ਅੱਸੀ ਦੇ ਦਹਾਕੇ ਦੀ ਗੱਲ ਹੈ ਮੇਰੀ ਪੰਜਾਬ ਵਿੱਚ ਕੈਮਿਸਟ ਸ਼ਾਪ ਹੁੰਦੀ ਸੀ । ਪਿੰਡਾਂ ਵਿੱਚ ਕੈਮਿਸਟ ਨੂੰ ਨਾਂ ਚਾਹੁੰਦਿਆਂ ਵੀ ਡਾਕਟਰ ਦਾ ਰੋਲ ਅਦਾ ਕਰਨਾ ਪੈਂਦਾ ਹੈ , ਮੇਰੇ ਕੋਲ ਸਾਡੇ ਨਾਲ ਦੇ ਪਿੰਡ ਦਾ ਕੋਈ ਮਰੀਜ਼ ਦਵਾਈ ਲੈਣ ਆਇਆ ਉਹ ਅਜੇ ਦੁਕਾਨ ਦੇ ਅੰਦਰ ਵੜਿਆ ਹੀ ਸੀ ਕਿ ਮੀਂਹ ਪੈਣ ਲੱਗ ਪਿਆ । ਮੈਨੂੰ ਪਤਾ ਸੀ ਕਿ ਉਹ ਜਰਮਨ ਤੋਂ ਆਇਆ ਸੀ , ਮੀਂਹ ਕਾਰਣ ਅਸੀਂ ਦੋਨੋ ਵਿਹਲੇ ਗੱਲਾਂ ਕਰਨ ਲੱਗ ਪਏ । ਮੈਂ ਉਦੋਂ ਤੱਕ ਅਜੇ ਵਿਦੇਸ਼ ਨਹੀ ਗਿਆ ਸੀ ਇਸ ਲਈ ਉਸਨੂੰ ਦੋਹਾਂ ਮੁਲਕਾਂ ਦਾ ਫ਼ਰਕ ਪੁੱਛਿਆ ਤਾਂ ਉਸਨੇ ਚੰਦ ਲਫਜ਼ਾਂ ਵਿਚ ਜਵਾਬ ਦੇ ਦਿੱਤਾ , ਕਹਿੰਦਾ “ ਇੱਥੇ ਮੱਝ ਲੱਤ ਮਾਰ ਜਾਂਦੀ ਹੈ , ਉਥੇ ਮੱਝ ਲੱਤ ਨਹੀ ਮਾਰਦੀ ।”
ਮੈਂ ਜਵਾਬ ਸੁਣ ਕੇ ਬੜਾ ਹੈਰਾਨ ਹੋਇਆ ਤੇ ਉਸਨੂੰ ਕਿਹਾ ਕਿ ਭਰਾਵਾ ਮੈਨੂੰ ਸਮਝ ਨਹੀ ਲੱਗੀ । ਦੁਬਾਰਾ ਪੁੱਛਣ ਤੇ ਕਹਿਣ ਲੱਗਾ “ ਅੱਜ ਸਵੇਰੇ ਭਾਪੇ ਨੇ ਤੜਕੇ ਪੰਜ ਛੇ ਵਜੇ ਉਠਾ ਕੇ ਪੱਠੇ ਲੈਣ ਭੇਜ ਦਿੱਤਾ , ਚਰੀ ਵਾਲੇ ਖੇਤ ਵਿੱਚ ਥੋੜਾ ਨੀਵਾਂ ਹੋਣ ਕਰਕੇ ਪਰਸੋਂ ਵਾਲੇ ਮੀਂਹ ਕਾਰਨ ਫੁੱਟ ਫੁੱਟ ਪਾਣੀ ਖੜਾ ਸੀ । ਉੱਤੋਂ ਅਗਸਤ ਦਾ ਮਹੀਨਾ , ਪੱਠਿਆਂ ਦੀ ਪੰਡ ਚੁੱਕ ਘਰ ਪਹੁੰਚਦਿਆਂ ਤੱਕ ਪਸੀਨੇ ਤੇ ਪੱਠਿਆਂ ਵਿਚਲੇ ਪਾਣੀ ਨਾਲ ਨਹਾ ਚੁੱਕਾ ਸੀ । ਮੋਟਰ ਚਲਾ ਕੇ ਪੁੱਠੇ ਕੁਤਰਨ ਲੱਗਾ ਤਾਂ ਬਿਜਲੀ ਨਹੀ ਸੀ , ਟੋਕਾ ਗੇੜ ਕੇ ਪੱਠੇ ਕੁਤਰੇ । ਮੱਝ ਨੂੰ ਪਾਣੀ ਪਿਆ ਕੇ ਪੱਠੇ ਪਾਏ ਤੇ ਪੱਠਿਆਂ ਤੇ ਧੂੜਾ ਪਾ ਕੇ ਕੱਟਾ ਛੱਡਿਆ ਤੇ ਮੱਝ ਲੱਤ ਮਾਰ ਗਈ , ਜੇ ਮੈਂ ਜਰਮਨ ਵਿਚ ਹੁੰਦਾ ਤਾਂ ਮੱਝ ਨੇ ਲੱਤ ਨਹੀ ਸੀ ਮਾਰਨੀ ਮੈਨੂੰ ਤਿੰਨ ਘੰਟਿਆਂ ਦੀ ਤਨਖਾਹ ਮਿਲ ਜਾਣੀ ਸੀ ।”
ਏਨੀ ਦੇਰ ਵਿੱਚ ਮੀਂਹ ਬੰਦ ਹੋ ਗਿਆ ਤੇ ਉਸਨੇ ਦਵਾਈ ਦੇ ਪੈਸੇ ਦਿੱਤੇ ਤੇ ਚਲਾ ਗਿਆ , ਮੈਂ ਸੋਚ ਰਿਹਾ ਸੀ ਕਿੰਨੇ ਵਧੀਆ ਤਰੀਕੇ ਨਾਲ ਸਮਝਾਇਆ ।