ਥੋੜੇ ਦਿਨ ਪਹਿਲਾਂ ਸਾਡੇ ਬਿਰਧ ਆਸ਼ਰਮ ਦੇ ਵਿੱਚ ਇੱਕ ਜੋੜਾ ਆਇਆ. ਪਤਨੀ ਮਾਨਸਿਕ ਸੰਤੁਲਨ ਖੋਹ ਬੈਠੀ ਸੀ ਅਤੇ ਪਤੀ ਨੇ ਵੀ ਉਹਦੇ ਨਾਲ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ. ਉਹ ਆਪ ਵੀ ਕੈਂਸਰ ਦਾ ਮਰੀਜ਼ ਹੋਣ ਕਰਕੇ ਉਹਨੇ ਸੋਚਿਆ ਕਿ ਕਿੱਥੇ ਘਰ ਤੋਂ ਬਿਰਧ ਆਸ਼ਰਮ ਦੇ ਗੇੜੇ ਲਾਉਂਦਾ ਫਿਰਗਾ ਇਹਦੇ ਨਾਲੋਂ ਵਧੀਆ ਹੈ ਕਿ ਉਹ ਇਕੱਠੇ ਰਹਿ ਲੈਣ. ਪਰ ਇੱਕ ਮਾਨਸਿਕ ਤੌਰ ਤੇ ਬਿਲਕੁਲ ਸਹੀ ਬੰਦੇ ਵੱਲੋਂ ਉਸ ਮੰਜ਼ਿਲ ਤੇ ਰਹਿਣਾ ਇੱਕ ਤਸ਼ੱਦਦ ਨਾਲੋਂ ਘੱਟ ਨਹੀਂ ਹੁੰਦਾ. ਇੱਕ ਆਮ ਬੰਦਾ ਇੱਕ ਸਹੀ ਸਲਾਮਤ ਬੰਦਾ ਉਨਾ ਲੋਕਾਂ ਨੂੰ ਨਹੀਂ ਝੱਲ ਸਕਦਾ. ਇੱਕ ਦਿਨ ਉਹ ਆਦਮੀ ਸਾਡੇ ਫਲੋਰ ਤੇ ਆਇਆ ਮੈਂ ਪਹਿਲੀ ਮੰਜ਼ਿਲ ਤੇ ਕੰਮ ਕਰਦੀ ਹਾਂ, ਤੇ ਸਾਨੂੰ ਲੱਗਿਆ ਕਿ ਸ਼ਾਇਦ ਕਿਸੇ ਦਾ ਕੋਈ ਫੈਮਲੀ ਮੈਂਬਰ ਹੈ ਤੇ ਅਸੀਂ ਪੁੱਛਿਆ ਕਿ ਅਸੀਂ ਕੀ ਕਰ ਸਕਦੇ ਹੋ ਕਹਿੰਦਾ ਕਿਉਂ ਨਰਸ ਨੂੰ ਦੇਖਣ ਆਇਆ ਹੈ. ਤੇ ਬਾਅਦ ਦੇ ਵਿੱਚ ਸਾਨੂੰ ਨਰਸ ਤੋਂ ਪਤਾ ਲੱਗ ਗਿਆ ਕਿ ਦੂਸਰੀ ਮੰਜ਼ਿਲ ਤੇ ਇਹ ਬਜ਼ੁਰਗ ਜੋੜਾ ਰਹਿੰਦਾ ਹੈ ਤੇ ਉਹ ਆਪਣੀ ਪਤਨੀ ਬਾਰੇ ਕੋਈ ਗੱਲ ਕਰਨ ਆਇਆ ਸੀ.
