1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੋ ਸਾਲਾ ਗੁਰਪੁਰਵ ਸਾਡੇ ਸਕੂਲ ਵਿਚ ਮਨਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚਲ ਰਹੀਆਂ ਸਨ। ਸਕੂਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਤੇ ਪਿੰਡ ਵਿਚ ਨਗਰ ਕੀਰਤਨ ਦਾ ਪ੍ਰੋਗ੍ਰਾਮ ਵੀ ਉਲੀਕਿਆ ਗਿਆ ਸੀ। ਸਾਰੇ ਕੰਮ ਦੀ ਨਿਗਰਾਨੀ ਹੈਡ ਮਾਸਟਰ ਗੁਰਚਰਨ ਸਿੰਘ ਮੁਸਾਫ਼ਿਰ ਕਰ ਰਹੇ ਸਨ। ਮਾਸਟਰ ਬੰਤਾ ਸਿੰਘ , ਮਨੋਹਰ ਲਾਲ ਕਾਮਰਾ ਕਰਤਾਰ ਸਿੰਘ ਜੀਤ ਕੋਰ ਭੈਣ ਜੀ ਤੇ ਬਾਕੀ ਸਟਾਫ਼ ਵੀ ਦਿਨ ਰਾਤ ਇੱਕ ਕਰੀ ਬੈਠਾ ਸੀ। ਨਵੀਆਂ ਚਾਦਰਾਂ , ਤੇ ਗਦੇਲੇ ਮੈਥੋਂ ਮੰਗਵਾਏ ਗਏ। ਤੇ ਹੋਰ ਵੀ ਨਿੱਕ ਸੁੱਕ ਦੀ ਜਿੰਮੇਦਾਰੀ ਸਾਡੇ ਘਰ ਦੀ ਹੀ ਸੀ। ਚਾਹੇ ਅਜੇ ਮੈ ਚੋਥੀ ਜਮਾਤ ਵਿਚ ਪੜ੍ਹਦਾ ਸੀ ਪਰ ਸੇਠਾਂ ਦਾ ਮੁੰਡਾ ਤੇ ਹੈਡ ਮਾਸਟਰ ਦੇ ਕਰੀਬੀ ਹੋਣ ਕਰਕੇ ਜਰੂਰੀ ਭਾਂਡੇ ਵੀ ਮੈ ਹੀ ਘਰੋਂ ਲੈ ਕੇ ਆਇਆ। ਸ੍ਰੀ ਅਖੰਡ ਪਾਠ ਜੀ ਦੇ ਪ੍ਰਕਾਸ਼ ਤੋ ਇੱਕ ਦਿਨ ਪਹਿਲਾ ਮੈ ਸ਼ਹਿਰ ਸੀਣਾ ਦਿੱਤਾ ਆਪਣਾ ਨਵਾਂ ਕੁੜਤਾ ਪਜਾਮਾ ਦਰਜਿਆਨੀ ਕੋਲੋ ਲੈਣ ਗਿਆ। ਉਸ ਦਿਨ ਸਾਡੇ ਪਿੜਾਂ ਵਿਚ ਮਜਦੂਰ ਅਰਹਰ ਕੱਢ ਰਹੇ ਸੀ ਵਾਪੀਸੀ ਤੇ ਸ਼ਾਮੀ ਮੈ ਸਾਇਕਲ ਤੇ ਪਿੜਾਂ ਚ ਗੇੜਾ ਮਾਰਨ ਚਲਾ ਗਿਆ। ਓਦੋ ਮੈ ਅਜੇ ਸਾਈਕਲ ਦੀ ਕੈਂਚੀ ਹੀ ਸਿਖੀ ਸੀ। ਸਾਇਕਲ ਚਲਾਉਂਦੇ ਸਮੇ ਪਿੜ ਚ ਪਈ ਇੱਟ ਨਾਲ ਅਟਕ ਕੇ ਮੇਰਾ ਸਾਇਕਲ ਡਿਗ ਪਿਆ ਤੇ ਮੈ ਸਾਇਕਲ ਥੱਲੇ ਆ ਗਿਆ। ਮੈਨੂੰ ਸਾਇਕਲ ਦੇ ਕੈਰੀਅਰ ਤੇ ਬਿਠਾ ਕੇ ਘਰੇ ਲਿਆਂਦਾ ਗਿਆ। ਦਰਦ ਨਾਲ ਮੇਰਾ ਬੁਰਾ ਹਾਲ ਸੀ। ਅਗਲੇ ਦਿਨ ਡੱਬਵਾਲੀ ਪਿੰਡੋਂ ਬੋਘਾ ਸਿੰਘ ਨਾਮ ਦੇ ਕਿਸੇ ਸਿਆਣੇ ਨੂੰ ਬੁਲਾਇਆ ਗਿਆ ਤੇ ਉਸ ਨੇ ਦਸਿਆ ਕੇ ਲੱਤ ਦੀ ਹੱਡੀ ਟੁੱਟ ਗਈ ਹੈ। ਇੱਕ ਝਟਕੇ ਨਾਲ ਮੇਰੀ ਟੁਟੀ ਲੱਤ ਖਿਚ ਕੇ ਬਾਂਸ ਦੀਆਂ ਫੱਟੀਆਂ ਨਾਲ ਮੇਰੀ ਲੱਤ ਬੰਨ ਦਿੱਤੀ ਗਈ। ਤੇ ਮੰਜੇ ਤੇ ਪਾ ਦਿੱਤਾ। ਸਕੂਲ ਵਾਲਾ ਪ੍ਰੋਗਰਾਮ ਮੇਰੇ ਲਈ ਸੁਫਨਾ ਬਣ ਗਿਆ। ਪਾਠੀ ਸਾਹਿਬਾਨ ਦੀ ਗੁਰਬਾਣੀ ਪੜ੍ਹਦਿਆਂ ਦੀ ਸਪੀਕਰ ਕੇ ਅਉਂਦੀ ਆਵਾਜ਼ ਮੈਨੂ ਹੋਰ ਵੀ ਪਰੇਸ਼ਾਨ ਕਰ ਰਹੀ ਸੀ। ਨਗਰ ਕੀਰਤਨ ਵਾਲੇ ਦਿਨ ਜਦੋ ਟ੍ਰੇਕ੍ਟਰ ਟਰਾਲੀਆਂ ਸਾਡੀ ਗਲੀ ਦੇ ਨੇੜੇ ਆਈਆਂ ਤਾਂ ਮੈ ਨਗਰ ਕੀਰਤਨ ਵੇਖਣ ਦੀ ਜਿੱਦ ਕੀਤੀ ਪਰ ਮੈਨੂੰ ਲੈ ਜਾਣਾ ਮੁਸ਼ਕਿਲ ਸੀ। ਹੈਡ ਮਾਸਟਰ ਸਾਹਿਬ ਜੀ ਨੇ ਦੋ ਤਿੰਨ ਵਾਰ ਸਪੀਕਰ ਚ ਬੋਲਿਆ ਕੀ ਸਾਡਾ ਇੱਕ ਵਿਦਿਆਰਥੀ ਜਖਮੀ ਹਾਲਤ ਵਿਚ ਘਰੇ ਪਿਆ ਹੈ। ਅਸੀਂ ਵਾਹੇਗੁਰੁ ਅੱਗੇ ਉਸਦੀ ਤੰਦਰੁਸਤੀ ਦੀ ਦੂਆ ਕਰਦੇ ਹਾਂ। ਜਦੋ ਮੈਨੂੰ ਦਸਿਆ ਕੀ ਫਲਾਨਾ ਫਲਾਣਾ ਪੰਜ ਪਿਆਰੇ ਬਣੇ ਸਨ ਤਾਂ ਮੈਨੂ ਮੇਰੀ ਸੱਟ ਦਾ ਹੋਰ ਵੀ ਅਫਸੋਸ ਹੋਇਆ। ਕਿਉਂਕਿ ਮੈ ਪਹਿਲਾ ਕਦੇ ਪੰਜ ਪਿਆਰੇ ਬਣੇ ਬੰਦੇ ਨਹੀ ਸੀ ਵੇਖੇ। ਉਸ ਸਮੇ ਫੋਟੋਗ੍ਰਾਫੀ ਦਾ ਵੀ ਬਹੁਤਾ ਚਲਣ ਨਹੀ ਸੀ। ਲਗਭਗ ਚਾਰ ਮਹੀਨਿਆਂ ਮਗਰੋ ਮੈ ਸਕੂਲ ਗਿਆ। ਪਰ ਸਾਰੇ ਉਸ ਪੰਜ ਸੋ ਸਾਲਾ ਦਿਵਸ ਨੂੰ ਭੁੱਲ ਚੁੱਕੇ ਸਨ। ਪਰ ਮੇਰੇ ਮਨ ਵਿਚ ਅਜੇ ਵੀ ਉਸ ਦਿਨ ਬਾਰੇ ਹੋਰ ਜ਼ਿਆਦਾ ਜਾਣਨ ਦੀ ਤਾਂਘ ਸੀ। ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਮੇਰੇ ਪੱਲੇ।
#ਰਮੇਸ਼ਸੇਠੀਬਾਦਲ