ਸਾਡੇ ਪਿੰਡੋ ਮੇਰਾ ਤਾਇਆ ਲਗਦਾ ਸਾਡਾ ਗੁਆਂਡੀ ਆਇਆ ਇੱਕ ਦਿਨ ਸਾਡੇ ਘਰ ਮੰਡੀ ਆਇਆ। ਅਸੀਂ ਓਦੋ ਅਜੇ ਨਵੇ ਨਵੇ ਸ਼ਹਿਰ ਸ਼ਿਫਟ ਹੋਏ ਸੀ। ਤਾਏ ਤੇ ਮੋਹ ਜਿਹਾ ਵੀ ਬਾਹਲਾ ਆਉਂਦਾ ਸੀ। ਸੋ ਤਾਏ ਲਈ ਰੋਟੀ ਬਣਾਈ ਗਈ। ਸਬਜੀ ਤੇ ਰਾਇਤੇ ਵਾਲੀਆਂ ਛੋਟੀਆਂ ਕਟੋਰੀਆਂ ਵੇਖਕੇ ਤਾਇਆ ਕਹਿੰਦਾ ਭਤੀਜ ਸ਼ਬਜੀ ਵਾਸਤੇ ਵੱਡੀ ਬਾਟੀ ਲਿਆ। ਇਹਨਾ ਚ ਮੈਥੋਂ ਨਹੀ ਬੁਰਕੀ ਵੱਜਣੀ। ਖੈਰ ਮਾਤਾ ਦੇ ਪੱਕੇ ਛੋਟੇ ਛੋਟੇ ਫੁਲਕੇ ਤਾਈ ਦੀਆਂ ਦੋ ਗਰਾਹੀਆਂ ਬਣਿਆ ਕਰਨ। ਤੇ ਮੇਰੇ ਗੇੜੇ ਤੇ ਗੇੜਾ ਵੱਜੇ। ਇੱਕ ਫੁਲਕਾ ਰੱਖਕੇ ਜਾਵਾਂ ਆਉਂਦੇ ਨੂੰ ਪਲੇਟ ਖਾਲੀ ਦੀ ਖਾਲੀ।
“ਤੇਰੇ ਤਾਏ ਨੂੰ ਸਲਾਦ ਲਿਆ ਦੇ ਪੁੱਤ।” ਕੋਲ ਬੈਠੇ ਮੇਰੇ ਪਾਪਾ ਜੀ ਨੇ ਕਿਹਾ।
ਮੈ ਇੱਕ ਪਲੇਟ ਵਿਚ ਇੱਕ ਰੁਪਏ ਦੇ ਸਿੱਕੇ ਜਿਡੇ ਚਾਰ ਕੁ ਟੁਕੜੇ ਮੂਲੀ ਦੇ , ਚਾਰ ਕੁ ਪਿਆਜ਼ ਦੇ ਤੇ ਚਾਰ ਕੁ ਟੁਕੜੇ ਟਮਾਟਰ ਦੇ ਰੱਖਕੇ ਪਲੇਟ ਸਜਾ ਦਿੱਤੀ। ਤਾਇਆ ਰੋਟੀ ਖਾਕੇ ਅਜੇ ਵੀ ਬੈਠਾ ਹੀ ਸੀ। ਕਹਿੰਦਾ ਲਿਆ ਭਤੀਜ ਤੇਰਾ ਸਲਾਦ ਸਲੂਦ।
ਮਖਿਆ ਤਾਇਆ ਤੁਸੀਂ ਆਹ ਖਾ ਤਾਂ ਲਿਆ ਸਲਾਦ, ਪਲੇਟ ਭਰਕੇ।
ਕਹਿੰਦਾ ਜਾ ਓਏ ਤੇਰੇ ਵੱਡਿਆ ਸਲਾਦ ਦਿਆ। ਮੈ ਤਾਂ ਸੋਚਿਆ ਸੀ ਕਿਤੇ ਹਲਵੇ ਵਰਗੀ ਮਿੱਠੀ ਚੀਜ਼ ਹੋਊਗੀ ਸਲਾਦ। ਮੈ ਤਾਂ ਡੀਕੀ ਜਾਂਦਾ ਸੀ। ਆਹ ਸੀ ਤੇਰਾ ਸਲਾਦ। ਇਹ ਤਾਂ ਖੇਤ ਗਏ ਅਸੀਂ ਚਾਰ ਪੰਜ ਮੂਲੀਆਂ ਸਬੂਤੀਆਂ ਹੀ ਖਾ ਜਾਂਦੇ ਹਾਂ ਤੇ ਤਿੰਨ ਚਾਰ ਗੰਡੇ ਰੋਟੀ ਨਾਲ ਮੁੱਕੀ ਨਾਲ ਭੰਨਕੇ ਖਾਈਦੇ ਹਨ ਤੇ ਟਮਾਟਰ ਟਮੁਤਰ ਵੀ। ਯਦਾ ਆਇਆ ਸਲਾਦ ਦਾ। ਕਹਿਕੇ ਤਾਏ ਨੇ ਬਾਟੀ ਵਿੱਚ ਹੱਥ ਧੋਕੇ ਕੁਰਲੀ ਓਹ ਮਾਰੀ ਕੰਧ ਨਾਲ। ਗੁੱਸੇ ਨਾਲ ਕਹਿੰਦਾ ਗੁੜ ਦੀ ਡਲੀ ਹੈਕੇ ਓਹ ਵੀ ਹੁਣ ਆੜਤੀਆਂ ਦੇ ਜਾਕੇ ਖਾਣੀ ਪਾਉ। ਤੇ ਤਾਇਆ ਵੱਡੀ ਸਾਰੀ ਗੁੜ ਦੀ ਡਲੀ ਖਾਕੇ ਵੀ ਮੈਨੂੰ ਅਸੰਤੁਸ਼ਟ ਜਿਹਾ ਲੱਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