀ ਹੋਵੇ..ਨਹੀਂ ਤੇ ਏਡੀ ਦੂਰ ਕੱਲੀ ਕਾਰੀ ਕੀ ਕਰੂ..!
ਹੁਣ ਦੋਵੇਂ ਮਾਵਾਂ ਖੁਸ਼ ਨੇ ਰੱਬ ਨੇ ਵਿਨਤੀ ਪ੍ਰਵਾਨ ਕਰ ਲਾਈ..!
ਮੈਂ ਬਿਰਤਾਂਤ ਸੁਣਦਾ ਹੋਇਆ ਸੋਚ ਰਿਹਾ ਸਾਂ ਕੇ ਭਲਾ ਪ੍ਰਵਾਨ ਕਿੱਦਾਂ ਨਾ ਹੁੰਦੀ..ਦੋ ਦੋ ਮਾਵਾਂ ਨੇ ਜੂ ਕੀਤੀ ਸੀ..ਇੱਕ ਨੇ ਬਾਬੇ ਨਾਨਕ ਦੇ ਦਰ ਤੇ ਦੂਜੀ ਨੇ ਯੱਸੂ ਮਸੀਹ ਦੇ ਦਰਬਾਰ..ਦਿਲੋਂ ਕੀਤੀ ਤੇ ਇੱਕ ਹੀ ਮਾਣ ਨਹੀਂ ਹੁੰਦੀ ਪਰ ਇਥੇ ਤੇ ਸਿਫਾਰਿਸ਼ ਵੀ ਦੋਹਰੀ ਪਈ ਸੀ..ਅਗਲੇ ਨੂੰ ਕਰਨੀ ਹੀ ਪੈਣੀ ਸੀ!
ਨਾਨੀ ਵੀ ਚੇਤੇ ਆ ਗਈ..ਅਕਸਰ ਆਖਦੀ ਹੁੰਦੀ ਸੀ..ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰਵਾਲਾ!
ਹਰਪ੍ਰੀਤ ਸਿੰਘ ਜਵੰਦਾ