ਇਸ ਬੰਦੇ ਦੇ ਸ਼ਕਲੋਂ ਸੂਰਤ ਦੇ ਉੱਤੇ ਇਹਦੀਆਂ ਤਿਉੜੀਆਂ ਬਹੁਤ ਗਹਿਰੀਆਂ ਹੋ ਚੁੱਕੀਆਂ ਸਨ ਤੇ ਇਹਦਾ ਇਨਾ ਮਾਯੂਸੀ ਵਾਲਾ ਚਿਹਰਾ ਹੈ ਕਿ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਜੇ ਤੁਸੀਂ ਇਹਦੇ ਨਾਲ ਕੋਈ ਗੱਲ ਵੀ ਸ਼ੁਰੂ ਕੀਤੀ ਤਾਂ ਇਹ ਫੁਟ ਕੇ ਰੋਣ ਲੱਗ ਜਾਏਗਾ. ਬਹੁਤ ਹੀ ਦੁਖੀ ਬਹੁਤ ਹੀ ਮਾਯੂਸ, ਬਹੁਤ ਹੀ ਲਾਚਾਰ ਦਿਖਣ ਵਾਲਾ ਬਜ਼ੁਰਗ ਆਦਮੀ ਹੈ ਇਹ. ਜਦੋਂ ਇਹ ਥੱਲੇ ਆ ਕੇ ਆਰਾਮ ਕਰਨ ਲੱਗ ਗਿਆ ਤਾਂ ਮੈਂ ਉਹਨੂੰ ਪੁੱਛਿਆ ਕਿ ਵੀ ਮੈਂ ਤੇਰੇ ਲਈ ਕੀ ਕਰ ਸਕਦੀ ਹਾਂ. ਕਹਿੰਦਾ ਕਿ ਮੈਤੋਂ ਉਪਰ ਝੱਲਿਆ ਨਹੀਂ ਜਾਂਦਾ ਇਸ ਕਰਕੇ ਮੈਂ ਥੱਲੇ ਥੋੜੇ ਜਿਹੇ ਸ਼ਾਂਤੀ ਦੇ ਪਲ ਲੈਣ ਆਇਆ.
ਹੁਣ ਇਹ ਅਕਸਰ ਹੀ ਮੈਨੂੰ ਥੱਲੇ ਸੋਫਿਆਂ ਤੇ ਬੈਠਾ ਮਿਲ ਜਾਂਦਾ ਹੈ ਤੇ ਮੈਂ ਇਹਨੂੰ ਹਾਏ ਹੈਲੋ ਕਰਕੇ ਲੰਘ ਜਾਂਦੀ ਹਾਂ. ਪਤਾ ਨਹੀਂ ਤਾਂ ਜਿਸ ਦਿਨ ਮੈਂ ਕੰਮ ਕਰਦੀ ਹੁੰਦੀ ਆਂ ਉਸ ਦਿਨ ਇਹ ਬਜ਼ੁਰਗ ਥੱਲੇ ਬੈਠਾ ਹੁੰਦਾ ਹੈ ਪਤਾ ਨਹੀਂ ਜਿਸ ਦਿਨ ਇਹ ਥੱਲੇ ਬੈਠਾ ਹੁੰਦਾ ਉਸ ਦਿਨ ਮੈਂ ਇਹਦੇ ਕੋਲ ਦੀ ਲੰਘ ਜਾਦੀ ਆ, ਪਰ ਇਸ ਨੂੰ ਲੱਗਿਆ ਕਿ ਸ਼ਾਇਦ ਮੈਂ ਰੋਜ਼ ਹੀ ਕੰਮ ਕਰਦੀ ਹਾਂ. ਇੱਕ ਦਿਨ ਇਹਨੇ ਹੱਥ ਦਾ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ ਬੁਲਾਇਆ. ਮੈਂ ਕਿਹਾ ਦੱਸ ਕੀ ਕਰ ਸਕਦੀ ਆਂ? ਉਹ ਕਹਿੰਦਾ ਕਿ ਮੈਂ ਤੈਨੂੰ ਸਿਰਫ ਇੱਕ ਇਨਾ ਮੈਸੇਜ ਦੇਣਾ ਚਾਹੁੰਦਾ ਆ ਕਿ ਤੂੰ ਜ਼ਿੰਦਗੀ ਵਿੱਚ ਜੋ ਵੀ ਕੁਝ ਕਰਨਾ ਚਾਹੁੰਦੀ ਆ ਉਹ ਹੁਣ ਕਰ ਲਾ.
ਇਹਨੇ ਵੀ ਬਿਲਕੁਲ ਮਾਈਕਲ ਵਾਲੀ ਗੱਲ ਕਹੀ…..ਕੋਈ ਵੀ ਇੱਛਾ ਨੂੰ ਬੁਢਾਪੇ ਤੱਕ ਜਿਓਂਦੀ ਨਾ ਰੱਖੀ. ਆਪਣੇ ਮਨ ਦੀਆਂ ਬਸ ਹੁਣ ਕਰ ਲੈ ਜੋ ਹੈ ਸੋ ਅੱਜ ਹੈ.
