ਪੰਮੋ ਪੰਜਾਬੀ ਜੁੱਤੀਆਂ ਦੀ ਬਹੁਤ ਸ਼ੌਕੀਨ ਸੀ।ਉਸ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸਨ। ਨੌਕਰੀ ਦੇ ਸਿਲਸਿਲੇ ਵਿੱਚ ਅਕਸਰ ਵੱਖ ਵੱਖ ਸ਼ਹਿਰਾਂ ਵਿੱਚ ਮਿਟਿੰਗ ਲਈ ਜਾਂਦੇ ਰਹਿੰਦੇ ਸਨ। ਪੰਮੋ ਲਈ ਕਦੀ ਅਬੋਹਰ, ਕਦੇ ਪਟਿਆਲੇ ਅਤੇ ਕਦੇ ਰਾਜਸਥਾਨ ਤੋਂ ਤਿਲੇ ਵਾਲੀਆਂ ਪੰਜਾਬੀ ਜੁੱਤੀਆਂ ਆਉਂਦੀਆਂ ਹੀ ਰਹਿੰਦੀਆਂ ਸਨ। ਪੰਮੋ ਪੰਜਾਬੀ ਜੁੱਤੀਆਂ ਹੀ ਪਾਉਂਦੀ ਸੀ। ਢੇਰ ਸਾਰੀਆਂ ਇੱਕ ਤੋਂ ਇੱਕ ਸੋਹਣੀਆਂ ਤੇ ਵੱਖ ਵੱਖ ਤਰ੍ਹਾਂ ਦੀਆਂ ਪੰਜਾਬੀ ਜੁੱਤੀਆਂ ਸਨ ਪੰਮੋ ਕੋਲ। ਪਿਤਾ ਜੀ ਨੂੰ ਪਤਾ ਸੀ ਕਿ ਪੰਜਾਬੀ ਜੁੱਤੀਆਂ ਪੰਮੋ ਦੀ ਜਾਨ ਹੈ। ਪੰਮੋ ਸਕੂਲ ਪੜਾਉਂਦੀ ਸੀ,ਘਰ ਦੇ ਪੰਮੋ ਲਈ ਰਿਸ਼ਤਾ ਲੱਭਦੇ ਸਨ। ਪਿਤਾ ਜੀ ਦਾ ਇੱਕ ਮਿੱਤਰ ਪਾਕਿਸਤਾਨ ਨਨਕਾਣਾ ਸਾਹਿਬ ਮੱਥਾ ਟੇਕਣ ਚਲਾ ਸੀ, ਪਿਤਾ ਜੀ ਤੋਂ ਵਾਰ ਵਾਰ ਪੁੱਛਣ ਲੱਗਾ ਕਿ ਤੁਹਾਡੇ ਲਈ ਕੀ ਲੈ ਕੇ ਆਵਾਂ।ਪਿਤਾ ਜੀ ਨੇ ਪੰਮੋ ਨੂੰ ਦੱਸੇ ਬਗੈਰ ਉਸ ਲਈ ਪਾਕਿਸਤਾਨੀ ਪੰਜਾਬੀ ਜੁੱਤੀ ਮੰਗਵਾ ਲਈ। ਮਿੱਤਰ ਪਾਕਿਸਤਾਨ ਸੈਰ ਕਰਨ ਗਿਆ ਸੀ ਅਤੇ ਇੱਧਰ ਪੰਮੋ ਦਾ ਰਿਸ਼ਤਾ ਪੱਕਾ ਹੋ ਗਿਆ।ਦੋ ਮਹੀਨੇ ਬਾਅਦ ਵਿਆਹ। ਪਿਤਾ ਜੀ ਦਾ ਮਿੱਤਰ ਪੰਮੋ ਲਈ ਪੰਜਾਬੀ ਜੁੱਤੀ ਲੈਕੇ ਆਇਆ ਤਾਂ ਪੰਮੋ ਨੂੰ ਉਹ ਜੁੱਤੀ ਬਹੁਤ ਹੀ ਜ਼ਿਆਦਾ ਪਸੰਦ ਆਈ। ਮਹਿੰਗੀ ਵੀ ਬਹੁਤ ਸੀ। ਪੰਮੋ ਨੇ ਆਪਣੇ ਪਿਤਾ ਜੀ ਅਤੇ ਉਹਨਾਂ ਦੇ ਮਿੱਤਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਖੂਬਸੂਰਤ ਜੁੱਤੀ ਲਈ। ਉਸ ਨੇ ਉਹ ਜੁੱਤੀ ਵਿਆਹ ਤੋਂ ਬਾਅਦ ਪਾਉਣ ਲਈ ਰੱਖ ਲਈ। ਇਹ ਜੁੱਤੀ ਉਸ ਨੂੰ ਬਹੁਤ ਪਿਆਰੀ ਸੀ, ਸੰਭਾਲ ਕੇ ਰੱਖ ਲਈ। ਵਿਆਹ ਤੋਂ ਬਾਅਦ ਦੂਜੇ ਦਿਨ ਪੇਕਿਆਂ ਦੇ ਜਾਣ ਲਈ ਉਹੀ ਖਾਸ ਜੁੱਤੀ ਪਾਉਣ ਲੱਗੀ ਤਾਂ ਕੁਆਰੀ ਨਣਾਨ ਨੇ ਦੇਖ ਕੇ ਜੁੱਤੀ ਮੰਗ ਲਈ। ਅਤੇ ਵਰੀ ਵਾਲੇ ਸੂਟਕੇਸ ਤੋਂ ਕੱਢ ਕੇ ਪੰਮੋ ਨੂੰ ਹੋਰ ਜੁੱਤੀ ਦੇ ਦਿੱਤੀ।ਉਸ ਦੀ ਪਾਕਿਸਤਾਨੀ ਜੁੱਤੀ ਆਪ ਰੱਖ ਲਈ। ਪੰਮੋ ਦੇਖਦੀ ਰਹਿ ਗਈ,ਮਨਾ ਵੀ ਨਾ ਕਰ ਸਕੀ, ਪਤੀ ਨੂੰ ਵੀ ਕੁੱਝ ਬੋਲ ਨਾ ਸਕੀ। ਪੇਕੇ ਜਾ ਕੇ ਮਾਂ ਕੋਲ ਪਿਆਰੀ ਜੁੱਤੀ ਲਈ ਬਹੁਤ ਰੋਈ। ਮਾਂ ਨੇ ਸਮਝਾਇਆ ਕਿ ਕਈ ਵਾਰ ਆਪਣੀਆਂ ਅਤਿ ਪਿਆਰੀਆਂ ਚੀਜ਼ਾਂ ਨਾ ਚਾਹੁੰਦੇ ਹੋਏ ਵੀ ਸੋਹਰੇ ਪਰਿਵਾਰ ਵਾਲਿਆਂ ਨੂੰ ਦੇਕੇ ਉਸ ਘਰ ਵਿੱਚ ਆਪਣੀ ਖ਼ਾਸ ਥਾਂ ਬਣਾਉਣੀ ਪੈਂਦੀ।