ਜਾਣਦਾ ਸਾਂ ਸਾਰੇ ਲੱਛਣ ਡਿਪਰੈਸ਼ਨ ਦੇ ਹਨ ਪਰ ਕਰ ਕੁਝ ਨਹੀਂ ਸਾਂ ਸਕਦਾ..ਇੱਕ ਡਾਕਟਰ ਨੂੰ ਖੁਦ ਨੂੰ ਡਿਪ੍ਰੈਸ਼ਨ..ਹਾਸੋਹੀਣੀ ਨਾਲੋਂ ਸ਼ਰਮਨਾਕ ਜਿਆਦਾ ਸੀ..ਇੰਝ ਲੱਗਦਾ ਕਿਸੇ ਸ਼ੈ ਨੇ ਜਕੜ ਰਖਿਆ ਹੋਵੇ..ਡਿਊਟੀ ਜਾਣ ਨੂੰ ਜੀ ਨਾ ਕਰਦਾ..ਨਾਲਦੀ ਫ਼ਿਕਰਮੰਦ..ਧੀ ਬਾਹਰੋਂ ਫੋਨ ਕਰਦੀ ਡੈਡੀ ਕੀ ਹੋ ਗਿਆ..ਸਾਰਾ ਦਿਨ ਸੋਫੇ ਤੇ ਬੈਠਾ ਰਹਿੰਦਾ..ਜਾੰ ਫੇਰ ਨੀਂਦ ਦੀ ਗੋਲੀ ਲੈ ਕੇ ਸੁੱਤਾ ਰਹਿੰਦਾ..ਕਿਸੇ ਨੂੰ ਮਿਲਣ ਨੂੰ ਵੀ ਜੀ ਨਾ ਕਰਦਾ..ਭੀੜ ਤੋਂ ਡਰ..ਹਰੇਕ ਤੇ ਗੁੱਸਾ..ਅਜੀਬ ਮਾਨਸਿਕਤਾ ਸੀ..ਕਈ ਵੇਰ ਕੱਲੇ ਬੈਠੇ ਨੂੰ ਰੋਣ ਆਈ ਜਾਂਦਾਂ..ਇਹ ਮਨੋਵਿਰਤੀ ਸੁਵੇਰੇ ਉਠਦਿਆਂ ਹੀ ਭਾਰੂ ਹੋ ਜਾਂਦੀ..ਕਿਸੇ ਨੇ ਨਾਲਦੀ ਦੇ ਕੰਨ ਫੂਕ ਮਾਰ ਦਿੱਤੀ..ਇਹ ਖ਼ੁਦਕੁਸ਼ੀ ਵੀ ਕਰ ਸਕਦਾ..ਉਹ ਵੀ ਛੁੱਟੀ ਲੈ ਕੇ ਕੋਲ ਹੀ ਬੈਠੀ ਰਹਿੰਦੀ..!
ਇੱਕ ਦਿਨ ਜੀ ਕੀਤਾ ਦਰਬਾਰ ਸਾਬ ਦਰਸ਼ਨ ਕਰਕੇ ਆਵਾਂ..ਗੇਟ ਹਕੀਮਾਂ ਤੋਂ ਪੈਦਲ ਹੀ ਤੁਰ ਪਿਆ,,ਮੱਥਾ ਟੇਕ ਅੰਦਰ ਗਿਆ..ਇੰਝ ਲੱਗਿਆ ਕੋਈ ਬੰਦ ਬਾਰੀ ਅਰਸੇ ਬਾਅਦ ਖੁੱਲ ਗਈ ਹੋਵੇ..ਘੰਟਾ ਘਰ ਪੌੜੀਆਂ ਉੱਤਰਦਿਆਂ ਹੀ ਸੱਜੇ ਪਾਸੇ ਬੈਠ ਗਿਆ..ਅੱਖੀਆਂ ਵਿਚ ਪਰਲ ਪਰਲ ਹੰਝੂ ਵਗੀ ਜਾਵਣ..ਕੋਲੋਂ ਲੰਘਦੀ ਸੰਗਤ ਵੇਖੀ ਜਾਵੇ..ਇੱਕ ਬੁੱਢੜੀ ਮਾਈ ਕੋਲ ਹੀ ਬਹੁਕਰ ਦੀ ਸੇਵਾ ਕਰ ਰਹੀ ਸੀ..ਨਾਮ ਜਪਦੀ ਹੋਈ..ਪਿੱਛਿਓਂ ਇੱਕ ਅਵਾਜ ਆਈ..ਸਿੰਘਾਂ ਪਤਾ ਇਸ ਬੀਬੀ ਨੇ ਸੰਘਰਸ਼ ਵਿਚ ਪੰਜ ਪੁੱਤਰ ਭੇਂਟ ਚੜਾਏ..ਮਗਰ ਵੇਖਿਆ ਕੋਈ ਵੀ ਨਹੀਂ ਸੀ..ਉਸ ਮਾਤਾ ਜੀ ਕੋਲ ਚਲਾ ਗਿਆ..ਗੱਲ ਵਾਕਿਆ ਹੀ ਠੀਕ ਨਿੱਕਲੀ..ਇੰਝ ਲੱਗਿਆ ਮੁਰਦੇ ਵਿਚ ਜਾਨ ਪੈ ਗਈ ਹੋਵੇ..ਮੌਤ ਦੀਆਂ ਬਰੂਹਾਂ ਵਿਚੋਂ ਵਾਪਿਸ ਮੋੜ ਦਿੱਤਾ ਹੋਵੇ!
ਬੇਸ਼ਕ ਅਰਸਾ ਹੋ ਗਿਆ ਇਸ ਗੱਲ ਨੂੰ..ਅੱਜ ਵੀ ਓਹੀ ਮਾਨਸਿਕਤਾ ਭਾਰੂ ਹੋਣ ਲੱਗੇ ਤਾਂ ਦਰਬਾਰ ਸਾਬ ਚਲਾ ਜਾਂਦਾਂ ਹਾਂ!
ਹਰਪ੍ਰੀਤ ਸਿੰਘ ਜਵੰਦਾ