ਸਮੇਂ ਦੇ ਹਿਸਾਬ ਨਾਲ ਅਸੀਂ ਕਿੰਨੇ ਬਦਲ ਜਾਂਦੇ ਹਾਂ ਇਸ ਦਾ ਸਾਨੂੰ ਖੁਦ ਵੀ ਨਹੀਂ ਪਤਾ ਚਲਦਾ, ਨਵੀਆਂ -ਨਵੀਆਂ ਚੀਜਾਂ ਆਉਦੀਆਂ ਹਨ ਤੇ ਅਸੀਂ ਜਦ ਵਰਤਣਾ ਸਿੱਖਦੇ ਹਾਂ ਤਾਂ ਅਚਨਚੇਤ ਹੀ ਹਾਸੋਹੀਣੀਆਂ ਗੱਲਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਅਕਸਰ ਅਸੀਂ ਬਾਅਦ ਵਿਚ ਯਾਦ ਕਰਕੇ ਹੱਸਦੇ ਹਾਂ |ਇਹ ਗੱਲ ਉਦੋਂ ਦੀ ਹੈ ਜਦ ਮੇਰੀ ਮਾਂ ਛੋਟੀ ਹੁੰਦੀ ਸੀ ਸ਼ਾਇਦ 70 -72 ਵੇਲ਼ੇ ਦੀ ਇਹ ਗੱਲ ਮੇਰੀ ਮਾਂ ਨੇ ਹੀ ਸਾਨੂੰ ਦੱਸੀ ਸੀ ਕਿ ਇਕ ਵਾਰ ਭਾਈ ਕੀ ਹੋਇਆ ਸਾਡੇ ਇੱਕ ਬਾਣੀਆ ਹੁੰਦਾ ਸੀ ਪਿੰਡ ਚ ਉਸਦੀ ਇੱਕ ਹੱਟ ਹੁੰਦੀ ਤੇ ਬਰਫ਼ ਸਿਰਫ ਉਸਦੀ ਹੱਟ ਤੇ ਹੀ ਮਿਲਦੀ ਸੀ ਕਿਉਂਕਿ ਉਦੋਂ ਫਰਿਜ ਨਹੀਂ ਸਨ ਹੁੰਦੇ ਕਿਸੇ ਆਮ ਬੰਦੇ ਦੇ ਘਰ |ਤਾਂ ਇੱਕ ਦਿਨ ਕੀ ਹੋਇਆ ਕਿ ਉਸਦੀ ਹੱਟ ਤੇ ਕੁਝ ਬਰਫ਼ ਬਚ ਗੀ ਤੇ ਉਹ ਘਰ ਜਾਦਾਂ ਹੋਇਆ ਬਰਫ਼ ਸਾਨੂੰ ਦੇ ਗਿਆ ਤੇ ਤੁਹਾਡੀ ਨਾਨੀ ਨੂੰ ਕਹਿ ਗਿਆ ਵੀ ਕੁੜੀਆਂ ਦੁੱਧ ਚ ਪਾਕੇ ਪੀ ਲੈਣਗੀਆਂ, ਹੁਣ ਸਾਨੂੰ ਕੀ ਪਤਾ ਸੀ ਵੀ ਬਰਫ਼ ਕਿਵੇਂ ਤੇ ਕਿਹੋ ਜਿਹੇ ਦੁੱਧ ਚ ਪਾਕੇ ਪੀਤੀ ਜਾਂਦੀ ਹੈ ਕਿਉਂਕਿ ਅਸੀਂ ਤਾਂ ਸਿਰਫ ਨਿੰਬੂ ਪਾਣੀ ਬਣਾਉਣ ਲਈ ਹੀ ਹੱਟ ਤੋਂ ਬਰਫ਼ ਲੈ ਕੇ ਆਉਦੀਆਂ ਸੀ ਉਹ ਵੀ ਉਦੋਂ ਜਦ ਕੋਈ ਪ੍ਰੌਹਣਾ ਆਉਂਦਾ ਸੀ, ਅਸੀਂ ਕੀ ਕੀਤਾ ਭਾਈ ਦੁੱਧ ਦਾ ਪਤੀਲਾ ਚੁੱਲ੍ਹੇ ਤੇ ਰੱਖ ਕੇ ਉਬਾਲ ਦੇ ਲਿਆ ਤੇ ਗਰਮ -ਗਰਮ ਦੁੱਧ ਚ ਸੁੱਟ ਤੀ ਬਰਫ਼ ਬੜੇ ਹੀ ਚਾਅ ਨਾਲ ਦੁੱਧ ਨੂੰ ਬਿਨਾਂ ਠੰਡਾ ਕੀਤੇ ਹੀ ਪੀਣ ਲੱਗ ਗਈਆਂ ਕਿਉਂਕਿ ਸਾਡੇ ਲਈ ਇਹ ਨਵੀ ਸ਼ੈਅ ਸੀ ਸਾਨੂੰ ਸੀ ਵੀ ਪਤਾ ਨੀਂ ਇਹ ਜੋ ਬਾਣੀਏ ਰੋਜ਼ ਪੀਂਦੇ ਨੇ ਕਿੰਨਾ ਕੁ ਸੁਆਦ ਹੋਊ, ਪਰ ਜਦ ਪੀਤਾ ਉਸਦਾ ਕੋਈ ਸੁਆਦ ਹੀ ਨਾਂ ਆਵੇ ਜਮ੍ਹਾ ਬਕਬਕਾ, ਗਰਮ ਦੁੱਧ ਸੀ ਭਲਾ ਉਸਦਾ ਕੀ ਸੁਆਦ ਆਉਣਾ ਸੀ ਬਰਫ਼ ਵਾਲਾ ਪਾਣੀ ਵਿਚ ਮਿਲਣ ਕਰਕੇ ਉਹ ਅਸਲ ਦੁੱਧ ਨਾਲੋਂ ਹੋਰ ਵੀ ਬੇਸੁਆਦਾ ਹੋ ਗਿਆ, ਅਸੀਂ ਭਾਈ ਨਾਲ਼ੇ ਦੁੱਧ ਪੀ ਜਾਈਏ ਨਾਲ਼ੇ ਬਾਣੀਏ ਨੂੰ ਗਾਲ੍ਹਾਂ ਦੇਈ ਜਾਈਏ ਵੀ ਸਾਡਾ ਦੁੱਧ ਹੀ ਖ਼ਰਾਬ ਕਰਵਾ ਦਿੱਤਾ, ਹੁਣ ਸਾਨੂੰ ਕੀ ਪਤਾ ਵੀ ਬਰਫ਼ ਤਾਂ ਭਾਈ ਠੰਡੇ ਦੁੱਧ ਚ ਪਾਕੇ ਪੀਤੀ ਜਾਂਦੀ ਹੈ, ਅਸੀਂ ਤਾਂ ਮੁੜ ਕੇ ਕਦੇ ਫੇਰ ਬਾਣੀਏ ਤੋਂ ਬਰਫ਼ ਨੀਂ ਲਈ |ਹੁਣ ਤਾਂ ਭਾਈ ਫਰਿਜ ਆਗੇ ਸਭ ਨੂੰ ਪਤਾ ਲੱਗ ਗਿਆ ਵੀ ਬਰਫ਼ ਕਿਵੇਂ ਵਰਤੀਦੀ ਹੈ ਨਾਲ਼ੇ ਸੌ ਚੋਚਲੇ ਕਰਦੇ ਨੇ ਹੁਣ ਤਾਂ ਜਵਾਕ ਸਾਨੂੰ ਤਾਂ ਉਹ ਹੀ ਨਦੀਦ ਸੀ ਭਾਈ |
ਦੀਪ ਧਾਲੀਵਾਲ
ਵਧੀਆ ਕਹਾਣੀ ਆ 🤣