“ਹਾਂਜੀ ਕਿੰਨੇ ਨੰਬਰ ਦੇ ਜਾਣਾ ਹੈ ਤੁਸੀਂ।” ਸ਼ੀਸ਼ ਮਹਿਲ ਦੇ ਦੋ ਨੰਬਰ ਪਾਰਕ ਕੋਲ੍ਹ ਖੜ੍ਹੇ ਅੱਧਖੜ ਜਿਹੀ ਉਮਰ ਦੇ ਜੋੜੇ ਨੂੰ ਪ੍ਰੇਸ਼ਾਨ ਜਿਹਾ ਵੇਖਕੇ ਮੈਂ ਗੱਡੀ ਰੋਕਕੇ ਪੁੱਛਿਆ। ਅਸੀਂ ਦੋਨੋਂ ਪੋਤੀ ਨੂੰ ਨਾਲ ਲੈਕੇ ਨਾਲਦੀ ਮਾਰਕੀਟ ਤੋਂ ਫਰੂਟ ਲੈਣ ਚੱਲੇ ਸੀ।
“ਆਹ ਤੁਸੀਂ ਗੱਲ ਕਰ ਲਵੋ ਜੀ।” ਚਿੱਟੇ ਕੁੜਤੇ ਪਜਾਮੇ ਵਾਲੇ ਸਰਦਾਰ ਜੀ ਨੇ ਆਪਣਾ ਛੋਟਾ ਜਿਹਾ ਨੋਕੀਆ ਦਾ ਫੋਨ ਮੈਨੂੰ ਗੱਲ ਕਰਨ ਲਈ ਫੜ੍ਹਾ ਦਿੱਤਾ।
“ਹੈਲੋ।” ਮੈਂ ਆਪਣਾ ਤਾਰੂਫ ਕਰਾਏ ਬਿਨਾਂ ਸਿੱਧਾ ਹੀ ਕਿਹਾ।
“ਸਰ ਜੀ ਤੁਸੀਂ ਕਿਥੋਂ ਬੋਲਦੇ ਹੋ?” ਫੋਨ ਕਰਨ ਵਾਲੇ ਨੇ ਬੜੀ ਹਲੀਮੀ ਤੇ ਅਦਬ ਨਾਲ ਪੁੱਛਿਆ।
“ਇਹ ਨੰਬਰ ਦੋ ਪਾਰਕ ਦੇ ਕਾਰਨਰ ਤੇ ਖੜ੍ਹੇ ਹਨ। ਕਿੰਨੇ ਨੰਬਰ ਕੋਠੀ ਹੈ ਤੁਹਾਡੀ।” ਮੈਂ ਸਿੱਧੀ ਕੰਮ ਦੀ ਗੱਲ ਪੁੱਛੀ।
“ਇੱਕ ਸੋ ਚੁਤਾਲੀ ਨੰਬਰ।” ਉਧਰੋਂ ਆਵਾਜ਼ ਆਈ।
“ਠੀਕ ਹੈ ਇਹ ਤਾਂ ਅੰਡਰ ਬ੍ਰਿਜ ਦੇ ਨਾਲ ਹੀ ਹੈ। ਮੈਂ 114 ਵਾਲਾ ਬੋਲਦਾ ਹਾਂ।” ਮੈਂ ਦੱਸਿਆ। ਮੇਰੇ ਵੀ ਯਾਦ ਆਇਆ ਕਿ ਪਿਛਲੇ ਹਫਤੇ ਮੇਰੀ ਇੱਕ ਡਾਕ 114 ਦੀ ਬਜਾਇ 144 ਪਹੁੰਚ ਗਈ ਸੀ। ਜੋ ਮੈਂ ਜਾਕੇ ਲ਼ੈ ਆਇਆ ਸੀ। ਖੈਰ ਮੈਂ ਉਸ ਜੋੜੇ ਨੂੰ ਨਕਸ਼ਾ ਸਮਝਾ ਦਿੱਤਾ ਕਿ ਸਿੱਧਾ ਜਾਕੇ ਖੱਬੇ ਮੁੜਨਾ ਹੈ। ਤੀਜਾ ਮਕਾਨ ਹੈ। ਉਹ ਦੋਨੋ ਸ਼ੁਕਰੀਆ ਕਹਿਕੇ ਅੱਗੇ ਵੱਧ ਗਏ।ਤੇ ਅਸੀਂ ਵੀ ਗੱਡੀ ਤੋਰ ਲਈ।
“ਆਪਾਂ ਗਲਤੀ ਕਰੀ। ਉਹਨਾਂ ਨੂੰ ਕਾਰ ਚ ਬਿਠਾਕੇ 144 ਛੱਡ ਆਉਂਦੇ।” ਸ਼ੀਸ਼ ਮਹਿਲ ਦੀ ਸਿਕਉਰਿਟੀ ਪੋਸਟ ਕੋਲ੍ਹ ਪਹੁੰਚਕੇ ਮੇਰੇ ਨਾਲਦੀ ਨੇ ਮੈਨੂੰ ਕਿਹਾ।
“ਹਾਂ।” ਢਿੱਲੇ ਜਿਹੇ ਮੂੰਹ ਨਾਲ ਮੈਂ ਉਸ ਦੀ ਤਾਈਦ ਕੀਤੀ। ਪਛਤਾਵਾ ਮੈਨੂੰ ਵੀ ਹੋਇਆ।
“ਜੇ ਮੈਂ ਕਹਿ ਦਿੰਦਾ ਤਾਂ ਤੂੰ ਮੇਰੇ ਗਲ ਹੀ ਪੈ ਜਾਣਾ ਸੀ।” ਮੂੰਹ ਨਾਲ ਤਾਂ ਨਹੀਂ ਮੈਂ ਦਿਲ ਹੀ ਦਿਲ ਚ ਕਿਹਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