ਹੁਣ ਮੈਂ ਪੈਰਾਂ ਭਾਰ ਇਹਦੇ ਕੋਲ ਬੈਠ ਗਈ ਤਾਂ ਕਿ ਮੈਂ ਇਹਦੀਆਂ ਅੱਖਾਂ ਵਿੱਚ ਦੇਖ ਸਕਾਂ. ਮੈਂ ਕਿਹਾ ਕਿ ਤੈਨੂੰ ਇਦਾਂ ਕਿਉਂ ਲੱਗਦਾ ਆ ਕਿ ਮੈਂ ਬਹੁਤ ਕੰਮ ਕਰਦੀ ਆਂ. ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੇ ਕੰਮ ਦੇ ਨਾਲ ਨਾਲ ਆਪਣੀਆਂ ਇੱਛਾਵਾਂ ਨੂੰ ਆਪਣੇ ਸ਼ੌਂਕਾਂ ਨੂੰ ਵੀ ਪੂਰੇ ਕਰ ਸਕਾਂ. ਅਤੇ ਮੈਨੂੰ ਇੱਥੇ ਕੰਮ ਕਰਨਾ ਵਧੀਆ ਲੱਗਦਾ ਹੈ
ਇੱਕ ਬੰਦਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੀ ਕਰੇ. ਅੱਗ ਲੱਗਣੇ ਸਾਰੇ ਕੰਮ ਜਵਾਨੀ ਪਹਿਰੇ ਹੀ ਬੰਦੇ ਨੇ ਪੂਰੇ ਕਰਨੇ ਹਨ. ਪੜ੍ਹਾਈ ਵੀ ਪੂਰੀ ਕਰਨੀ ਹੈ,ਚੰਗੀ ਨੌਕਰੀ ਤੇ ਵੀ ਲੱਗਣਾ ਹੈ, ਵਿਆਹ ਵੀ ਕਰਾਉਣਾ ਹੈ, ਬੱਚੇ ਵੀ ਜੰਮਣੇ ਹਨ, ਬੱਚੇ ਪੜਾਉਣੇ ਲਿਖਾਉਣੇ ਅਤੇ ਵੱਡੇ ਕਰਨੇ ਵੀ ਹਨ, ਘਰ ਬਾਰ ਵੀ ਬਣਾਉਣੇ ਹਨ, ਘੁੰਮਣਾ ਫਿਰਨਾ ਵੀ ਹੈ.
ਰੱਬ ਨੇ ਇਦਾਂ ਦਾ ਕਿਉਂ ਸਾਡੀ ਜ਼ਿੰਦਗੀ ਦਾ ਚੱਕਰ ਬਣਾਇਆ ਹੈ ਕਿ ਬਚਪਨ ਸਾਡਾ ਬੇਪਰਵਾਹੀ ਚ ਨਿਕਲ ਜਾਂਦਾ ਹੈ ਜਵਾਨੀ ਜਾਂ ਅੱਧ ਖੜ ਉਮਰ ਸਾਡੀ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਕਰਨ ਚ ਨਿਕਲ ਜਾਂਦੀ ਹੈ ਤੇ ਫਿਰ ਬੁਢਾਪੇ ਵਿੱਚ ਅਸੀਂ ਬਿਲਕੁਲ ਵਿਹਲੇ ਹੋ ਕੇ ਬੈਠ ਜਾਦੇ ਆਂ. ਕਦੇ ਕਦੇ ਮੈਨੂੰ ਇਹ ਲੱਗਦਾ ਹੈ ਕਿ ਜਦ ਰੱਬ ਨੂੰ ਹੀ ਆਪਣੇ ਕੰਮਾਂ ਦੇ ਵਿੱਚ ਬੈਲਂਸ ਨਹੀਂ ਰੱਖਣਾ ਆਇਆ, ਸੰਤੁਲਨ ਨਹੀਂ ਰੱਖਣਾ ਆਇਆ ਤਾਂ ਅਸੀਂ ਉਹਦੇ ਬਣਾਏ ਹੋਏ ਬੰਦੇ ਕੀ ਚੀਜ਼ ਆ? ਸਾਡੇ ਤੋਂ ਤਾਂ ਫਿਰ ਕੋਈ ਆਸ ਰੱਖੀ ਹੀ ਨਹੀਂ ਜਾ ਸਕਦੀ ਨਾ?
ਪੁਨੀਤ ਕੌਰ
ਕੈਲਗਰੀ