ਸਾਨ੍ਹਾਂ ਦੇ ਭੇੜ ਵਿਚ ਨਿਆਣਿਆਂ ਦਾ ਬੁਰਾ ਹਾਲ ਏ..ਵੇਖੇ ਨਹੀਂ ਜਾਂਦੇ..ਕੋਈ ਮਾਂ ਲੱਭੀ ਜਾਂਦਾ..ਕੋਈ ਭੈਣ ਭਾਈ..ਕੋਈ ਲਗਾਤਾਰ ਕੰਬੀ ਹੀ ਜਾ ਰਿਹਾ..ਕਿਸੇ ਦੀ ਬਾਂਹ ਤੇ ਡੂੰਗਾ ਕੱਟ..ਕਿਸੇ ਦੇ ਪੋਲੜੇ ਜਿਹੇ ਮੂੰਹ ਤੇ ਬੱਸ ਕੰਕਰਾਂ ਹੀ ਕੰਕਰਾਂ..ਵਕਤੀ ਦਿਲਾਸੇ ਦੇਣ ਵਾਲੇ ਬਹੁਤ ਪਰ ਉਹ ਵੀ ਕੀ ਕਰਨ..ਸੀਮਤ ਸਾਧਨ..ਸੀਮਤ ਇਲਾਜ..ਉਹ ਵੀ ਪਤਾ ਨਹੀਂ ਕਦੋਂ ਨੇਸਤੋ-ਨਾਬੂਦ ਹੋ ਜਾਣੇ..ਕਾਸ਼ ਕੋਈ ਐਸਾ ਵਿਧੀ ਵਿਧਾਨ ਹੁੰਦਾ ਕੇ ਇਹ ਅੱਧਖਿੜੇ ਫੁੱਲਾਂ ਤੇ ਕਿਸੇ ਬੰਬ ਗੋਲੀ ਦਾ ਕੋਈ ਅਸਰ ਨਾ ਹੁੰਦਾ..!
ਹਰਪ੍ਰੀਤ ਸਿੰਘ ਜਵੰਦਾ
ਹੇਠਾਂ ਬਿਰਤਾਂਤ ਵੀ ਓਹੀ ਕਹਾਣੀ ਪੇਸ਼ ਕਰ ਰਿਹਾ..
ਸਾਡੇ ਗੁਆਂਢ ਰੱਤਾ ਗੁੱਦਾ ਪਿੰਡ ਮੁਕਾਬਲਾ ਹੋ ਰਿਹਾ ਸੀ..ਗੋਲੀਆਂ ਦੀ ਵਾਛੜ ਸਾਡੇ ਪਿੰਡ ਵੀ ਆ ਰਹੀ ਸੀ। ਸਾਰੇ ਡਰ ਨਾਲ ਅੰਦਰ ਦੜੇ ਹੋਏ ਸਨ। ਅਚਾਨਕ ਇਕ ਗੋਲੀ ਇਕ ਦਲਿਤ ਪਰਿਵਾਰ ਦੇ ਵਿਹੜੇ ਵਿਚ ਖੇਡ ਰਹੇ 9 ਕੁ ਸਾਲ ਦੇ ਬੱਚੇ ਦੇ ਮੱਥੇ ਵਿਚ ਆਣ ਵੱਜੀ..ਖੋਪੜੀ ਖੁੱਲ ਗਈ।
ਪਰਿਵਾਰ ਵਿਚ ਹਾਹਾਕਾਰ ਮੱਚ ਗਈ। ਪਿੰਡ ਵਿਚ ਕੋਈ ਡਾਕਟਰ ਨਹੀਂ ਸੀ। ਨੇੜੇ ਦਾ ਹਸਪਤਾਲ ਸਰਹਾਲੀ ਕਲਾਂ ਸਾਢੇ ਕੁ ਚਾਰ ਕਿੱਲੋਮੀਟਰ ਦੂਰ।
ਬੱਚੇ ਦਾ ਪਿਤਾ ਪਿੰਡ ਮਦਦ ਲਈ ਦੌੜਿਆ। ਪਰ ਵਰ੍ਹਦੀਆਂ ਗੋਲੀਆਂ ਵਿਚ ਕੋਈ ਵੀ ਜਾਣ ਨੂੰ ਤਿਆਰ ਨਹੀਂ ਸੀ..