ਉਹ ਕਲ੍ਹ ਦਾ ਸੁਹਰੇ ਘਰ ਆਇਆ ਹੋਇਆ ਸੀ। ਇਕੱਲਾ ਇਕੱਲਾ ਜਵਾਈ ਸੀ ਉਹ ਉਸ ਘਰ ਦਾ।ਚਾਰ ਸਾਲੇ ਸਨ ਉਸਦੇ ਤੇ ਸਾਲੀ ਕੋਈ ਨਹੀ ਸੀ। ਸੋ ਸੇਵਾ ਸੰਭਾਲ ਤੇ ਰੋਟੀ ਪਾਣੀ ਖਵਾਉਣ ਦਾ ਜੁੰਮਾਂ ਸਾਲਿਆਂ ਦੇ ਸਿਰ ਤੇ ਹੀ ਸੀ। ਉਸ ਨੂੰ ਰੋਟੀ ਖਵਾਉਣ ਵੇਲੇ ਚਾਰੇ ਸਾਲੇ ਪੂਰੀ ਭੱਜ ਨੱਠ ਕਰਦੇ। ਪਰ ਨਾਲ ਕੋਈ ਨਾ ਬੈਠਦਾ ਰੋਟੀ ਖਾਣ। ਚਾਰੇ ਇੱਕ ਦੂਜੇ ਨੂੰ ਨਾਲ ਬੈਠਣ ਲਈ ਜੋਰ ਲਾਉਂਦੇ ਰਹਿੰਦੇ।ਤੇ ਉਹ ਇਕੱਲਾ ਹੀ ਰੋਟੀ ਖਾ ਲੈਂਦਾ। ਪਰ ਇਸਨੂੰ ਉਹ ਆਪਣੀ ਹੱਤਕ ਜਿਹੀ ਸਮਝਦਾ। ਉਹ ਚੁੱਪ ਰਿਹਾ।ਸਾਲੇ ਦੇ ਵਿਆਹ ਤੇ ਆਏ ਨੂੰ ਉਸ ਦਾ ਹੁਣ ਤੀਜਾ ਡੰਗ ਸੀ।
‘‘ਇਹ ਮੇਰੇ ਨਾਲ ਰੋਟੀ ਖਾਣ ਤੋਂ ਇੰਨਾ ਟਾਲਾ ਕਿਉਂ ਵੱਟਦੇ ਹਨ?” ਉਸ ਨੇ ਆਪਣੀ ਘਰਆਲੀ ਨੂੰ ਪ੍ੋਛਿਆ।ਪਹਿਲਾਂ ਤਾਂ ਉਹ ਚੁੱਪ ਰਹੀ।ਫਿਰ ਉਹ ਬੋਲੀ। ‘‘ਨਾ ਤੁਸੀ ਸ਼ਰਾਬ ਪੀਂਦੇ ਹੋ ਤੇ ਨਾ ਹੀ ਕੋਈ ਮਾਸ ਅੰਡਾ ਖਾਂਦੇ ਹੋ। ਉਹਨਾਂ ਦੇ ਇਹ ਸੌਂਕ ਹਨ। ਤੁਹਾਡੇ ਨਾਲ ਰੋਟੀ ਖਾ ਕੇ ਉਹ ਇਹਨਾਂ ਖਾਣਿਆਂ ਤੋ ਵਾਂਝੇ ਰਹਿ ਜਾਂਦੇ ਹਨ ਇਸ ਲਈ ਹੀ ਉਹ ਤੁਹਾਡੇ ਨਾਲ ਰੋਟੀ ਖਾਣ ਤੋਂ ਪਾਸਾ ਵੱਟਦੇ ਹਨ।” ‘‘ਅੱਛਾ ਇਹ ਗੱਲ ਹੈ।” ਤੇ ਹੁਣ ਉਹ ਦੁਚਿੱਤੀ ਵਿੱਚ ਸੀ ਕਿ ਵੈਸ਼ਣੂ ਉਹ ਹੈ ਜਾਂ ਉਸ ਦੇ ਸਾਲੇ।
#ਰਮੇਸਸੇਠੀਬਾਦਲ