“ਬੇਟਾ ਕਿੰਨਾ ਪੜ੍ਹੇ ਹੋ ਤੁਸੀਂ।” ਕਰਵਾ ਚੋਥ ਤੇ ਬੇਟੀ ਦੇ ਮਹਿੰਦੀ ਲਾਉਣ ਆਈਆਂ ਪੂਜਾ ਤੇ ਮਮਤਾ ਨੂੰ ਮੈਂ ਪੁੱਛਿਆ।
“ਐਂਕਲ ਮੈਂ ਪਲੱਸ ਟੂ ਕੀਤੀ ਹੈ ਤੇ ਇਹ ਪ੍ਰਾਈਵੇਟ ਬੀਏ ਵੀ ਕਰ ਰਹੀ ਹੈ।” ਆਪਣੇ ਕੰਮ ਵਿਚ ਮਗਨ ਪੂਨਮ ਨੇ ਆਖਿਆ।
“ਬੇਟਾ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ। ਤੇ ਤੁਸੀਂ ਇਹ ਕੰਮ ਕਿਥੋਂ ਸਿੱਖਿਆ ਤੁਸੀਂ।” ਉਹਨਾਂ ਦੇ ਕੰਮ ਦੀ ਨਿਪੁੰਨਤਾ ਦੇਖਕੇ ਪੁੱਛੇ ਬਿਨਾਂ ਮੈਂ ਰਹਿ ਨਹੀਂ ਸਕਿਆ।
“ਐਂਕਲ ਅਸੀਂ ਕੁਝ ਸਮਾਂ ਕਿਸੇ ਬਿਊਟੀ ਪਾਰਲਰ ਤੇ ਲਾਇਆ ਤੇ ਓਥੋਂ ਕਾਫੀ ਕੰਮ ਸਿੱਖਿਆ ਤੇ ਬਾਕੀ ਤਜੁਰਬੇ ਨਾਲ਼ ਇਸ ਕੰਮ ਵਿਚ ਮੁਹਾਰਤ ਹਾਸਿਲ ਕਰ ਲਈ।” ਉਸਨੇ ਆਪਣੇ ਅਤੇ ਆਪਣੇ ਕੰਮ ਬਾਰੇ ਵਿਸਥਾਰ ਨਾਲ ਦੱਸਿਆ। ਇਹ ਦੋਵੇਂ ਭੈਣਾਂ ਅਗਲੇ ਦੇ ਘਰੇ ਜਾਕੇ ਇਹ ਸੇਵਾ ਦਿੰਦੀਆਂ ਹਨ। ਜਿਸ ਨਾਲ ਸਬੰਧਿਤ ਔਰਤ ਯ ਲੜਕੀ ਨੂੰ ਬਾਜ਼ਾਰ ਨਹੀਂ ਜਾਣਾ ਪੈਂਦਾ। ਚੰਗੇ ਚੰਗੇ ਘਰਾਂ ਦੀਆਂ ਔਰਤਾਂ ਤੇ ਲੜਕੀਆਂ ਖਾਸਕਰ ਨੌਕਰੀ ਕਰਦੀਆਂ ਲੇਡੀਜ਼ ਇਹਨਾਂ ਦੀਆਂ ਪੱਕੀਆਂ ਗ੍ਰਾਹਕ ਹਨ। ਲੋੜਵੰਦ ਤੇ ਮੇਹਨਤੀ ਪਰਿਵਾਰ ਨਾਲ ਸਬੰਧਿਤ ਪੂਨਮ ਤੇ ਮਮਤਾ ਜਿੱਥੇ ਘਰ ਚਲਾਉਣ ਵਿਚ ਆਪਣੇ ਮਾਪਿਆਂ ਦੀ ਸਹਾਇਤਾ ਕਰਦੀਆਂ ਹਨ ਉੱਥੇ ਆਪਣੇ ਪੜ੍ਹਾਈ ਵਗੈਰਾ ਦੇ ਖਰਚੇ ਪੂਰੇ ਵੀ ਕਰਦੀਆਂ ਹਨ। ਆਪਣੀ ਮਿਹਨਤ ਅਤੇ ਹੁਨਰ ਨਾਲ ਕੀਤੀ ਕਮਾਈ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਹੈ। ਇਹਨਾਂ ਲੜਕੀਆਂ ਨੇ ਆਪਣੇ ਹੁਨਰ ਨੂੰ ਆਪਣਾ ਰੋਜਗਾਰ ਬਣਾਕੇ ਸਿੱਧ ਕਰ ਦਿੱਤਾ ਕਿ ਬੇਟੀਆਂ ਮਾਪਿਆਂ ਤੇ ਬੋਝ ਨਹੀਂ ਹੁੰਦੀਆਂ।
ਇਮਾਨਦਾਰੀ ਤੇ ਸੱਚੀ ਲਗਨ ਨਾਲ਼ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਜੇ ਕੋਈ ਦਿਲ ਲਾਕੇ ਕਰੇ ਤਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