ਅਖੀਰ ਇਕ ਟਰੈਕਟਰ ਵਾਲਾ ਮਸੀਂ ਤਿਆਰ ਹੋ ਗਿਆ ਪਰ ਪਹਿਲਾਂ ਨਾਲਦੇ ਪਿੰਡ ਗੰਡੀਵਿੰਡ ਚੌਂਕੀ ਨੂੰ ਇਤਲਾਹ ਦੇਣੀ ਸੀ। ਬੱਚੇ ਦਾ ਪਿਤਾ ਸਰਪੰਚ ਨੂੰ ਨਾਲ ਲੈ ਕੇ ਦੋ ਕਿਲੋਮੀਟਰ ਦੂਰ ਪਹਿਲੋਂ ਇਤਲਾਹ ਦੇ ਕੇ ਆਇਆ ਮਗਰੋਂ ਬੱਚੇ ਨੂੰ ਲੈ ਕੇ ਉਸਦੇ ਮਾਪੇ ਦੋ ਤਿੰਨ ਮੋਹਤਬਰਾਂ ਨਾਲ ਟਰੈਕਟਰ ਤੇ ਬੈਠ ਗਏ।
ਭਾਵੇਂ ਕਿ ਪਿੰਡ ਤੋਂ ਸਰਹਾਲੀ ਤੱਕ ਹਾਈਵੇ ਜਾਂਦਾ ਸੀ ਪਰ ਗੋਲੀਬਾਰੀ ਕਰਕੇ ਟਰੈਕਟਰ ਪਿੰਡ ਤੋਂ ਚੱਕ ਸਰਹਾਲੀ ਤੇ ਉਥੋਂ ਖਾਰੇ ਵੱਲ ਦੀ ਹੋ ਕੇ ਸਰਹਾਲੀ ਕਲਾਂ ਤੱਕ ਪਹੁੰਚਣਾ ਸੀ। ਜੋ ਕਿ 7 ਕਿਲੋਮੀਟਰ ਬਣਦਾ ਸੀ।
ਮਾਂ ਬੱਚੇ ਨੂੰ ਗੋਦੀ ਵਿਚ ਲੈ ਕੇ ਬੈਠੀ ਸੀ..ਬੱਚੇ ਦੇ ਸਿਰ ‘ਤੇ ਪਰਨਾ ਬੰਨਿਆ ਹੋਇਆ ਸੀ ਜਿਸ ਵਿਚੋਂ ਉਸਦਾ ਸਭ ਕੁਝ ਬਾਹਰ ਨਿਕਲਿਆ ਦਿਖਾਈ ਦੇ ਰਿਹਾ ਸੀ ਅਚਾਨਕ ਬੱਚੇ ਨੇ ਆਕੜ ਜਿਹੀ ਲਈ..ਮਾਂ ਵੱਲ ਵੇਖਿਆ ਤੇ ਬੋਲਿਆ “ਬੀਬੀ ਆਖ ਸਤਨਾਮ” ਤੇ ਸਦਾ ਲਈ ਅੱਖੀਆਂ ਮੀਟ ਲਈਆਂ..!
ਤਿੰਨ ਦਹਾਕੇ ਗੁਜ਼ਰ ਜਾਣ ਮਗਰੋਂ ਵੀ ਕੋਈ ਇਹ ਨਹੀਂ ਦੱਸ ਸਕਿਆ ਕਿ ਗੋਲੀ ਪੁਲਿਸ ਦੀ ਸੀ ਕੇ ਦੂਜੇ ਪਾਸਿਓਂ।
ਕਿਓਂਕਿ ਬੱਚਾ ਬਾਲਗ ਨਹੀਂ ਸੀ ਅਤੇ ਨਾ ਹੀ ਕਮਾਊ ਵਿਅਕਤੀ ਇਸ ਕਰਕੇ ਨਾ ਤਾਂ ਯੋਗ ਮੁਆਵਜ਼ਾ ਹੀ ਮਿਲਿਆ ਅਤੇ ਨਾ ਹੀ ਨੌਕਰੀ ਜਾਂ ਪੈਨਸ਼ਨ
ਹੁਣ ਵੀ ਉਸਦੀ ਬੁੱਢੜੀ ਮਾਂ ਲੋਕਾਂ ਦੇ ਘਰ ਕੰਮ ਕਰ ਕਰਨ ਜਾਂਦੀ ਹੈ ਕਈ ਵਾਰ ਭਾਰਾ ਸਮਾਨ ਵੀ ਚੁੱਕਿਆ ਹੁੰਦਾ ਹੈ ਪਰ ਮਾਪਿਆਂ ਲਈ ਬੱਚੇ ਦੀ ਲਾਸ਼ ਨਾਲੋਂ ਭਾਰਾ ਕੁਝ ਨਹੀਂ ਹੁੰਦਾ।
ਪਰਗਟ ਸਿੰਘ ਧੱਤਲ