ਪੁਰਾਣੇ ਸਮੇਂ ਦੀ ਗੱਲ ਹੈ ਇਕ ਜੂੰ ਅਤੇ ਕੁੱਕੜ ਰਹਿੰਦੇ ਸਨ।ਜੂੰ ਨੂੰ ਕਾਫੀ ਭੁੱਖ ਲੱਗੀ ਹੋਈ ਸੀ।ਜੂੰ ਕੁੱਕੜ ਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਮੈਂ ਕੀ ਕਰਾਂ ਤਾਂ ਕੁੱਕੜ ਕਹਿਣ ਲੱਗਿਆ ਕਿ ਤੂੰ ਰੋਟੀਆਂ ਪਕਾ ਲੈ ਤਾਂ ਜੂੰ ਨੇ ਸੱਤ ਰੋਟੀਆਂ ਆਪਣੀਆਂ ਪਕਾ ਲਈਆਂ ਤੇ ਸੱਤ ਕੁੱਕੜ ਦੀਆਂ ਪਕਾ ਲਈਆਂ।ਆਪਣੀਆਂ ਰੋਟੀਆਂ ਖਾਕੇ ਕਹਿਣ ਲੱਗੀ ਕਿ ਮੈਨੂੰ ਤਾਂ ਹੋਰ ਭੁੱਖ ਲੱਗੀ ਆ ਤਾਂ ਕੁੱਕੜ ਕਹਿੰਦਾ ਕਿ ਤੂੰ ਮੇਰੀਆਂ ਰੋਟੀਆਂ ਵੀ ਖਾ ਲੈ ਤਾਂ ਜੂੰ ਨੇ ਕੁੱਕੜ ਦੀਆਂ ਰੋਟੀਆਂ ਵੀ ਖਾ ਲਈਆਂ ।ਫੇਰ ਕਹਿਣ ਲੱਗੀ ਕਿ ਮੈਨੂੰ ਹੋਰ ਭੁੱਖ ਲੱਗੀ ਆ ਤਾਂ ਕੁੱਕੜ ਨੇ ਕਿਹਾ ਕਿ ਤੂੰ ਹੁਣ ਮੈਨੂੰ ਖਾ ਲਾ।ਤਾਂ ਜੂੰ ਨੇ ਕੁੱਕੜ ਨੂੰ ਵੀ ਖਾ ਲਿਆ ਪਰ ਜੂੰ ਦੀ ਭੁੱਖ ਅਜੇ ਵੀ ਨਹੀਂ ਸੀ ਮਿਟੀ ਉਹ ਆਪਣੀ ਭੁੱਖ ਮਿਟਾਉਣ ਲਈ ਘਰੋਂ ਤੁਰ ਪਈ ਅੱਗੇ ਇਕ ਬੁੜੀ ਗੋਹੇ ਚੁਗਦੀ ਸੀ ਤਾਂ ਉਹਨੂੰ ਦੇਖਕੇ ਕਹਿਣ ਲੱਗੀ,ਸੱਤ ਆਪਦੀਆਂ ਖਾਧੀਆਂ,ਸੱਤ ਕੁੱਕੜ ਦੀਆ ਖਾਧੀਆਂ,ਕੁੱਕੜ ਬਾਂਗ ਦਿੰਦਾ ਖਾਧਾ ਤੈਨੂੰ ਕਿਥੇ ਛੱਡੂ ਇਉਂ ਕਹਿਕੇ ਬੁੜੀ ਨੂੰ ਵੀ ਖਾ ਗਈ। ਬੁੜੀ ਨੂੰ ਖਾਕੇ ਹੋਰ ਅੱਗੇ ਤੁਰ ਪਈ ਅੱਗੇ ਇਕ ਬਾਬਾ ਆਪਣੇ ਖੇਤ ਦੇ ਆਲੇ ਦੁਆਲੇ ਵਾੜ ਗੱਡਦਾ ਸੀ ਉਹਨੂੰ ਦੇਖਕੇ ਕਹਿਣ ਲੱਗੀ ,ਸੱਤ ਆਪਦੀਆਂ ਖਾਧੀਆਂ,ਸੱਤ ਕੁੱਕੜ ਦੀਆਂ ਖਾਧੀਆਂ,ਕੁੱਕੜ ਬਾਂਗ ਦਿੰਦਾ ਖਾਧਾ,ਬੁੜੀ ਗੋਹੇ ਚੁਗਦੀ ਖਾਧੀ ਤੈਨੂੰ ਕਿਥੇ ਛੱਡੂ ਐਨਾ ਕਹਿਣ ਦੀ ਦੇਰ ਸੀ ਜੂੰ ਬੁੜੇ ਨੂੰ ਵੀ ਖਾ ਗਈ ਹੁਣ ਫੇਰ ਵੀ ਰਹੀ ਭੁੱਖ ਦੀ ਭੁੱਖੀ।