#ਮਿੱਠੀਆਂ_ਯਾਦਾਂ_ਦੀ_ਪਿਟਾਰੀ_ਚੋ।
ਸ਼ਾਇਦ 1975 76 ਦੀ ਹੈ। ਮੈਂ ਦਸਵੀਂ ਕਰਨ ਤੋਂ ਬਾਅਦ ਗੁਰੂ ਨਾਨਕ ਕਾਲਜ ਵਿੱਚ ਪ੍ਰੈਪ ਕਮਰਸ ਵਿੱਚ ਦਾਖਿਲਾ ਲ਼ੈ ਲਿਆ। ਅਜੇ ਕਾਲਜ ਦੀਆਂ ਕਲਾਸਾਂ ਵੀ ਸ਼ੁਰੂ ਨਹੀਂ ਸੀ ਹੋਈਆਂ। ਅਸੀਂ ਪਿੰਡ ਛੱਡਕੇ ਸ਼ਹਿਰ ਆ ਗਏ ਤੇ ਕਿਸੇ ਰਿਸ਼ਤੇਦਾਰ ਦਾ ਇੱਕ ਪੁਰਾਣਾ ਬਣਿਆ ਮਕਾਨ ਖਰੀਦ ਲਿਆ ਤੇ ਉਸ ਮਕਾਨ ਦੀ ਮੁਰੰਮਤ ਕਰਵਾਉਣੀ ਸ਼ੁਰੂ ਕਰ ਦਿੱਤੀ। ਮਜ਼ਦੂਰਾਂ ਮਿਸਤਰੀਆਂ ਦੀ ਸੰਭਾਲ ਅਤੇ ਬਜ਼ਾਰੋ ਸਮਾਨ ਲਿਆਉਣ ਦਾ ਕੰਮ ਮੇਰੇ ਜਿੰਮੇ ਸੀ। ਜੋ ਮੈਂ ਸਾਰਾ ਦਿਨ ਮੋਟਰ ਸਾਈਕਲ ਤੇ ਜਾਕੇ ਨਿਪਟਾਉਂਦਾ। ਇੱਕ ਦਿਨ ਜਦੋਂ ਮੈਂ ਗਲੀ ਵਿੱਚ ਪੈਦਲ ਜਾ ਰਿਹਾ ਸੀ ਤਾਂ ਇੱਕ ਬੈਠਕ ਵਿਚੋਂ ਮੈਨੂੰ ਕਿਸੇ ਨੇ ਆਵਾਜ਼ ਮਾਰੀ। ਤੇ ਮੈਂ ਉਸ ਕੋਲ ਉਸਦੀ ਬੈਠਕ ਵਿੱਚ ਚਲਾ ਗਿਆ। ਉਹ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ। ਪਿੱਤਲ ਦੀ ਥਾਲੀ ਵਿੱਚ ਹੀ ਸਬਜ਼ੀ ਵਾਲੀ ਪਿੱਤਲ ਦੀ ਕੌਲੀ ਰੱਖੀ ਹੋਈ ਸੀ। ਮੰਜੇ ਦੀ ਦੌਣ ਵਿੱਚ ਪੀਣ ਵਾਲੇ ਪਾਣੀ ਦਾ ਗਿਲਾਸ ਫਸਾਇਆ ਹੋਇਆ ਸੀ। ਬਹੁਤ ਹੀ ਸਧਾਰਨ ਜਿਹਾ ਖਾਣਾ ਸੀ ਉਹ ਆਪਣੇ ਸਵੈ ਵਿਸ਼ਵਾਸ ਨਾਲ ਖਾ ਰਿਹਾ ਸੀ। ਪਰ ਉਸ ਸਖਸ਼ ਵਿੱਚ ਅਪਣੱਤ ਸੀ। ਉਸਨੇ ਮੈਨੂੰ ਰੋਟੀ ਦੀ ਸੁਲ੍ਹਾ ਮਾਰੀ ਤੇ ਗਿਲਾ ਵੀ ਕੀਤਾ ਕਿ ਤੂੰ ਮੋਟਰ ਸਾਈਕਲ ਤੇ ਠਾਹ ਦਿਨੇ ਕੋਲ ਦੀ ਲੰਘ ਜਾਂਦਾ ਹੈ ਤੇ ਕਿਸੇ ਨਾਲ ਕੋਈਂ ਗੱਲ ਵੀ ਨਹੀਂ ਕਰਦਾ। ਉਸਨੇ ਆਪਣਾ ਨਾਮ ਪਵਨ ਸਿੰਗਲਾ ਦੱਸਿਆ ਤੇ ਇਹ ਵੀ ਦੱਸਿਆ ਕਿ ਉਹ ਵੀ ਗੁਰੂ ਨਾਨਕ ਕਾਲਜ ਤੋਂ ਬੀ ਏ ਕਰ ਰਿਹਾ ਹੈ। ਉਸਦੀ ਇਸੇ ਅਪਣੱਤ ਤੋਂ ਸਾਡੀ ਦੋਸਤੀ ਦੀ ਸ਼ੁਰੂਆਤ ਹੋ ਗਈ। ਕਾਲਜ ਵਿੱਚ ਮੇਰੇ ਪਹਿਲੇ ਦਿਨ ਮੈਨੂੰ ਅਤੇ ਮੇਰੇ ਗੁਆਂਢੀ ਸੀਤਾ ਰਾਮ ਸਿੰਗਲਾ ਜੋ ਪ੍ਰੈਪ ਆਰਟਸ ਦਾ ਵਿਦਿਆਰਥੀ ਸੀ, ਨੂੰ ਇਸੇ Pawan Kumar ਨੇ ਕੰਟੀਨ ਚੋ ਸਮੋਸਿਆ ਨਾਲ ਚਾਹ ਪਿਲਾਈ। ਹੌਲੀ ਹੌਲੀ ਸਾਡੀ ਦੋਸਤੀ ਪੱਕੀ ਹੁੰਦੀ ਗਈ। ਕਾਲਜ ਦੇ ਦਿਨ ਜਵਾਨੀ ਦੇ ਦਿਨ ਹੁੰਦੇ ਹਨ ਤੇ ਹਰ ਨੌਜਵਾਨ ਹੀ ਜਜ਼ਬਾਤੀ ਹੁੰਦਾ ਹੈ। ਜੋ ਦੋਸਤੀ ਨੂੰ ਇੱਕ ਜਨੂੰਨ ਵਾੰਗੂ ਵਰਤਦਾ ਹੈ। ਓਹੀ ਹਾਲ ਸਾਡਾ ਸੀ। ਚੌਵੀ ਘੰਟਿਆਂ ਚੋ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ। ਸਾਡੀਆਂ ਗੱਲਾਂ ਹੀ ਨਾ ਮੁਕਦੀਆਂ। ਕਈ ਵਾਰੀ ਅਸੀਂ ਜਦੋਂ ਇਕੱਠੇ ਸੌਂਦੇ ਤਾਂ ਸਾਰੀ ਸਾਰੀ ਰਾਤ ਘੁਸਰ ਮੁਸਰ ਕਰੀ ਜਾਂਦੇ। “ਸੌ ਜੋ ਹੁਣ। ਕੀ ਗੱਲਾਂ ਕਰਦੇ ਹੋ ਜਿਹੜੀਆਂ ਮੁਕਦੀਆਂ ਹੀ ਨਹੀਂ।” ਮਾਪੇ ਸਾਨੂੰ ਟੋਕਦੇ। ਪਰ ਸਾਡੀਆਂ ਗੱਲਾਂ ਨਾ ਮੁਕਦੀਆਂ। ਇਹ ਸਿਲਸਿਲਾ ਕਈ ਸਾਲ ਚੱਲਦਾ ਰਿਹਾ। ਫਿਰ ਹੌਲੀ ਹੌਲੀ ਜਿੰਮੇਦਾਰੀਆਂ ਵੱਧ ਗਈਆਂ ਮਿਲਣਾ ਗਿਲਣਾ ਘੱਟ ਹੋ ਗਿਆ ਪਰ ਕਿਸੇ ਗੱਲੋਂ ਕੋਈਂ ਮੁਫ਼ਾਦ ਨਾ ਹੋਇਆ। ਸਮੇਂ ਦੀਆਂ ਮਜਬੂਰੀਆਂ ਨਾਲ ਦੋਸਤੀ ਵਿੱਚ ਕੋਈਂ ਫਰਕ ਨਾ ਪਿਆ। ਇੱਕ ਦੂਜੇ ਪ੍ਰਤੀ ਵਿਸ਼ਵਾਸ ਅੱਜ ਵੀ ਕਾਇਮ ਹੈ। ਸਾਡੇ ਵਿਆਹ ਹੋ ਗਏ। ਫਿਰ ਇੱਕ ਦੂਜੇ ਦੇ ਬੱਚੇ ਸਹਿਪਾਠੀ ਬਣੇ ਦੋਸਤ ਬਣੇ। ਪਵਨ ਦਾ ਘਰ ਤੋਂ ਬਾਹਰ ਜਾਣ ਵੇਲੇ ਸਪੈਸ਼ਲੀ ਆਪਣੇ ਵਾਲਾਂ ਨੂੰ ਕੰਘੀ ਕਰਨਾ ਤੇ ਜਾਣ ਤੋਂ ਪਹਿਲਾਂ ਮੂਤਰ ਵਿਸਜਨ ਕਰਨਾ ਇਸ ਦੀਆਂ ਚੰਗੀਆਂ ਆਦਤਾਂ ਵਿੱਚ ਸ਼ੁਮਾਰ ਹੈ। ਪਵਨ ਹਮੇਸ਼ਾ ਸਮਾਜ ਪ੍ਰਤੀ ਚੇਤਨ ਤੇ ਜਾਗਰੂਕ ਰਵਈਆ ਰੱਖਦਾ ਹੈ। ਸਾਡੇ ਪਿਛਲੇ ਪੰਤਾਲੀ ਛਿਆਲੀ ਸਾਲ ਪੁਰਾਣੇ ਸਬੰਧ ਉਸ ਤਰਾਂ ਹੀ ਕਾਇਮ ਹਨ। ਬਹੁਤੇ ਵਾਰੀ ਕਈ ਕਈ ਹਫਤੇ ਗੱਲ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਦੋਸਤੀ ਸ਼ਬਦ ਦੀ ਲਾਜ ਮਨ ਵਿੱਚ ਹੁੰਗਾਰੇ ਭਰਦੀ ਰਹਿੰਦੀ ਹੈ। ਅਸੀਂ ਦੋਨੇ ਜਿੰਦਗੀ ਦੇ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਪੂਰਾ ਕਰ ਚੁੱਕੇ ਹਾਂ। ਆਪਣੇ ਤਜੁਰਬੇ ਅਨੁਸਾਰ ਚੰਗੇ ਮੰਦੇ ਦੀ ਪਹਿਚਾਣ ਕਰਨਾ ਵੀ ਜਾਣਦੇ ਹਾਂ। ਮੰਦੇ ਦਿਨ ਵੀ ਵੇਖੇ ਹਨ ਤੇ ਚੰਗੇ ਵੀ। ਮਾਂ ਬਾਪ ਦਾ ਪਿਆਰ ਵੀ ਵੇਖਿਆ ਹੈ ਤੇ ਮਾਂ ਬਾਪ ਬਣਕੇ ਪਿਆਰ ਵੀ ਦਿੱਤਾ ਹੈ। ਸ਼ਾਇਦ ਇਸੇ ਦਾ ਨਾਮ ਜਿੰਦਗੀ ਹੈ। ਇਹ ਮਿੱਠੀਆਂ ਯਾਦਾਂ ਹੀ ਜਿੰਦਗੀ ਦਾ ਅਸਲ ਸਰਮਾਇਆ ਹਨ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