ਦਸਵੀਂ ਜਮਾਤ ਦੇ ਨਤੀਜੇ ਦਾ ਦਿਨ ਦਾ ਹਰ ਇਨਸਾਨ ਬੜੀ ਬੇਸਬਰੀ ਨਾਲ ਉਡੀਕਦਾ ਹੈ । ਜਿਸ ਦਿਨ ਮੇਰਾ ਦਸਵੀਂ ਦਾ ਨਤੀਜਾ ਆਉਣਾ ਸੀ ਮੇਰੇ ਕੁਝ ਜਮਾਤੀ ਦੋਸਤ ਸਾਡੀ ਦੁਕਾਨ ਜੋ ਮੇਨ ਰੋਡ ਤੇ ਸੀ ਮੈਨੂੰ ਬੁਲਾਉਣ ਆਏ ਤੇ ਕਹਿਣ ਲੱਗੇ ਕਿ ਗਜ਼ਟ ਆਉਣ ਵਾਲਾ ਹੈ ਚੱਲ ਨਤੀਜਾ ਦੇਖਣ ਚੱਲੀਏ । ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ ਆਪਣੇ ਦੋਸਤਾਂ ਨੂੰ ਚਾਹ ਪਾਣੀ ਪਿਲਾ , ਮੇਰੇ ਪੁੱਛਣ ਤੇ ਦੋਸਤ ਕਹਿਣ ਲੱਗੇ ਪਹਿਲਾਂ ਨਤੀਜਾ ਦੇਖ ਆਈਏ ।
ਮੈਂ ਪਿਤਾ ਜੀ ਕੋਲ਼ੋਂ ਇਜਾਜ਼ਤ ਮੰਗਣ ਹੀ ਲੱਗਾ ਸੀ ਤੇ ਉਹ ਆਪਣੇ ਬੇਬਾਕ ਸੁਭਾਅ ਅਨੁਸਾਰ ਮੇਰੇ ਦੋਸਤਾਂ ਨੂੰ ਕਹਿਣ ਲੱਗੇ ਤੁਸੀ ਗਜ਼ਟ ਵੇਖ ਆਓ ਮੈਨੂੰ ਮੇਰੇ ਮੁੰਡੇ ਦਾ ਨਤੀਜਾ ਮੈਨੂੰ ਪਤਾ ਹੈ । ਮੇਰੇ ਪਿਤਾ ਜੀ ਸੱਚ ਮੂੰਹ ਤੇ ਕਹਿਣ ਵਾਲੇ ਅਤੇ ਸਖ਼ਤ ਸੁਭਾਅ ਇਨਸਾਨ ਸਨ । ਮੇਰੇ ਦੋਸਤ ਦੁਕਾਨ ਤੋਂ ਬਾਹਰ ਚਲੇ ਗਏ ਅਤੇ ਮੈਨੂੰ ਨਾਲ ਜਾਣ ਵਾਸਤੇ ਇੱਕ ਨੁੱਕਰ ਵਿੱਚ ਖੜ ਕੇ ਮੇਰੇ ਪਿਤਾ ਜੀ ਤੋਂ ਅੱਖ ਬਚਾਅ ਕੇ ਇਸ਼ਾਰੇ ਕਰਨ ਲੱਗੇ । ਮੇਰੇ ਵਿੱਚ ਏਨੀ ਜੁਰਅਤ ਨਹੀਂ ਸੀ ਕਿ ਮੈਂ ਦੁਬਾਰਾ ਪੁੱਛਾਂ ਜਾਂ ਬਿਨੇ ਪੁੱਛੇ ਚਲਾ ਜਾਵਾਂ । ਪਿਤਾ ਜੀ ਨੇ ਦੇਖਿਆ ਕਿ ਮੇਰੇ ਦੋਸਤ ਬਾਹਰ ਖੜੇ ਹਨ , ਮੈਨੂੰ ਕੋਲ ਬੁਲਾਅ ਕੇ ਕਹਿਣ ਲੱਗੇ ਜਾਹ ਦੋਸਤਾਂ ਨਾਲ ਚਲਾ ਜਾਹ ਨਤੀਜਾ ਦੇਖਣ ਪਰ ਉਹਨਾਂ ਨੂੰ ਮੇਰੇ ਵੱਲੋਂ ਕਹਿ ਦੇਈਂ “ ਕਿ ਜੇ ਮੇਰਾ ਮੁੰਡਾ ਪਾਸ ਨਾ ਹੋਇਆ ਤਾਂ ਪਾਸ ਤੁਹਾਡੇ ਵਿੱਚੋਂ ਕੋਈ ਨਹੀਂ ਹੋਣਾਂ “ ਤੇ ਮੁਸਕਰਾਉਣ ਲੱਗੇ ਤੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ।
ਦੋਸਤਾਂ ਨਾਲ ਜਾਂਦਿਆਂ ਮਨ ਵਿੱਚ ਸੋਚ ਰਿਹਾ ਸਾਂ ਕਿ ਮੇਰੇ ਪਿਤਾ ਜੀ ਏਨੇ ਵਿਸ਼ਵਾਸ ਨਾਲ ਕਿਸ ਤਰਾਂ ਕਹਿ ਰਹੇ ਹਨ ? ਨਤੀਜਾ ਦੇਖਿਆ ਤੇ ਪਤਾ ਲੱਗਾ ਕਿ ਮੈਂ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਆਇਆ ਹਾਂ ਤੇ ਦੂਜੇ ਨੰਬਰ ਤੇ ਆਉਣ ਵਾਲੇ ਮੇਰੇ ਦੋਸਤ ਦੇ ਮੇਰੇ ਤੋਂ ਸੱਠ ਨੰਬਰ ਘੱਟ ਆਏ ਹਨ । ਮੈਂ ਪ੍ਰਮਾਤਮਾਂ ਦਾ ਸ਼ੁਕਰਾਨਾ ਕੀਤਾ ਕਿ ਉਸ ਦੀ ਮਿਹਰ ਸਦਕਾ ਪਿਤਾ ਜੀ ਦੇ ਵਿਸ਼ਵਾਸ਼ ਤੇ ਪੂਰਾ ਉਤਰਿਆ ਹਾਂ 🙏
ਹਰਜੀਤ ਸਿੰਘ