ਫੇਰ ਅੱਗੇ ਚੱਲ ਪਈ ਅੱਗੇ ਇਕ ਆਜੜੀ ਆਪਣਾ ਇੱਜੜ ਚਾਰਦਾ ਸੀ ਉਹਨੂੰ ਕਹਿਣ ਲੱਗੀ ਸੱਤ ਆਪਦੀਆਂ ਖਾਧੀਆਂ ,ਸੱਤ ਕੁੱਕੜ ਦੀਆਂ ਖਾਧੀਆਂ,ਕੁੱਕੜ ਬਾਂਗ ਦਿੰਦਾ ਖਾਧਾ,ਬੁੜੀ ਗੋਹੇ ਚੁਗਦੀ ਖਾਧੀ,ਬੁੜਾ ਵਾੜ ਗੱਡਦਾ ਖਾਧਾ ਤੈਨੂੰ ਕਿਥੇ ਛੱਡੂ ਤਾਂ ਭੇਡਾਂ ਬੱਕਰੀਆਂ ਨੂੰ ਵੀ ਖਾ ਗਈ ਪਰ ਉਸਦੀ ਭੁੱਖ ਅਜੇ ਵੀ ਨਾ ਮਿਟੀ ਫੇਰ ਕੁਝ ਲੱਭਣ ਲਈ ਅੱਗੇ ਨੂੰ ਤੁਰ ਪਈ। ਐਨਾ ਕੁਝ ਖਾਕੇ ਹੁਣ ਉਸਨੂੰ ਇਕ ਨਦੀ ਵਗਦੀ ਦਿਸੀ ਤਾਂ ਸੋਚਣ ਲੱਗੀ ਕਿ ਖਾ ਤਾਂ ਮੈਂ ਬਹੁਤ ਕੁਝ ਲਿਆ ਹੁਣ ਥੋੜੀ ਪਿਆਸ ਲੱਗੀ ਹੈ ਹੁਣ ਮੈਂ ਪਾਣੀ ਪੀਕੇ ਦਰੱਖਤਾਂ ਥੱਲੇ ਅਰਾਮ ਕਰ ਲੈਂਦੀ ਹਾਂ ਤਾਂ ਨਦੀ ਨੂੰ ਕਹਿਣ ਲੱਗੀ ਸੱਤ ਆਪਦੀਆਂ ਖਾਧੀਆਂ ,ਸੱਤ ਕੁੱਕੜ ਦੀਆਂ ਖਾਧੀਆਂ,ਕੁੱਕੜ ਬਾਂਗ ਦਿੰਦਾ ਖਾਧਾ,ਬੁੜੀ ਗੋਹੇ ਚੁਗਦੀ ਖਾਧੀ,ਬੁੜਾ ਵਾੜ ਗੱਡਦਾ ਖਾਧਾ,ਭੇਡਾਂ ਬੱਕਰੀਆਂ ਚਰਦੀਆਂ ਖਾਧੀਆਂ,ਤੈਨੂੰ ਕਿਥੇ ਛੱਡੂ ਐਨਾ ਕਹਿਕੇ ਸਾਰੀ ਨਦੀ ਨੂੰ ਵੀ ਪੀ ਗਈ। ਹੁਣ ਸੋਚਦੀ ਹੈ ਕਿ ਹੁਣ ਤਾਂ ਮੈਂ ਬਹੁਤ ਖਾ ਪੀ ਲਿਆਂ ਨਦੀ ਕਿਨਾਰੇ ਹਰੇ ਭਰੇ ਦਰੱਖਤਾਂ ਥੱਲੇ ਅਰਾਮ ਕਰ ਲੈਂਦੀ ਹਾਂ ਤਾਂ ਉਥੇ ਅਰਾਮ ਕਰਨ ਬੈਠੀ ਨੂੰ ਹੀ ਨੀਂਦ ਆ ਗਈ। ਥੋੜੇ ਸਮੇਂ ਬਾਅਦ ਦੋ ਮੁੰਡੇ ਘੁੰਮਦੇ ਫਿਰਦੇ ਨਦੀ ਤੇ ਆ ਗਏ ਉਹ ਦੇਖਦੇ ਹਨ ਕਿ ਇਹ ਵੱਡਾ ਸਾਰਾ ਕੀ ਪਿਆ ਹੈ ਉਹਨਾਂ ਨੇ ਜੂੰ ਦੇ ਢਿੱਡ ਵਿੱਚ ਬਹੁਤ ਜੋਰ ਨਾਲ ਸੋਟੀ ਮਾਰੀ ਤਾਂ ਜੂੰ ਦਾ ਫੁਲਿਆ ਹੋਇਆ ਢਿੱਡ ਫਟ ਗਿਆ ਤਾਂ ਨਦੀ ਫੇਰ ਤੋਂ ਵਗਣ ਲੱਗ ਪਈ, ਭੇਡਾਂ ਬੱਕਰੀਆਂ ਚਰਨ ਲੱਗ ਗਈਆਂ,ਬੁੜਾ ਵਾੜ ਗੱਡਣ ਲੱਗ ਗਿਆ, ਬੁੜੀ ਗੋਹੇ ਚੁਗਣ ਲੱਗ ਗਈ, ਕੁੱਕੜ ਬਾਂਗ ਦੇਣ ਲੱਗ ਗਿਆ ਅਤੇ ਜੂੰ ਮਰ ਗਈ।
ਇਸ ਕਰਕੇ ਕਿਸੇ ਨੂੰ ਵੀ ਲਾਲਚ ਨਹੀਂ ਕਰਨਾ ਚਾਹੀਦਾ।ਜੋ ਆਪਣਾ ਹੈ ਉਸ ਨਾਲ ਹੀ ਸਬਰ ਕਰ ਲੈਣਾ ਚਾਹੀਦਾ ਹੈ
ਮਨਵਿੰਦਰ ਕੌਰ