ਸਾਡੇ ਪਿੰਡ ਲਾਗੋਂ ਨਹਿਰ ਲੰਘਦੀ ਸੀ..ਮਹੀਨੇ ਵਿਚ ਵੀਹ ਕੂ ਦਿਨ ਪਾਣੀ ਵਗਿਆ ਕਰਦਾ..ਜਦੋਂ ਵੀ ਵਗਦਾ ਸੁਨੇਹਾ ਅੱਪੜ ਜਾਂਦਾ..ਅਸੀਂ ਸਾਰੇ ਪਿੰਡ ਆ ਜਾਂਦੇ..ਚੰਗੀ ਤਰਾਂ ਤਰਨਾ ਭਾਵੇਂ ਨਹੀਂ ਸੀ ਆਉਦਾ ਤਾਂ ਵੀ ਪੁਲ ਉੱਤੋਂ ਛਾਲ ਮਾਰ ਦੇਣੀ ਕਿਓੰਕੇ ਵੱਡੇ ਵੀਰਾਂ ਤੇ ਮਾਣ ਸੀ..ਕਦੇ ਡੁੱਬਣ ਨਹੀਂ ਦੇਣਗੇ..ਜੇਠ ਹਾੜ ਠੰਡਾ ਸੀਤ ਪਾਣੀ..ਓਥੇ ਹੀ ਡੰਗਰ ਨਹਾਉਂਦੇ ਤੇ ਓਹਨਾ ਦੀਆਂ ਪੂਛਾਂ ਫੜੀ ਓਥੇ ਹੀ ਅਸੀ..ਵਗਦੇ ਪਾਣੀ ਨਾਲ ਇਕ ਖਾਸ ਰਿਸ਼ਤਾ ਸੀ..ਦਿਲ ਦਾ..ਵਗਦੀ ਹੁੰਦੀ ਤਾਂ ਲੱਗਦਾ ਜਿੰਦਗੀ ਆਪਣੇ ਵਹਿਣ ਵਿਚ ਤੁਰੀ ਜਾ ਰਹੀ..ਨਾਲ ਬਣੇ ਨਹਿਰੀ ਵਿਭਾਗ ਦੇ ਸੂਏ ਦੀਆਂ ਰੌਣਕਾਂ..ਨਹਿਰ ਦੇ ਕੰਢੇ ਵੱਡੀ ਪਟੜੀ ਤੇ ਸੂਏ ਕੰਢੇ ਛੋਟੀ..ਹਰਿਆ ਭਰਿਆ ਆਲਾ ਦਵਾਲਾ..ਬੀਜੜੇ ਦੇ ਹੇਠਾਂ ਲਮਕਦੇ ਆਲ੍ਹਣੇ..ਉੱਚਾ ਉੱਡਦੀਆਂ ਇੱਲਾਂ..ਵਿਲੱਖਣ ਮਾਹੌਲ..ਵਿਸਮਾਦੀ ਵਹਿਣ ਸੰਗੀਤ..ਪਟੜੀ ਤੇ ਠੰਡਕ ਹੀ ਠੰਡਕ..ਸਾਈਕਲਾਂ ਵਾਲੇ ਅਕਸਰ ਛਾਵੇਂ ਬੈਠ ਜਾਂਦੇ..ਕੁਝ ਤੇ ਪਰਨਾ ਵਿਛਾ ਲੰਮੀ ਤਾਣ ਸੌਂ ਵੀ ਜਾਇਆ ਕਰਦੇ..ਕੋਈ ਕਾਹਲ ਨਹੀਂ..ਮਾਰੋ ਮਾਰ ਨਹੀਂ..ਜਿੰਦਗੀ ਜਿਉਣ ਲਈ ਪ੍ਰੇਰਿਤ ਕਰਦੀ ਉਹ ਨਹਿਰ..!
ਪਰ ਹੁਣ ਸੁਣਿਆ ਸੂਏ ਪੈਲੀਆਂ ਵਿਚ ਰਲ ਗਏ ਅਤੇ ਕਲਮ ਕੱਲੀ ਨਹਿਰ ਵਿਚ ਸਾਲ ਛਿਮਾਹੀ ਕਦੇ ਕਦੇ ਹੀ ਪਾਣੀ ਆਉਂਦਾ..ਉਹ ਵੀ ਨਾਮਾਤਰ..ਕਦੇ ਉਤਸ਼ਾਹ ਨਾਲ ਵਗਦੀ ਅੱਜ ਉਦਾਸ ਹੈ..ਇਸ ਆਸ ਵਿਚ ਕੇ ਐੱਸ.ਵਾਈ.ਐੱਲ ਦੇ ਜਮਾਨੇ ਵਿਚ ਕੋਈ ਉਸਦੀ ਵੀ ਖੈਰ ਲਵੇਗਾ..ਕੋਈ ਬਹਿਸ ਹੋਵੇਗੀ..ਸਾਰੀਆਂ ਪਾਰਟੀਆਂ ਦੀ..ਕੇ ਮੇਰਾ ਪਾਣੀ ਕਿਓਂ ਘਟਾ ਦਿੱਤਾ ਗਿਆ..!
ਇੱਕ ਗੱਲ ਪਤਾ ਲੱਗੀ ਅੱਜ ਕੱਲ ਪੁਲ ਉੱਤੋਂ ਛਾਲ ਵੀ ਘਟ ਵੱਧ ਹੀ ਮਾਰਦੇ..ਕਹਿੰਦੇ ਵੀਰਾਂ ਤੇ ਉਹ ਇਤਬਾਰ ਨਹੀਂ ਰਿਹਾ ਜਿਹੜਾ ਕਦੀ ਹੋਇਆ ਕਰਦਾ ਸੀ..!
ਹਾਂ ਰੋਡਵੇਜ ਦੀਆਂ ਬੱਸਾਂ ਵਿਚ ਇੱਕ ਗੱਲ ਅਜੇ ਵੀ ਬਾਕਾਇਦਾ ਲਿਖੀ ਹੁੰਦੀ..”ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ..”
ਹਰਪ੍ਰੀਤ ਸਿੰਘ ਜਵੰਦਾ